
ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਸੂਚੀ ਹੈ।
ਨਵੀਂ ਦਿੱਲੀ: ਛੇ ਸਾਲਾਂ ਬਾਅਦ ਜ਼ਰੂਰੀ ਦਵਾਈਆਂ ਦੀ ਨਵੀਂ ਸੂਚੀ ਜਾਰੀ ਕੀਤੀ ਗਈ ਹੈ। ਇਹ ਜੇਬ 'ਤੇ ਭਾਰੂ ਨਹੀਂ ਹੋਵੇਗੀ ਕਿਉਂਕਿ ਇਸ 'ਤੇ ਕੀਮਤ ਕੈਪਿੰਗ ਲਾਗੂ ਹੋਵੇਗੀ। ਦਰਅਸਲ 2015 ਤੋਂ ਬਾਅਦ ਹੁਣ ਇਹ ਸੂਚੀ 2022 NELM (ਨੈਸ਼ਨਲ ਅਸੈਂਸ਼ੀਅਲ ਲਿਸਟ ਆਫ਼ ਮੈਡੀਸਨਜ਼) ਵਿਚ ਜਾਰੀ ਕੀਤੀ ਗਈ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ 2015 ਤੋਂ ਬਾਅਦ 2022 ਵਿਚ ਅੱਪਡੇਟ ਕਰਕੇ NELM ਤੁਹਾਡੇ ਸਾਹਮਣੇ ਹੈ।
ਕਾਫੀ ਲੰਬੀ ਪ੍ਰਕਿਰਿਆ ਤੋਂ ਬਾਅਦ ਇਸ ਵਿਚ ਕਿਸੇ ਦਵਾਈ ਨੂੰ ਸ਼ਾਮਲ ਕਿਤਾ ਜਾਂਦਾ ਹੈ। ਸੁਤੰਤਰ ਕਮੇਟੀ ਇਸ ਦਾ ਫੈਸਲਾ ਕਰਦੀ ਹੈ। 350 ਮਾਹਿਰਾਂ ਅਤੇ 140 ਵਾਰ ਸਲਾਹ ਕਰਨ ਤੋਂ ਬਾਅਦ ਇਹ ਸੂਚੀ ਤਿਆਰ ਕੀਤੀ ਗਈ ਹੈ। ਇਸ ਸੂਚੀ ਵਿਚ ਉਹ ਦਵਾਈਆਂ ਸ਼ਾਮਲ ਹਨ, ਜੋ ਸੁਰੱਖਿਆ, ਕਿਫਾਇਤੀ ਅਤੇ ਪਹੁੰਚਯੋਗਤਾ ਦੇ ਅਨੁਸਾਰ ਹਨ।
NPPA ਸੀਲਿੰਗ ਕੀਮਤ ਦਾ ਫੈਸਲਾ ਕਰੇਗਾ। ਕੰਪਨੀ ਵੱਲੋਂ ਦਵਾਈਆਂ ਦੀ ਬੇਲੋੜੀ ਕੀਮਤ ਨਹੀਂ ਵਧਾਈ ਜਾ ਸਕਦੀ। ਜੇਕਰ ਤੁਸੀਂ 384 ਦਵਾਈਆਂ ਵਿਚ ਲਗਭਗ ਸਾਰੀਆਂ ਦਵਾਈਆਂ ਨੂੰ ਮਿਲਾਓ, ਤਾਂ 1000 ਤੋਂ ਵੱਧ ਫਾਰਮੂਲੇ ਹੋਣਗੇ। ਇਸ ਦੀ ਕੀਮਤ ਹੁਣ ਸੋਧੀ ਜਾਵੇਗੀ ਤਾਂ ਜੋ ਹਰ ਕਿਸੇ ਨੂੰ ਸਸਤੀ ਦਵਾਈ ਮਿਲ ਸਕੇ।
ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪ੍ਰਵੀਨ ਪਵਾਰ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਨ ਸੂਚੀ ਹੈ। ਇਹ ਪ੍ਰਾਇਮਰੀ, ਸੈਕੰਡਰੀ ਅਤੇ ਤੀਜੇ ਦਰਜੇ ਦੀ ਦੇਖਭਾਲ ਲਈ ਬਹੁਤ ਮਹੱਤਵਪੂਰਨ ਹੈ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਾਡੇ ਦੇਸ਼ ਵਿਚ ਜੋ ਦਵਾਈ ਮਨਜ਼ੂਰ ਅਤੇ ਲਾਇਸੰਸਸ਼ੁਦਾ ਹੈ, ਉਹੀ ਦਵਾਈ ਇਸ ਸੂਚੀ ਵਿਚ ਹੈ। ਉਹਨਾਂ ਬਿਮਾਰੀਆਂ ਲਈ ਦਵਾਈਆਂ ਹਨ, ਜੋ ਜਨ ਸਿਹਤ ਦੇ ਮੁੱਦੇ ਹਨ। ਜਿਨ੍ਹਾਂ ਦਵਾਈਆਂ ਦੀ ਕੀਮਤ ਅਤੇ ਪ੍ਰਭਾਵਸ਼ੀਲਤਾ ਪ੍ਰਮਾਣਿਤ ਕੀਤੀ ਗਈ ਹੈ, ਉਹ ਦਵਾਈਆਂ ਇਸ ਸੂਚੀ ਵਿਚ ਹਨ। 2022 ਦੀ ਸੂਚੀ ਵਿਚ 384 ਦਵਾਈਆਂ ਹਨ। 34 ਨਵੀਆਂ ਦਵਾਈਆਂ ਸ਼ਾਮਲ ਕੀਤੀਆਂ ਗਈਆਂ ਹਨ ਅਤੇ 26 ਨੂੰ ਹਟਾ ਦਿੱਤਾ ਗਿਆ ਹੈ। 27 ਨੂੰ ਉਪਚਾਰਕ ਸ਼੍ਰੇਣੀ ਵਿਚ ਵੰਡਿਆ ਗਿਆ ਹੈ।