
ਬੀਜੇਪੀ ਨੇਤਾ ਭੜਕਾਊ ਬਿਆਨਬਾਜ਼ੀ ਜਾਰੀ ਕਰਨ ਤਾਂ ਝੱਟ ਜ਼ਮਾਨਤ ਮਿਲ ਜਾਂਦੀ ਹੈ
ਨਵੀਂ ਦਿੱਲੀ, 12 ਅਗੱਸਤ : ਮੁਸਲਿਮ ਵਿਰੋਧੀ ਨਾਹਰੇ ਲਗਾਉਣ ਦੇ ਮਾਮਲੇ ਵਿਚ ਗਿ੍ਫ਼ਤਾਰ ਵਕੀਲ ਅਸ਼ਵਨੀ ਉਪਾਧਿਆਏ ਨੂੰ ਦਿੱਲੀ ਹਾਈ ਕੋਰਟ ਨੇ ਰਾਹਤ ਦਿਤੀ ਹੈ | ਸੋਸ਼ਲ ਮੀਡੀਆ ਉੱਤੇ ਅਸ਼ਵਨੀ ਦੀ ਰਿਹਾਈ ਨੂੰ ਲੈ ਕੇ ਲੋਕ ਵੱਖ-ਵੱਖ ਤਰ੍ਹਾਂ ਦੀ ਪ੍ਰਤੀਕਿਰਿਆ ਦੇ ਰਹੇ ਹਨ | ਇਸ ਦੌਰਾਨ ਟੀਐਮਸੀ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਵੀ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ |
ਉਨ੍ਹਾਂ ਟਵੀਟ ਕੀਤਾ ਕਿ ਮੁਸਲਿਮ ਕਾਮੇਡੀਅਨ ਨੂੰ 35 ਦਿਨ ਦੀ ਜੇਲ, ਮੁਸਲਿਮ ਪੱਤਰਕਾਰ ਨੂੰ ਕਈ ਮਹੀਨਿਆਂ ਦੀ ਜੇਲ ਪਰ ਭਾਜਪਾ ਬੁਲਾਰੇ ਨੂੰ ਨਫ਼ਰਤ ਭਰੇ ਭਾਸ਼ਣ ਸਬੰਧੀ ਪ੍ਰੋਗਰਾਮ ਆਯੋਜਤ ਕਰਨ ਲਈ 24 ਘੰਟਿਆਂ ਵਿਚ ਹੀ ਜ਼ਮਾਨਤ | ਕੀ ਮੈਂ ਇਕੱਲੀ ਹਾਂ ਜੋ ਸੋਚਦੀ ਹਾਂ ਕਿ ਇਹ ਪਾਗਲ ਹੈ? ਦਸਣਯੋਗ ਹੈ ਕਿ ਮਹੁਆ ਮੋਇਤਰਾ ਇਸ ਤੋਂ ਪਹਿਲਾਂ ਵੀ ਜੰਤਰ-ਮੰਤਰ ਉੱਤੇ ਇਕ ਧਰਮ ਵਿਸ਼ੇਸ਼ ਖ਼ਿਲਾਫ਼ ਭੜਕਾਊ ਭਾਸ਼ਣ ਖਿਲਾਫ਼ ਆਵਾਜ਼ ਉਠਾ ਚੁੱਕੀ ਹੈ |
ਜ਼ਿਕਰਯੋਗ ਹੈ ਕਿ 8 ਅਗਸਤ ਨੂੰ ਦਿੱਲੀ ਦੇ ਜੰਤਰ ਮੰਤਰ 'ਤੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਇਕ ਧਰਮ ਵਿਸ਼ੇਸ਼ ਖ਼ਿਲਾਫ਼ ਨਾਹਰੇਬਾਜ਼ੀ ਕੀਤੀ ਗਈ | ਇਸ ਦੌਰਾਨ ਅਸ਼ਵਨੀ ਉਪਾਧਿਆਏ ਸਮੇਤ 4 ਆਰੋਪੀਆਂ ਨੂੰ ਅਦਾਲਤ ਨੇ 2 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿਤਾ ਸੀ | ਜਦਕਿ ਦੋ ਹੋਰ ਆਰੋਪੀਆਂ ਨੂੰ ਇਕ ਦਿਨ ਲਈ ਪੁਲਿਸ ਹਿਰਾਸਤ ਵਿਚ ਭੇਜਿਆ ਗਿਆ ਸੀ | (ਏਜੰਸੀ)