
ਸੜਕਾਂ ਤੇ ਇਮਾਰਤਾਂ ਦਾ ਨਾਮ ਹੁਣ ਕਲਾ, ਸਭਿਆਚਾਰ, ਇਤਿਹਾਸ ਦੀਆਂ ਉੱਘੀਆਂ ਸ਼ਖਸੀਅਤਾਂ ਦੇ ਨਾਂ 'ਤੇ ਰੱਖਿਆ ਜਾਵੇਗਾ: ਵਿਜੈ ਇੰਦਰ ਸਿੰਗਲਾ
ਚੰਡੀਗੜ੍ਹ :ਕਲਾ ਅਤੇ ਸਭਿਆਚਾਰਕ ਖੇਤਰ ਦੀਆਂ ਉੱਘੀਆਂ ਸ਼ਖ਼ਸੀਅਤਾਂ ਦੇ ਯੋਗਦਾਨ ਨੂੰ ਬਣਦਾ ਮਾਣ ਸਨਮਾਨ ਦੇਣ ਲਈ ਵੱਡਾ ਫ਼ੈਸਲਾ ਲੈਂਦਿਆਂ ਪੰਜਾਬ ਦੇ ਲੋਕ ਨਿਰਮਾਣ ਵਿਭਾਗ ਵਲੋਂ ਸੜਕਾਂ ਅਤੇ ਇਮਾਰਤਾਂ ਦਾ ਨਾਂ ਰੱਖਣ ਦੀ ਆਪਣੀ ਨੀਤੀ ਵਿੱਚ ਸੋਧ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆਂ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੱਸਿਆ ਕਿ ਸੋਧ ਤੋਂ ਪਹਿਲਾਂ ਸੜਕਾਂ ਜਾਂ ਇਮਾਰਤਾਂ ਦਾ ਨਾਮ ਸਿਰਫ਼ ਧਾਰਮਿਕ ਸ਼ਖ਼ਸੀਅਤਾਂ, ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸਿਵਲ ਜਾਂ ਸੈਨਿਕ ਸ਼ਖ਼ਸੀਅਤਾਂ, ਜੰਗ ਦੇ ਸ਼ਹੀਦਾਂ, ਸੁਤੰਤਰਤਾ ਸੈਨਾਨੀਆਂ ਜਾਂ ਓਲੰਪਿਕ ਜਾਂ ਵਿਸ਼ਵ ਪੱਧਰ ਦੀ ਚੈਂਪੀਅਨਸ਼ਿਪ ਦੇ ਜੇਤੂਆਂ ਦੇ ਨਾਮ 'ਤੇ ਰੱਖਿਆ ਜਾਂਦਾ ਸੀ।
Kharar-Bassi Pathana Road named after noted Punjabi historian Giani Ditt Singh: Singla
ਕੈਬਨਿਟ ਮੰਤਰੀ ਨੇ ਕਿਹਾ, "ਸਾਡੀ ਸਰਕਾਰ ਨੇ ਇਸ ਨੀਤੀ ਵਿੱਚ ਪ੍ਰਸਿੱਧ ਪੰਜਾਬੀ ਇਤਿਹਾਸਕਾਰਾਂ ਅਤੇ ਸਾਡੇ ਪੰਜਾਬੀ ਸਭਿਆਚਾਰ ਦੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਸ ਸੋਧ ਅਨੁਸਾਰ ਸਭ ਤੋਂ ਪਹਿਲਾਂ ਸੜਕ ਦਾ ਨਾਮ ਪ੍ਰਸਿੱਧ ਪੰਜਾਬੀ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ।"
Kharar-Bassi Pathana Road named after noted Punjabi historian Giani Ditt Singh: Singla
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਤੋਂ ਬਾਅਦ ਉੱਘੇ ਪੰਜਾਬੀ ਇਤਿਹਾਸਕਾਰ ਗਿਆਨੀ ਦਿੱਤ ਸਿੰਘ ਦੇ ਸਮਾਜ ਪ੍ਰਤੀ ਯੋਗਦਾਨ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਖਰੜ-ਬੱਸੀ ਪਠਾਣਾਂ ਸੜਕ (ਓ.ਡੀ.ਆਰ.-12) ਦਾ ਨਾਮ ਗਿਆਨੀ ਜੀ ਦੇ ਨਾਮ 'ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ 12.45 ਕਿਲੋਮੀਟਰ ਲੰਮੀ ਇਸ ਸੜਕ ਦੀ ਮੁਰੰਮਤ ਦਾ ਕੰਮ ਵੀ ਚੱਲ ਰਿਹਾ ਹੈ, ਜਿਸ ਦੀ ਅਨੁਮਾਨਤ ਲਾਗਤ 4.68 ਕਰੋੜ ਰੁਪਏ ਹੈ ਅਤੇ ਇਹ ਕੰਮ 31 ਮਾਰਚ, 2021 ਤੱਕ ਮੁਕੰਮਲ ਕਰ ਦਿੱਤਾ ਜਾਵੇਗਾ।
CM Amarinder Singh
ਸ੍ਰੀ ਸਿੰਗਲਾ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਪ੍ਰਸਿੱਧ ਇਤਿਹਾਸਕਾਰ ਹੋਣ ਦੇ ਨਾਲ-ਨਾਲ ਵਿਦਵਾਨ, ਕਵੀ ਅਤੇ ਸੰਪਾਦਕ ਵਜੋਂ ਵੀ ਜਾਣੇ ਜਾਂਦੇ ਹਨ। ਉਹ ਸਿੰਘ ਸਭਾ ਲਹਿਰ ਦੇ ਉਘੇ ਸੁਧਾਰਕ ਸਨ, ਜਿਨ੍ਹਾਂ ਨੇ ਸਿੱਖ ਧਰਮ ਬਾਰੇ 70 ਤੋਂ ਵੱਧ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚੋਂ ਸਭ ਤੋਂ ਮਸ਼ਹੂਰ ਖ਼ਾਲਸਾ ਅਖ਼ਬਾਰ ਹੈ।
ਸ੍ਰੀ ਸਿੰਗਲਾ ਨੇ ਅੱਗੇ ਦੱਸਿਆ ਕਿ ਇਹ ਮਾਮਲਾ ਬੱਸੀ ਪਠਾਣਾਂ ਤੋਂ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਜੀ.ਪੀ. ਦੀ ਰਸਮੀ ਸਿਫ਼ਾਰਸ਼ ਤੋਂ ਬਾਅਦ ਉਨ੍ਹਾਂ ਦੇ ਧਿਆਨ ਵਿਚ ਆਇਆ। ਇਸ ਤੋਂ ਬਾਅਦ, ਉਨ੍ਹਾਂ ਨੇ ਤੁਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਾਮਲੇ ਨੂੰ ਤਰਜੀਹ ਨਾਲ ਵਿਚਾਰਿਆ ਜਾਵੇ ਜਿਸ ਪਿੱਛੋਂ ਹੁਣ ਇਸ ਸੜਕ ਦਾ ਨਾਮ ਗਿਆਨੀ ਦਿੱਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ ਹੈ।