
ਥਾਣਾ ਸਿਟੀ 2 ਦੇ ਐਸ.ਐਚ.ਓ. ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ’ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ
ਖੰਨਾ: ਗਊ ਮਾਸ ਤਸਕਰੀ ਦੇ ਮਾਮਲੇ 'ਚ ਪੁਲਿਸ ਦੀ ਕਾਰਜਸ਼ੈਲੀ ਵਿਰੁਧ ਹਿੰਦੂ ਸੰਗਠਨਾਂ ਨੇ ਮੰਗਲਵਾਰ ਰਾਤ ਨੈਸ਼ਨਲ ਹਾਈਵੇਅ 'ਤੇ ਧਰਨਾ ਦਿਤਾ ਅਤੇ ਆਵਾਜਾਈ ਠੱਪ ਕਰ ਦਿਤੀ। ਇਸ ਦੌਰਾਨ ਥਾਣਾ ਸਿਟੀ 2 ਦੇ ਐਸ.ਐਚ.ਓ. ਇੰਸਪੈਕਟਰ ਕੁਲਜਿੰਦਰ ਸਿੰਘ ਗਰੇਵਾਲ ’ਤੇ ਗੰਭੀਰ ਇਲਜ਼ਾਮ ਲਗਾਏ ਗਏ ਸਨ। ਇਸ ਧਰਨੇ ਤੋਂ ਬਾਅਦ ਐਸ.ਐਸ.ਪੀ. ਅਮਨੀਤ ਕੌਂਡਲ ਵਲੋਂ ਸਖ਼ਤ ਕਾਰਵਾਈ ਕੀਤੀ ਗਈ।
ਸਿਟੀ ਥਾਣਾ 2 ਦੇ ਐਸ.ਐਚ.ਓ. ਕੁਲਜਿੰਦਰ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਉਸ ਵਿਰੁਧ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿਤੀ ਗਈ ਹੈ। ਐਤਵਾਰ ਨੂੰ ਫੜੇ ਗਏ ਬੀਫ ਕੰਟੇਨਰ ਦੇ ਮਾਮਲੇ ਵਿਚ ਐਫ.ਆਈ.ਆਰ. ਤੋਂ ਬਾਅਦ ਬਣਦੀ ਕਾਰਵਾਈ ਨਾ ਕਰਨ ਅਤੇ ਪੂਰੇ ਮਾਮਲੇ ਵਿਚ ਲਾਪਰਵਾਹੀ ਕਾਰਨ ਐਸ.ਐਚ.ਓ. ਨੂੰ ਮੁਅੱਤਲ ਕਰ ਦਿਤਾ ਗਿਆ ਸੀ। ਦੂਜੇ ਪਾਸੇ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਸ.ਐਸ.ਪੀ. ਕੌਂਡਲ ਦੀ ਇਸ ਕਾਰਵਾਈ ਦੀ ਸ਼ਲਾਘਾ ਕੀਤੀ। ਇਸ ਮਾਮਲੇ ਵਿਚ ਦੋ ਮੁਲਜ਼ਮ ਫਰਾਰ ਹਨ। ਪ੍ਰਦਰਸ਼ਨਕਾਰੀਆਂ ਨੇ ਐਸ.ਐਚ.ਓ. ’ਤੇ ਮੁਲਜ਼ਮਾਂ ਨੂੰ ਭਜਾਉਣ ਦੇ ਇਲਜ਼ਾਮ ਲਾਏ ਹਨ।
ਐਸ.ਐਸ.ਪੀ. ਅਮਨੀਤ ਕੌਂਡਲ ਨੇ ਸਿਟੀ ਥਾਣਾ 2 ਦੇ ਐਸ.ਐਚ.ਓ. ਕੁਲਜਿੰਦਰ ਸਿੰਘ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦਸਿਆ ਕਿ ਗਊ ਮਾਸ ਤਸਕਰੀ ਦੇ ਮਾਮਲਿਆਂ ਵਿਚ ਲਾਪਰਵਾਹੀ ਤੋਂ ਇਲਾਵਾ ਹੋਰ ਵੀ ਕਈ ਸ਼ਿਕਾਇਤਾਂ ਆਈਆਂ ਸਨ। ਜਿਸ ਦੇ ਆਧਾਰ 'ਤੇ ਐਸ.ਐਚ.ਓ. ਵਿਰੁਧ ਕਾਰਵਾਈ ਕੀਤੀ ਗਈ। ਐਸ.ਐਸ.ਪੀ. ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਡਿਊਟੀ ਵਿਚ ਲਾਪਰਵਾਹੀ ਵਰਤਣ ਵਾਲੇ ਮੁਲਾਜ਼ਮਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ।