
ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੈਤ ਮਲਿਕ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਕੇਂਦਰ ਵਲੋਂ ਪੰਜਾਬ ਲਈ ਦਿੱਤੇ ਵਿਕਾਸ ਪ੍ਰਾਜੈਕਟਾਂ ਦੇ ਰਾਹ.............
ਬਠਿੰਡਾ : ਪੰਜਾਬ ਭਾਜਪਾ ਦੇ ਪ੍ਰਧਾਨ ਤੇ ਰਾਜ ਸਭਾ ਮੈਂਬਰ ਸਵੈਤ ਮਲਿਕ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਕੇਂਦਰ ਵਲੋਂ ਪੰਜਾਬ ਲਈ ਦਿੱਤੇ ਵਿਕਾਸ ਪ੍ਰਾਜੈਕਟਾਂ ਦੇ ਰਾਹ 'ਚ ਰੋੜੇ ਅਟਕਾਉਣ ਦੇ ਦੋਸ਼ ਲਗਾਉਂਦਿਆਂ ਮੁੱਖ ਮੰਤਰੀ ਨੂੰ ਸਮੂਹ ਪਾਰਟੀਆਂ ਦੇ ਐਮ.ਪੀਜ਼ ਦੀ ਜਲਦੀ ਮੀਟਿੰਗ ਸੱਦਣ ਲਈ ਕਿਹਾ ਹੈ। ਅੱਜ ਬਠਿੰਡਾ ਪੁੱਜੇ ਸੂਬਾਈ ਪ੍ਰਧਾਨ ਸ਼੍ਰੀ ਮਲਿਕ ਨੇ ਸਥਾਨਕ ਇੱਕ ਹੋਟਲ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਪੰਜਾਬ 'ਚ ਕੈਪਟਨ ਸਰਕਾਰ ਵੈਟੀਲੇਂਟਰ 'ਤੇ ਚੱਲ ਰਹੀ ਹੈ ਤੇ ਇਸ ਵਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੁਆਰਾ ਸ਼ੁਰੂ ਕਰਵਾਏ ਵਿਕਾਸ ਕੰਮਾਂ ਨੂੰ ਵੀ ਬੰਦ ਕਰਵਾਇਆ ਜਾ ਰਿਹਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ-ਨਾਲ ਬਾਦਲ ਪ੍ਰਵਾਰ ਦੀ ਵੀ ਵੱਡੀ ਪ੍ਰਸੰਸਾ ਕਰਦਿਆਂ ਭਾਜਪਾ ਪ੍ਰਧਾਨ ਨੇ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਨੂੰ ਸੂਬੇ ਵਿਚੋਂ ਚਲਦਾ ਕਰਨ ਲਈ ਪਾਰਟੀ ਵਲੋਂ 15 ਅਗੱਸਤ ਤੋਂ ਕਾਂਗਰਸ ਗੱਦੀ ਛੋਡੇ' ਪਦ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਜਿਹੜੀ ਲੁਧਿਆਣਾ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਸਾਰੇ ਕੋਨਿਆਂ ਵਿਚ ਪੁੱਜੇਗੀ। ਉਨ੍ਹਾਂ ਕਾਂਗਰਸ ਦੇ ਵਿਧਾਇਕਾਂ ਉਪਰ ਕੁਰਸੀ ਦੇ ਲਾਲਚ 'ਚ ਲੜਣ ਦੇ ਦਾਅਵੇ ਕਰਦਿਆਂ ਸਾਬਕਾ ਭਾਜਪਾ ਆਗੂ ਨਵਜੋਤ ਸਿੰਘ ਸਿੱਧੂ ਉਪਰ ਵੀ ਪ੍ਰਵਾਰਵਾਦ ਦੇ ਮੋਹ 'ਚ ਸਣ ਦੇ ਦੋਸ਼ ਲਗਾਏ।
ਭਾਜਪਾ ਆਗੂ ਨੇ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉਪਰ ਵੀ ਤਿੱਖੇ ਹਮਲੇ ਕਰਦਿਆਂ ਸੂਬੇ 'ਚ ਚੱਲ ਰਹੇ ਵੱਡੇ ਪ੍ਰਾਜੈਕਟਾਂ ਨੂੰ ਬੰਦ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਨੂੰ ਏਮਜ਼, ਆਈ.ਆਈ.ਐਮ, ਅੰਮ੍ਰਿਤਸਰ-ਫ਼ਿਰੋਜਪੁਰ ਲਿੰਕ ਅਤੇ ਐਗਰੋ ਫ਼ੂਡ ਟਰੈਨਿੰਗ ਵਰਗੇ ਹਜ਼ਾਰਾਂ ਕਰੋੜਾਂ ਦੇ ਪ੍ਰਾਜੈਕਟ ਦਿਤੇ ਪ੍ਰੰਤੂ ਕੈਪਟਨ ਸਰਕਾਰ ਇੰਨ੍ਹਾਂ ਨੂੰ ਸ਼ੁਰੂ ਹੋਣ ਤੋਂ ਰੋਕਣ ਲਈ ਰੁਕਾਵਟਾਂ ਖ਼ੜੀਆਂ ਕਰ ਰਹੀਆਂ ਹੈ।
ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਜਨਰਲ ਸਕੱਤਰ ਦਿਆਲ ਸੋਢੀ, ਸ਼ਹਿਰੀ ਪ੍ਰਧਾਨ ਵਿਨੋਦ ਬਿੰਟਾ, ਸੀਨੀਅਰ ਆਗੂ ਮੋਹਨ ਲਾਲ ਗਰਗ, ਅਸੋਕ ਭਾਰਤੀ, ਤਰਸੇਮ ਗੋਇਲ, ਗੁਰਮਿੰਦਰਪਾਲ ਕੌਰ ਮਾਂਗਟ, ਅਸੋਕ ਬਾਲਿਆਵਾਲੀ, ਵਰਿੰਦਰ ਸਰਮਾ ਆਦਿ ਹਾਜ਼ਰ ਸਨ।