
ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ
Bhakra dam Water : ਪੰਜਾਬ-ਹਰਿਆਣਾ ਲਈ ਬਿਜਲੀ ਅਤੇ ਪਾਣੀ ਲਈ ਮਹੱਤਵਪੂਰਨ ਭਾਖੜਾ ਡੈਮ ਤੋਂ ਅੱਜ ਸਵੇਰੇ ਟਰਬਾਈਨਾਂ ਰਾਹੀਂ ਪਾਣੀ ਛੱਡਿਆ ਗਿਆ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਇਸ ਸਬੰਧੀ 2 ਦਿਨ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀ ਸੀ। ਇਸ ਦੌਰਾਨ ਐਸਡੀਐਮ ਨੰਗਲ ਨੇ ਲੋਕਾਂ ਨੂੰ ਦਰਿਆ ਕੰਢੇ ਨਾ ਜਾਣ ਦੀ ਸਲਾਹ ਦਿੱਤੀ ਹੈ।
ਇਸ ਦੇ ਨਾਲ ਹੀ ਵਿਭਾਗਾਂ ਨੂੰ ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਅਗਾਮੀ ਪ੍ਰਬੰਧ ਕਰਨ ਲਈ ਮੀਟਿੰਗ ਬੁਲਾਈ ਗਈ ਹੈ। ਅੱਜ ਸਵੇਰੇ 6 ਵਜੇ ਦਰਜ ਕੀਤੇ ਗਏ ਅੰਕੜਿਆਂ ਅਨੁਸਾਰ ਭਾਖੜਾ ਡੈਮ ਦੇ ਪਿੱਛੇ ਬਣੀ ਗੋਵਿੰਦ ਸਾਗਰ ਝੀਲ 'ਚ 23140 ਕਿਊਸਿਕ ਅਤੇ ਆਊਟਫਲੋ 22905 ਕਿਊਸਿਕ ਹੈ। ਇੱਥੋਂ ਨੰਗਲ ਡੈਮ ਤੋਂ 4500 ਕਿਊਸਿਕ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾਵੇਗਾ।
ਰੋਜ਼ਾਨਾ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ
ਪ੍ਰਸ਼ਾਸਨ ਨੇ ਸਵੇਰੇ 8 ਵਜੇ 1000 ਕਿਊਸਿਕ, ਫਿਰ ਹਰ 1 ਘੰਟੇ ਬਾਅਦ 1000 ਕਿਊਸਿਕ ਪਾਣੀ ਨੰਗਲ ਡੈਮ ਤੋਂ ਛੱਡਣ ਦਾ ਮੈਪ ਤਿਆਰ ਕੀਤਾ ਹੈ। ਸਤਲੁਜ ਦਰਿਆ ਵਿੱਚ ਪਹਿਲਾਂ ਹੀ 640 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਅੱਜ ਨੰਗਲ ਡੈਮ ਤੋਂ ਕਰੀਬ 4500 ਕਿਊਸਿਕ ਪਾਣੀ ਛੱਡਣ ਦੀ ਯੋਜਨਾ ਹੈ। ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਰਾਜਸਥਾਨ ਦੇ ਵੱਡੇ ਖੇਤਰਾਂ ਨੂੰ ਇਸ ਪਾਣੀ ਦਾ ਫਾਇਦਾ ਹੋਵੇਗਾ।
ਹੜ੍ਹਾਂ ਤੋਂ ਬਚਣ ਲਈ ਯੋਜਨਾ ਬਣਾਈ
ਪ੍ਰਸ਼ਾਸਨ ਨੇ ਸਤਲੁਜ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਦਰਿਆ ਦੇ ਨੇੜੇ ਨਾ ਜਾਣ ਕਿਉਂਕਿ ਪਾਣੀ ਦਾ ਪੱਧਰ ਕਿਸੇ ਵੀ ਸਮੇਂ ਵੱਧ ਸਕਦਾ ਹੈ। ਦੱਸ ਦੇਈਏ ਕਿ ਇਸ ਵਾਰ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਵੱਧ ਦਰਜ ਕੀਤਾ ਜਾ ਰਿਹਾ ਹੈ। ਸੂਤਰਾਂ ਅਨੁਸਾਰ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਡੈਮ ਪ੍ਰਸ਼ਾਸਨ ਨੇ ਸਮੇਂ-ਸਮੇਂ 'ਤੇ ਪਹਿਲਾਂ ਹੀ ਪਾਣੀ ਛੱਡਣ ਦੀ ਯੋਜਨਾ ਬਣਾਈ ਹੈ।