
ਸੋਸ਼ਲ ਮੀਡੀਆ 'ਤੇ ਨੌਜਵਾਨਾਂ ਦੇ ਹੱਥੀਂ ਕੰਮ ਕਰਨ ਵਾਲੀਆਂ ਪੋਸਟਾਂ ਦੀ ਭਰਮਾਰ
ਚੰਡੀਗੜ੍ਹ : ਕਰੋਨਾ ਕਾਲ ਦੌਰਾਨ ਪੰਜਾਬ ਦੀ ਅਜੋਕੀ ਨੌਜਵਾਨ ਪੀੜ੍ਹੀ, ਉਨ੍ਹਾਂ ਨੂੰ ਨਿਕੰਮੇ ਤੇ ਹੱਥੀ ਕੰਮ ਨਾ ਕਰਨ ਵਾਲੇ ਕਹਿਣ ਵਾਲਿਆਂ ਨੂੰ ਢੁਕਵਾਂ ਜਵਾਬ ਦੇਣ 'ਚ ਸਫ਼ਲ ਸਾਬਤ ਹੋ ਰਹੀ ਹੈ। ਕਰੋਨਾ ਮਾਹਮਾਰੀ ਦੇ ਪ੍ਰਕੌਪ ਦੌਰਾਨ ਪ੍ਰਵਾਸੀ ਮਜਦੂਰਾਂ ਦੇ ਅਪਣੇ ਪਿਤਰੀ ਰਾਜਾਂ ਵੱਲ ਪਰਤ ਜਾਣ ਤੋਂ ਬਾਅਦ ਖੇਤੀ ਪ੍ਰਧਾਨ ਸੂਬੇ ਪੰਜਾਬ ਅੰਦਰ ਮਜ਼ਦੂਰਾਂ ਦੀ ਘਾਟ ਨੂੰ ਲੈ ਕੇ ਵੱਡੀ ਚਿੰਤਾ ਜਿਤਾਈ ਜਾ ਰਹੀ ਸੀ। ਪਰ ਕਣਕ ਦੀ ਵਾਢੀ ਦੇ ਲੰਘੇ ਸੀਜ਼ਨ ਦੌਰਾਨ ਪੰਜਾਬੀ ਨੌਜਵਾਨਾਂ ਨੇ ਹੱਥੀਂ ਕੰਮ ਕਰਨ ਦੀ ਅਪਣੀ ਕਾਬਲੀਅਤ ਦਾ ਮੁਜ਼ਾਹਰਾ ਕਰ ਕੇ ਸੱਭ ਨੂੰ ਹੈਰਾਨ ਕਰ ਦਿਤਾ ਸੀ।
paddy sowing
ਇਸ ਤੋਂ ਅੱਗੇ ਝੋਨੇ ਦੀ ਲਵਾਈ ਦਾ ਸੀਜ਼ਨ ਆ ਗਿਆ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਕਣਕ ਦੀ ਵੱਢਾਈ ਅਤੇ ਮੰਡੀਕਰਨ ਦੇ ਕੰਮ ਵਿਚ ਭਾਵੇਂ ਪੰਜਾਬੀਆਂ ਨੇ ਪ੍ਰਵਾਸੀ ਮਜ਼ਦੂਰਾਂ ਤੋਂ ਬਿਨਾਂ ਸਾਰ ਲਿਆ ਹੈ ਪਰ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ, ਉਹ ਇਸ ਕੰਮ ਨੂੰ ਨਹੀਂ ਕਰ ਸਕਣਗੇ, ਕਿਉਂਕਿ ਝੋਨੇ ਦੀ ਲੁਆਈ ਦੇ ਕੰਮ ਨੂੰ ਬਹੁਤ ਸਖ਼ਤ ਅਤੇ ਅਕਾਊਂ ਮੰਨਿਆ ਜਾਂਦਾ ਹੈ। ਪਰ ਪੰਜਾਬੀ ਨੌਜਵਾਨਾਂ ਨੇ ਇਸ ਭਰਮ ਨੂੰ ਵੀ ਤੋੜ ਵਿਖਾਇਆ ਹੈ।
paddy sowing
ਪੰਜਾਬ ਅੰਦਰ ਚੱਲ ਰਹੇ ਝੋਨੇ ਦੇ ਸੀਜਨ ਦੌਰਾਨ ਭਾਵੇਂ ਹੁਣ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਵੀ ਸ਼ੁਰੂ ਹੋ ਗਈ ਹੈ, ਪਰ ਜਿਸ ਹਿੰਮਤ ਤੇ ਸਿਰੜ ਨਾਲ ਪੰਜਾਬੀਆਂ ਨੇ ਇਸ ਔਖੇ ਕੰਮ ਨੂੰ ਹੱਥੀਂ ਕਰਨ ਦਾ ਬੀੜਾ ਚੁਕਿਆ ਹੈ, ਉਸ ਨੇ ਸਭ ਮਿੱਥਾਂ ਨੂੰ ਝੂਠੀਆਂ ਸਾਬਤ ਕਰ ਦਿਤਾ ਹੈ। ਹੁਣ ਪੰਜਾਬ ਅੰਦਰ ਝੋਨੇ ਦੀ ਲੁਆਈ 'ਚ ਪ੍ਰਵਾਸੀ ਮਜ਼ਦੂਰਾਂ ਤੋਂ ਜ਼ਿਆਦਾ ਸਥਾਨਕ ਲੇਵਰ ਕੰਮ ਕਰਦੀ ਵਿਖਾਈ ਦਿੰਦੀ ਹੈ। ਇਸ ਵਿਚ ਜਿੱਥੇ ਔਰਤਾਂ ਵੱਧ ਚੜ੍ਹ ਕੇ ਹਿੱਸਾ ਲੈ ਰਹੀਆਂ ਹਨ ਉਥੇ ਪੰਜਾਬ ਦੇ ਨੌਜਵਾਨਾਂ ਦੀ ਇਸ ਵਿਚ ਵੱਡੀ ਸ਼ਮੂਲੀਅਤ ਨੇ ਪੰਜਾਬੀ ਨੌਜਵਾਨ ਸਿਰ ਲੱਗੇ ਹੱਥੀਂ ਕੰਮ ਨਾ ਕਰਨ ਦੇ ਦਾਗ਼ ਨੂੰ ਧੌਣ ਦਾ ਕੰਮ ਕੀਤਾ ਹੈ।
paddy sowing
ਇੰਨਾ ਹੀ ਨਹੀਂ, ਪੰਜਾਬ ਅੰਦਰ ਇਸ ਸਮੇਂ ਪਰਵਾਰਕ ਅਤੇ ਭਾਈਚਾਰਕ ਸਾਂਝ ਦੀਆਂ ਉਦਾਹਰਨਾਂ ਵੀ ਸਾਹਮਣੇ ਆ ਰਹੀਆਂ ਹਨ। ਕਈ ਥਾਈ ਸਥਾਨਕ ਔਰਤਾਂ ਅਤੇ ਮੁਟਿਆਰਾ ਗਰੁੱਪ ਬਣਾ ਕੇ ਝੋਨੇ ਦੀ ਲੁਆਈ ਕਰਦੀਆਂ ਨਜ਼ਰੀ ਪੈ ਜਾਂਦੀਆਂ ਹਨ। ਇਸੇ ਤਰ੍ਹਾਂ ਪੰਜਾਬੀ ਨੌਜਵਾਨਾਂ ਵਲੋਂ ਵੀ ਅਪਣੇ ਗਰੁੱਪ ਬਣਾ ਕੇ ਝੋਨੇ ਦੀ ਲੁਆਈ 'ਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਕਈ ਥਾਈ ਪੰਜਾਬੀਆਂ ਦੀ ਪਰਵਾਰਕ ਸਾਂਝ ਵੀ ਪਕੇਰੀ ਹੁੰਦੀ ਵਿਖਾਈ ਰਹੀ ਹੈ। ਪਰਵਾਰਾਂ ਵਲੋਂ ਝੋਨੇ ਦੀ ਹੱਥੀ ਲੁਆਈ ਕਰ ਕੇ ਜਿੱਥੇ ਮਾਇਕੀ ਲਾਭ ਉਠਾਇਆ ਜਾ ਰਿਹਾ ਹੈ ਉਥੇ ਪਰਵਾਰ ਨੂੰ ਇਕੱਠੇ ਵਿਚਰਨ ਅਤੇ ਕੰਮ ਕਰਨ ਦਾ ਅਵਸਰ ਵੀ ਮਿਲ ਰਿਹਾ ਹੈ।
paddy sowing
ਇਸ ਸਭ ਦਾ ਸ਼ੋਸ਼ਲ ਮੀਡੀਆ 'ਤੇ ਵੀ ਖ਼ੂਬ ਪ੍ਰਚਾਰ ਹੋ ਰਿਹਾ ਹੈ। ਪਹਿਲਾਂ ਸ਼ੋਸ਼ਲ ਮੀਡੀਆ 'ਤੇ ਪੰਜਾਬੀ ਨੌਜਵਾਨਾਂ ਦਾ ਅਕਸ ਵਿਹਲੜ, ਕਾਰਾਂ, ਜੀਪਾਂ ਅਤੇ ਮੋਟਰ ਸਾਈਕਲਾਂ 'ਤੇ ਮਟਰਗਸ਼ਤੀਆਂ ਕਰਨ ਵਾਲਾ ਹੁੰਦਾ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਹੁਣ ਇਹ ਨੌਜਵਾਨ ਖੇਤਾਂ ਵਿਚ ਸਿਖ਼ਰ ਦੁਪਹਿਰੇ ਕੜਕਦੀ ਧੁੱਪ ਵਿਚ ਮਾਪਿਆਂ ਨਾਲ ਝੋਨਾ ਲਾਉਂਦੇ ਨਜ਼ਰੀ ਆਉਂਦੇ ਹਨ, ਜਿਸ ਦਾ ਜ਼ਿਕਰ ਸ਼ੋਸਲ ਮੀਡੀਆ 'ਚ ਵੀ ਹੋ ਰਿਹਾ ਹੈ।
paddy sowing
ਸੋਸ਼ਲ ਮੀਡੀਆ 'ਚ ਵਾਇਰਲ ਇਕ ਪੋਸਟ 'ਚ ਕਿਸਾਨਾਂ ਨੇ ਦਸਿਆ ਕਿ ਉਨ੍ਹਾਂ ਨੇ ਕੁੱਝ ਅਗਾਂਹਵਧੂ ਕਿਸਾਨਾਂ ਅਤੇ ਨੌਜਵਾਨਾਂ ਦਾ ਗਰੁੱਪ ਬਣਾਇਆ ਹੈ ਜਿਸ ਵਿਚ 42 ਦੇ ਕਰੀਬ ਵਿਅਕਤੀ ਸ਼ਾਮਲ ਹਨ। ਇਹ ਸਾਰੇ ਕਿਸਾਨ ਅਤੇ ਨੌਜਵਾਨ ਇਕੱਠੇ ਹੋ ਕੇ ਇਕ ਦਿਨ ਵਿਚ ਤਕਰੀਬਨ 16 ਕਿਲੇ ਦੇ ਕਰੀਬ ਝੋਨਾ ਲਾ ਦਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਨੇ ਲੋਕਾਂ ਦੀ ਉਸ ਧਾਰਨਾ ਨੂੰ ਗ਼ਲਤ ਸਾਬਤ ਕਰ ਦਿਤਾ ਹੈ ਜਿਸ ਵਿਚ ਕਿਹਾ ਜਾਂਦਾ ਸੀ ਕਿ ਜੱਟਾਂ ਦੇ ਮੁੰਡੇ ਹੱਥੀਂ ਕੰਮ ਨਹੀਂ ਕਰਦੇ। ਸਰਹੱਦੀ ਖੇਤਰ ਦੇ ਇਨ੍ਹਾਂ ਨੌਜਵਾਨਾਂ ਤੋਂ ਸੇਧ ਲੈਂਦਿਆਂ ਸਮੂਹ ਪੰਜਾਬੀਆਂ ਨੂੰ ਅਪਣੇ ਖੇਤਾਂ 'ਚ ਖੁਦ ਕੰਮ ਕਰਨ ਦੀ ਪਿਰਤ ਪਾਉਣ ਦੀ ਲੋੜ ਹੈ ਤਾਂ ਜੋ ਪੰਜਾਬ ਅੰਦਰ ਪੁਰਾਣੀ ਹੱਥੀਂ ਕੰਮ ਕਰਨ ਦੀ ਪਿਰਤ ਨੂੰ ਪੱਕੇ-ਪੈਰੀਂ ਕੀਤੀ ਜਾ ਸਕੇ।