
ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧੀ ਧਿਰ ਨੇ ਸਰਕਾਰ ਵਿਰੁਧ ਕਢਿਆ ਮਾਰਚ
ਰਾਹੁਲ ਨੇ ਰਾਜ ਸਭਾ 'ਚ ਹੋਈ 'ਧੱਕਾ-ਮੁੱਕੀ' ਨੂੰ 'ਲੋਕਤੰਤਰ ਦੀ ਹਤਿਆ' ਦਸਿਆ
ਨਵੀਂ ਦਿੱਲੀ, 12 ਅਗੱਸਤ : ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਰਾਹੁਲ ਗਾਂਧੀ ਦੀ ਅਗਵਾਈ 'ਚ ਵਿਰੋਧੀ ਤੇ ਹੋਰ ਆਗੂਆਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਤਕ ਪੈਦਲ ਮਾਰਚ ਕੱਢ ਕੇ ਰੋਸ ਪ੍ਰਦਰਸ਼ਨ ਕੀਤਾ | ਇਸ ਦੌਰਾਨ ਕਈ ਆਗੂਆਂ ਨੇ ਬੈਨਰ ਅਤੇ ਤਖ਼ਤੀਆਂ ਫੜੀਆਂ ਹੋਈਆਂ ਸਨ | ਬੈਨਰ 'ਤੇ 'ਅਸੀਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ' ਲਿਖਿਆ ਹੋਇਆ ਸੀ | ਵਿਰੋਧੀ ਆਗੂਆਂ ਨੇ 'ਜਾਸੂਸੀ ਬੰਦ ਕਰੋ', 'ਕਾਲੇ ਕਾਨੂੰਨ ਵਾਪਸ ਲਉ' ਅਤੇ ਲੋਕਤੰਤਰ ਦੀ ਹਤਿਆ ਬੰਦ ਕਰੋ ਦੇ ਨਾਹਰੇ ਵੀ ਲਗਾਏ | ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਰਾਜ ਸਭਾ 'ਚ ਕੁੱਝ ਮਹਿਲਾ ਸਾਂਸਦਾਂ ਨਾਲ ਕਥਿਤ ਤੌਰ 'ਤੇ ਹੋਈ 'ਧੱਕਾ-ਮੁੱਕੀ' ਦੀ ਘਟਨਾ ਨੂੰ ਵੀਰਵਾਰ ਨੂੰ 'ਲੋਕਤੰਤਰ ਦੀ ਹਤਿਆ' ਕਰਾਰ ਦਿਤਾ |
ਵਿਰੋਧੀ ਧਿਰਾਂ ਦੇ ਮਾਰਚ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸਰਕਾਰ ਤੋਂ ਪੈਗਾਸਸ ਨੂੰ ਬਹਿਸ ਕਰਨ ਲਈ ਕਿਹਾ ਪਰ ਸਰਕਾਰ ਨੇ ਪੈਗਾਸਸ 'ਤੇ ਬਹਿਸ ਕਰਨ ਤੋਂ ਨਾਂਹ ਕਰ ਦਿਤੀ | ਅਸੀਂ ਸੰਸਦ ਦੇ ਬਾਹਰ ਕਿਸਾਨਾਂ ਦਾ ਮੁੱਦਾ ਚੁੱਕਿਆ ਤੇ ਅਸੀਂ ਅੱਜ ਇਥੇ ਆਪਸੀ ਗੱਲ ਕਰਨ ਆਏ ਹਾਂ ਕਿਉਂਕਿ ਸਾਨੂੰ ਸੰਸਦ ਦੇ ਅੰਦਰ ਨਹੀਂ ਬੋਲਣ ਦਿਤਾ ਗਿਆ | ਇਹ ਦੇਸ਼ ਦੇ ਲੋਕਤੰਤਰ ਦੀ ਹਤਿਆ ਹੈ | ਰਾਹੁਲ ਨੇ ਕਿਹਾ ਕਿ ਸੰਸਦ 'ਚ ਦੇਸ਼ ਦੇ 60 ਫ਼ੀਸਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਗਿਆ ਹੈ | ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਸਾਧਦੇ ਹੋਏ ਦਾਅਵਾ ਕੀਤਾ, ''ਪ੍ਰਧਾਨ ਮੰਤਰੀ ਇਸ ਦੇਸ਼ ਨੂੰ ਵੇਚ ਰਹੇ ਹਨ |
ਉਹ ਦੇਸ਼ ਦੀ ਆਤਮਾ ਨੂੰ ਦੋ-ਤਿੰਨ ਉਦਯੋਗਪਤੀਆਂ ਨੂੰ ਵੇਚ ਰਹੇ ਹਨ |''
ਉਨ੍ਹਾਂ ਦੋਸ਼ ਲਾਇਆ ਕਿ ਰਾਜ ਸਭਾ ਦੇ ਅੰਦਰ ਸਾਂਸਦਾਂ ਨੂੰ ਕੁੱਟਿਆ ਗਿਆ ਹੈ |
ਰਾਜਸਭਾ 'ਚ ਵਿਰੋਧੀ ਮੈਂਬਰਾਂ ਨੇ ਬੁੱਧਵਾਰ ਨੂੰ ਸਦਨ 'ਚ ਹੋਈਆਂ ਘਟਨਾਵਾਂ ਨੂੰ ਲੈ ਕੇ ਸਰਕਾਰ 'ਤੇ ਦੋਸ਼ ਲਗਾਉਂਦੇ ਹੋਏ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਅਪਣੀ 55 ਸਾਲ ਦੀ ਸੰਸਦੀ ਸਿਆਸਤ 'ਚ ਅਜਿਹੀ ਹਾਲਤ ਨਹੀਂ ਦੇਖੀ ਕਿ ਮਹਿਲਾ ਸੰਸਦ ਮੈਂਬਰਾਂ 'ਤੇ ਸਦਨ ਦੇ ਅੰਦਰ ਹਮਲਾ ਕੀਤਾ ਗਿਆ ਹੋਵੇ | ਪਵਾਰ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਕੰਟਰੋਲ ਕਰਨ ਲਈ 40 ਤੋਂ ਵੱਧ ਪੁਰਸ਼ਾਂ ਤੇ ਮਹਿਲਾਵਾਂ ਨੂੰ ਬਾਹਰੋਂ ਸਦਨ 'ਚ ਲਿਆਇਆ ਗਿਆ | ਇਹ ਦਰਦਨਾਕ ਹੈ | ਇਹ ਇਕ ਹਮਲਾ ਹੈ |
ਕਾਂਗਰਸੀ ਆਗੂ ਮਲਿਕਾਰਜੁਨ ਖੜਗੇ ਤੇ ਡੇਰੇਕ ਓ ਬ੍ਰਾਅਨ ਸਮੇਤ ਕਈ ਹੋਰ ਵਿਰੋਧੀ ਸੰਸਦ ਮੈਂਬਰਾਂ ਨੇ ਵੀ ਸਰਕਾਰ 'ਤੇ ਹਮਲਾ ਬੋਲਿਆ | ਖੜਗੇ ਨੇ ਵੀ ਦੋਸ਼ ਲਗਾਇਆ ਕਿ ਵਿਰੋਧ-ਪ੍ਰਦਰਸ਼ਨ ਦੌਰਾਨ ਉੱਥੇ ਮੌਜੂਦ ਕੁਝ ਔਰਤਾਂ ਸੁਰੱਖਿਆ ਕਰਮੀਆਂ ਨੇ ਵਿਰੋਧੀ ਮਹਿਲਾ ਮੈਂਬਰਾਂ ਦੇ ਨਾਲ ਧੱਕਾ-ਮੁੱਕੀ ਕੀਤੀ ਤੇ ਉਨ੍ਹਾਂ ਦਾ ਅਪਮਾਨ ਕੀਤਾ | ਸਰਕਾਰ ਨੇ ਉਨ੍ਹਾਂ ਦੇ ਦੋਸ਼ ਨੂੰ ਸੱਚ ਤੋਂ ਪਰੇ ਦੱਸਦੇ ਹੋਏ ਖ਼ਾਰਜ ਕਰ ਦਿਤਾ ਹੈ |
ਉੱਥੇ ਹੀ ਸ਼ਿਵ ਸੇਨਾ ਸੰਸਦ ਮੈਂਬਰ ਪਿ੍ਅੰਕਾ ਚਤੁਰਵੇਦੀ ਨੇ ਸਰਕਾਰ ਦੀ ਨਿੰਦਾ ਕਰਦੇ ਹੋਏ ਦੋਸ਼ ਲਗਾਇਆ ਕਿ ਸਰਕਾਰ 'ਬੇਟੀ ਬਚਾਉ, ਬੇਟੀ ਪੜ੍ਹਾਉ' ਦੀ ਗੱਲ ਕਰਦੀ ਹੈ ਪਰ ਔਰਤਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਸੰਸਦ ਮੈਂਬਰਾਂ ਨਾਲ ਕੁੱਟਮਾਰ ਕੀਤੀ ਗਈ | ਚਤੁਰਵੇਦੀ ਨੇ ਕਿਹਾ ਜਿਸ ਤਰ੍ਹਾਂ ਮਹਿਲਾ ਸੰਸਦ ਮੈਂਬਰਾਂ ਨਾਲ ਬੁਰਾ ਵਿਵਹਾਰ ਕੀਤਾ ਗਿਆ ਤੇ ਸੰਸਦ ਮੈਂਬਰਾਂ ਦੇ ਨਾਲ ਗੁੰਡਿਆਂ ਦੀ ਤਰ੍ਹਾਂ ਵਿਵਹਾਰ ਕੀਤਾ ਗਿਆ ਉਨ੍ਹਾਂ ਨੂੰ ਧੱਕਾ ਦਿਤਾ ਗਿਆ ਤੇ ਉਨ੍ਹਾਂ ਨੂੰ ਚੁੱਪ ਰਹਿਣ ਦੀ ਧਮਕੀ ਦਿਤੀ, ਸ਼ਰਮਨਾਕ ਹੈ | ਮੈਂ ਸੰਸਦ 'ਚ ਲੋਕਾਂ ਦੀ ਆਵਾਜ਼ ਚੁੱਕਣ ਦੀ ਉਮੀਦ ਕਰ ਰਹੀ ਸੀ ਪਰ ਸਰਕਾਰ ਨੇ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ |
(ਏਜੰਸੀ)