
ਕਿਹਾ, “ਮੈਂ ਉਹ ਪਰਮਜੀਤ ਸਿੰਘ ਨਹੀਂ ਹਾਂ ਜਿਸ ਨੂੰ ਉਹ ਲੱਭ ਰਹੇ ਸਨ”
Punjab Police release Paramjit Singh Dhadi: ਯੂਕੇ ਦੇ ਨਾਗਰਿਕ ਪਰਮਜੀਤ ਸਿੰਘ ਢਾਡੀ ਉਰਫ਼ ਪੰਜਾਬ ਸਿੰਘ ਨੂੰ ਗ੍ਰਿਫ਼ਤਾਰ ਕਰਨ ਤੋਂ ਕੁੱਝ ਦਿਨ ਬਾਅਦ, ਪੰਜਾਬ ਪੁਲਿਸ ਨੇ ਸੋਮਵਾਰ ਨੂੰ ਰਿਹਾਅ ਕਰ ਦਿਤਾ। ਪੁਲਿਸ ਸੋਮਵਾਰ ਨੂੰ ਰਿਹਾਈ ਤੋਂ ਪਹਿਲਾਂ ਢਾਡੀ ਨੂੰ ਰਿਮਾਂਡ 'ਤੇ ਰੱਖਣ ਲਈ ਦੋ ਵਾਰ ਅਦਾਲਤ ਗਈ ਸੀ। ਪੁਲਿਸ ਨੇ ਪਰਮਜੀਤ ਸਿੰਘ ਦੀ ਰਿਹਾਈ ਤੋਂ ਬਾਅਦ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।
ਇਕ ਅਖ਼ਬਾਰ ਨਾਲ ਗੱਲ ਕਰਦੇ ਹੋਏ ਢਾਡੀ ਨੇ ਕਿਹਾ, "ਪੁਲਿਸ ਵਲੋਂ ਅਦਾਲਤ ਨੂੰ ਇਹ ਦੱਸਣ ਤੋਂ ਬਾਅਦ ਮੈਨੂੰ ਡਿਸਚਾਰਜ ਕਰ ਦਿਤਾ ਗਿਆ ਕਿ ਮੈਂ ਉਹ ਪਰਮਜੀਤ ਸਿੰਘ ਨਹੀਂ ਹਾਂ ਜਿਸ ਨੂੰ ਉਹ ਲੱਭ ਰਹੇ ਸਨ।" ਇਸ ਲਈ ਉਨ੍ਹਾਂ ਨੂੰ ਦੁਬਾਰਾ ਸੱਦੇ ਜਾਣ ਦੇ ਨੋਟਿਸ 'ਤੇ ਰਿਹਾਅ ਕਰ ਦਿਤਾ ਗਿਆ ਹੈ। ਦੱਸਣਯੋਗ ਹੈ ਕਿ ਢਾਡੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਮੈਂਬਰ ਰਹੇ ਹਨ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨਾਲ ਪਰਿਵਾਰਿਕ ਸੰਬੰਧਾਂ ਤੋਂ ਇਲਾਵਾ ਆਈ. ਐਸ. ਵਾਈ. ਐਫ. ਦੇ ਲਖਬੀਰ ਸਿੰਘ ਰੋਡੇ ਦੇ ਨਜ਼ਦੀਕੀ ਸਾਥੀ ਵੀ ਦੱਸੇ ਜਾਂਦੇ ਸਨ।
ਪੁਲਿਸ ਨੇ ਕਾਫੀ ਸਮਾਂ ਪੁਛਗਿਛ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਕਹਿ ਕੇ ਛੱਡ ਦਿਤਾ ਕਿ ਜਿਸ ਪਰਮਜੀਤ ਸਿੰਘ ਦੀ ਉਨ੍ਹਾਂ ਤਲਾਸ਼ ਹੈ, ਉਹ ਪਰਮਜੀਤ ਸਿੰਘ ਢਾਡੀ ਨਹੀਂ ਹਨ| ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਉਨ੍ਹਾਂ ਬਾਰੇ ਹਾਲੇ ਜਾਂਚ ਕੀਤੀ ਜਾ ਰਹੀ ਹੈ ਅਤੇ ਉਹ ਨੋਟਿਸ 'ਤੇ ਛੱਡੇ ਗਏ ਹਨ ਕਿ ਜਾਂਚ 'ਚ ਪੁਲਿਸ ਨੂੰ ਸਹਿਯੋਗ ਦੇਣਗੇ। ਢਾਡੀ ਨੇ ਕਿਹਾ, “ਮੇਰੇ ਕੋਲ ਪੰਜਾਬ ਸਿੰਘ ਦੇ ਨਾਂਅ ਦਾ ਕਾਨੂੰਨੀ ਪਾਸਪੋਰਟ ਹੈ। ਮੈਂ ਇਸ ਪਾਸਪੋਰਟ 'ਤੇ 10 ਸਾਲਾਂ ਤੋਂ ਵੱਧ ਸਮੇਂ ਤੋਂ ਯਾਤਰਾ ਕਰ ਰਿਹਾ ਹਾਂ ਅਤੇ ਲਗਭਗ ਹਰ ਸਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਭਾਰਤ ਆਉਂਦਾ ਹਾਂ। ਹਰ ਵਾਰ ਮੈਂ ਪਾਕਿਸਤਾਨ ਵਿਚ ਨਨਕਾਣਾ ਸਾਹਿਬ ਦੀ ਯਾਤਰਾ ਕਰਦਾ ਸੀ ”
ਉਨ੍ਹਾਂ ਕਿਹਾ ਕਿ ਇਹ “ਹੈਰਾਨੀਜਨਕ” ਹੈ ਕਿ ਪੁਲਿਸ ਰਿਮਾਂਡ ਦੇ ਪਹਿਲੇ ਚਾਰ ਦਿਨਾਂ ਦੌਰਾਨ ਇਹ ਪਤਾ ਨਹੀਂ ਲਗਾ ਸਕੀ ਕਿ ਉਹ ਪਰਮਜੀਤ ਸਿੰਘ ਨਹੀਂ ਸੀ ਜਿਸ ਨੂੰ ਉਹ ਲੱਭ ਰਹੇ ਸਨ। ਉਨ੍ਹਾਂ ਕਿਹਾ ਕਿ, “ਪੁਲਿਸ ਨੇ 9 ਦਸੰਬਰ ਨੂੰ ਮੁੜ ਮੇਰਾ ਰਿਮਾਂਡ ਲਿਆ। ਮੇਰੇ ਕੋਲੋਂ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਭਤੀਜੇ ਲਖਬੀਰ ਸਿੰਘ ਰੋਡੇ ਅਤੇ ਜਸਬੀਰ ਸਿੰਘ ਰੋਡੇ ਨਾਲ ਸਬੰਧਾਂ ਅਤੇ ਮੇਰੀ ਹਾਲੀਆ ਪਾਕਿਸਤਾਨ ਫੇਰੀ ਬਾਰੇ ਪੁੱਛਗਿੱਛ ਕੀਤੀ ਗਈ। ਉਨ੍ਹਾਂ ਨੇ ਮੇਰਾ ਫੋਨ ਵੀ ਲੈ ਲਿਆ ਅਤੇ ਰਿਹਾਅ ਕਰਨ ਸਮੇਂ ਇਹ ਵਾਪਸ ਕਰ ਦਿਤਾ ਗਿਆ”।
5 ਦਸੰਬਰ ਨੂੰ ਅਪਣੀ ਪੋਸਟ ਵਿਚ, ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਨੇ ਕਿਹਾ ਸੀ, “ਇਕ ਵੱਡੀ ਸਫਲਤਾ ਵਿਚ, ਐਸਐਸਓਸੀ (ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ) ਅੰਮ੍ਰਿਤਸਰ ਨੇ ਯੂਕੇ ਅਧਾਰਤ ਪਰਮਜੀਤ ਸਿੰਘ ਉਰਫ਼ ਪੰਜਾਬ ਸਿੰਘ ਉਰਫ਼ ਢਾਡੀ ਨੂੰ ਅੰਮ੍ਰਿਤਸਰ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਪਾਬੰਦੀਸ਼ੁਦਾ ਜਥੇਬੰਦੀ ISYF ਦੇ ਮੁਖੀ ਲਖਬੀਰ ਸਿੰਘ ਰੋਡੇ ਦਾ ਇਕ ਸਾਥੀ, ਢਾਡੀ ਪੰਜਾਬ ਵਿਚ ਦਹਿਸ਼ਤੀ ਫੰਡਿੰਗ ਅਤੇ ਹੋਰ ਵਿਨਾਸ਼ਕਾਰੀ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ।"
(For more news apart from Punjab Police release Paramjit Singh Dhadi , stay tuned to Rozana Spokesman)