
ਪੰਜਾਬ ਵਿਧਾਨ ਸਭਾ ਨੇ ਅੱਜ ਅੰਮ੍ਰਿਤਸਰ ਰੇਲ ਦੁਰਘਟਨਾ ਵਿੱਚ ਮਾਰੇ ਗਏ 58 ਵਿਅਕਤੀਆਂ ਅਤੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਅਦਲੀਵਾਲ ...
ਚੰਡੀਗੜ (ਸ.ਸ.ਸ) : ਪੰਜਾਬ ਵਿਧਾਨ ਸਭਾ ਨੇ ਅੱਜ ਅੰਮ੍ਰਿਤਸਰ ਰੇਲ ਦੁਰਘਟਨਾ ਵਿੱਚ ਮਾਰੇ ਗਏ 58 ਵਿਅਕਤੀਆਂ ਅਤੇ ਅੰਮ੍ਰਿਤਸਰ ਜ਼ਿਲੇ ਦੇ ਪਿੰਡ ਅਦਲੀਵਾਲ ਵਿਖੇ ਨਿਰੰਕਾਰੀ ਭਵਨ 'ਤੇ ਬੰਬ ਧਮਾਕੇ ਵਿੱਚ ਹਲਾਕ ਹੋਏ ਤਿੰਨ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸੇ ਦੌਰਾਨ ਪਿਛਲੇ ਇਜਲਾਸ ਤੋਂ ਬਾਅਦ ਵਿਛੜੀਆਂ ਵੱਖ-ਵੱਖ ਖੇਤਰਾਂ ਦੀਆਂ ਉੱਘੀਆਂ ਸ਼ਖਸੀਅਤਾਂ ਨੂੰ ਵੀ ਯਾਦ ਕੀਤਾ। ਸਰਦ ਰੁੱਤ ਇਜਲਾਸ ਦੀ ਸ਼ੁਰੂਆਤ ਵਿੱਚ ਸਦਨ ਨੇ ਸੁਤੰਤਰਤਾ ਸੰਗਰਾਮੀਆਂ, ਰਾਜਸੀ ਅਤੇ ਹੋਰ ਨਾਮਵਰ ਹਸਤੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਛੜੀਆਂ ਰੂਹਾਂ ਦੇ ਸਤਿਕਾਰ ਵਿੱਚ ਦੋ ਮਿੰਟ ਦਾ ਮੌਨ ਰੱਖਿਆ।
ਇਸ ਤੋਂ ਇਲਾਵਾ ਦੋ ਸਾਬਕਾ ਵਿਧਾਇਕਾਂ ਬਿਸ਼ੰਬਰ ਦਾਸ ਅਤੇ ਰਾਮ ਰਤਨ ਚੌਧਰੀ, ਫੌਜ ਦੀ ਉੱਘੀ ਹਸਤੀ ਅਤੇ ਲੌਂਗੇਵਾਲ ਜੰਗ ਦੇ ਨਾਇਕ ਬ੍ਰਿਗੇਡੀਆਰ ਕੁਲਦੀਪ ਸਿੰਘ ਚਾਂਦਪੁਰੀ ਅਤੇ ਫਰੀਦਕੋਟ ਰਿਆਸਤ ਦੀ ਮਹਾਰਾਣੀ ਦੀਪਇੰਦਰ ਕੌਰ ਨੂੰ ਯਾਦ ਕੀਤਾ। ਤਿੰਨ ਸੁਤੰਤਰਤਾ ਸੰਗਰਾਮੀਆਂ ਮੇਲਾ ਸਿੰਘ, ਸੋਹਣ ਸਿੰਘ ਅਤੇ ਸੁਰਜੀਤ ਸਿੰਘ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਨੇ ਪਿਛਲੇ ਸਮਾਗਮ ਤੋਂ ਬਾਅਦ ਵਿਛੜੀਆਂ ਸਾਰੀਆਂ ਸ਼ਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਪ੍ਰਸਤਾਵ ਪੇਸ਼ ਕੀਤਾ।
ਉੱਘੀਆਂ ਸ਼ਖਸ਼ੀਅਤਾਂ ਦਾ ਵਿਵਰਣ ਦਿੱਤੇ ਜਾਣ ਤੋਂ ਬਾਅਦ ਉਨਾਂ ਨੇ ਇਨਾਂ ਹਸਤੀਆਂ ਦੇ ਪਰਿਵਾਰਾਂ ਕੋਲ ਸਦਨ ਵੱਲੋਂ ਸ਼ੋਕ ਪ੍ਰਗਟਾਏ ਜਾਣ ਦਾ ਮਤਾ ਪਾਸ ਕਰ ਦਿੱਤਾ। ਸਪੀਕਰ ਨੇ ਸਾਡੇ ਬਹਾਦਰ ਸੈਨਿਕਾਂ ਨੂੰ ਵੀ ਚੇਤੇ ਕੀਤਾ ਜਿਨਾਂ ਨੇ ਦਸੰਬਰ, 2001 ਵਿੱਚ ਅੱਜ ਦੇ ਦਿਨ ਅੱਤਵਾਦੀ ਹਮਲੇ ਨੂੰ ਨਾਕਾਮ ਬਣਾਉਂਦਿਆਂ ਸ਼ਹਾਦਤ ਦੇ ਦਿੱਤੀ ਸੀ। ਸਪੀਕਰ ਨੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਦੀ ਦੇਸ਼ ਦੀ ਏਕਤਾ, ਅਖੰਡਤਾ ਤੇ ਪ੍ਰਭੂਸੱਤਾ ਵਾਸਤੇ ਆਪਣਾ ਬਲਿਦਾਨ ਦੇਣ ਵਾਲੇ ਫੌਜ ਅਤੇ ਨੀਮ ਫੌਜੀ ਬਲਾਂ ਦੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਨ ਦੀ ਬੇਨਤੀ ਨੂੰ ਵੀ ਪ੍ਰਵਾਨ ਕਰ ਲਿਆ।
ਇਸ ਤੋਂ ਇਲਾਵਾ ਸਪੀਕਰ ਨੇ ਸਿੱਧੇ ਕਰਾਂ ਬਾਰੇ ਕੇਂਦਰੀ ਬੋਰਡ ਦੇ ਸਾਬਕਾ ਚੇਅਰਮੈਨ ਅਵਤਾਰ ਸਿੰਘ ਥਿੰਦ ਜੋ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਪਿਤਾ ਹਨ, ਦਾ ਨਾਂ ਵੀ ਸੂਚੀ ਵਿੱਚ ਸ਼ਾਮਲ ਕਰਨ ਲਈ ਸਹਿਮਤੀ ਦੇ ਦਿੱਤੀ।