
ਜੇਲ ਦੇ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਵੀ ਹੋਵੇਗੀ ਜਾਂਚ
Punjab News: ਹਵਾਲਾਤੀ ਲੱਕੀ ਸੰਧੂ ਨੂੰ ਬੀਮਾਰੀ ਦੇ ਬਹਾਨੇ ਵਿਆਹ ਲਿਜਾਉਣ ਦੇ ਮਾਮਲੇ ਵਿਚ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਪੁਲਿਸ ਕਮਿਸ਼ਨਰ ਲੁਧਿਆਣਾ ਆਈ.ਪੀ.ਐਸ. ਕੁਲਦੀਪ ਸਿੰਘ ਚਾਹਲ ਵਲੋਂ ਹਵਾਲਾਤੀ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਨੂੰ ਮੁਬਾਰਕ ਪਾਰਕ ਪੈਲਿਸ, ਪਿੰਡ ਹਿੱਸੋਵਾਲ, ਨੇੜੇ ਸੁਧਾਰ ਟੋਲ ਟੈਕਸ, ਮੁਲਾਂਪੁਰ, ਰਾਏਕੋਟ ਰੋਡ ਵਿਖੇ ਵਿਆਹ ਦੀ ਪਾਰਟੀ ਵਿਚ ਲੈ ਕੇ ਜਾਣ ਵਾਲੇ ਪੁਲਿਸ ਮੁਲਾਜ਼ਮਾਂ ’ਤੇ ਸਖ਼ਤ ਕਾਰਵਾਈ ਕਰਦਿਆਂ ਦੋ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿਤਾ ਗਿਆ ਹੈ। ਪੁਲਿਸ ਵਲੋਂ ਜਾਰੀ ਪ੍ਰੈਸ ਨੋਟ ਮੁਤਾਬਕ ਮਿਤੀ 10-12-2023 ਨੂੰ ਹੀ ਕੁਤਾਹੀਕਾਰਾਂ ਨੂੰ ਸਸਪੈਂਡ ਕਰ ਦਿਤਾ ਗਿਆ ਸੀ।
ਦਰਅਸਲ ਮਿਤੀ 08-12-2023 ਨੂੰ ਪੁਲਿਸ ਲਾਈਨ ਲੁਧਿਆਣਾ ਤੋਂ ਸਰਵੋਤਮ ਸਿੰਘ ਉਰਫ ਲੱਕੀ ਸੰਧੂ ਨੂੰ ਪੀਜੀਆਈ ਚੰਡੀਗੜ੍ਹ ਤੋਂ ਚੈੱਕ ਕਰਵਾਉਣ ਲਈ ਥਾਣੇਦਾਰ ਮੰਗਲ ਸਿੰਘ ਅਤੇ ਸਹਾਇਕ ਥਾਣੇਦਾਰ ਕੁਲਦੀਪ ਸਿੰਘ ਦੀ ਗਾਰਦ ਭੇਜੀ ਗਈ ਸੀ, ਪਰ ਇਸ ਟੀਮ ਵਲੋਂ ਹਵਾਲਾਤੀ ਲੱਕੀ ਸੰਧੂ ਨੂੰ ਵਿਆਹ ਦੀ ਪਾਰਟੀ ਵਿਚ ਲਿਜਾ ਕੇ ਨਿਯਮਾਂ ਦੀ ਉਲੰਘਣਾ ਅਤੇ ਡਿਊਟੀ ਵਿਚ ਕੁਤਾਹੀ ਕੀਤੀ ਗਈ।
ਇਸ ਤੋਂ ਇਲਾਵਾ ਉਪਰੋਕਤ ਮੁਲਾਜ਼ਮਾਂ ਦੇ ਵਿਰੁਧ ਵਿਭਾਗੀ ਕਾਰਵਾਈ ਵੀ ਆਰੰਭ ਕੀਤੀ ਜਾ ਚੁੱਕੀ ਹੈ। ਹਵਾਲਾਤੀ ਲੱਕੀ ਸੰਧੂ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਰੈਫਰ ਕਰਨ ਵਾਲੇ ਜੇਲ ਦੇ ਮੈਡੀਕਲ ਅਫਸਰ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ। ਦਰਅਸਲ ਸਾਹਨੇਵਾਲ ਦਾ ਸਰਵੋਤਮ ਸਿੰਘ ਉਰਫ਼ ਲੱਕੀ ਸੰਧੂ ਕਈ ਗੰਭੀਰ ਧਾਰਾਵਾਂ ਤਹਿਤ ਜੇਲ ਵਿਚ ਬੰਦ ਹੈ। ਹਾਲ ਹੀ ਵਿਚ ਉਸ ਨੇ ਜੇਲ 'ਚ ਬੀਮਾਰੀ ਦਾ ਬਹਾਨਾ ਬਣਾਇਆ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਨੇ ਉਸ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਚੈੱਕਅਪ ਲਈ ਜ਼ਿਲ੍ਹਾ ਪੁਲਿਸ ਹਵਾਲੇ ਕਰ ਦਿਤਾ।
ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਦੀ ਮਿਲੀਭੁਗਤ ਨਾਲ ਲੱਕੀ ਸੰਧੂ ਲੁਧਿਆਣਾ ਦੇ ਰਾਏਕੋਟ ਇਲਾਕੇ ਵਿਚ ਇਕ ਵਿਆਹ ਵਿਚ ਪਹੁੰਚਿਆ। ਉਥੇ ਉਹ ਵੀਡੀਉ 'ਚ ਅਪਣੇ ਭਰਾ ਨਾਲ ਭੰਗੜਾ ਪਾਉਂਦਾ ਨਜ਼ਰ ਆਇਆ। ਇਸ ਦੀ ਵੀਡੀਉ ਵੀ ਕਾਫੀ ਵਾਇਰਲ ਹੋ ਰਹੀ ਹੈ। ਲੱਕੀ ਸੰਧੂ ਵਿਰੁਧ ਕੇਸ ਦਰਜ ਕਰਵਾਉਣ ਵਾਲੇ ਗੁਰਵੀਰ ਸਿੰਘ ਗਰਚਾ ਨੇ ਵੀਡੀਉ ਸਮੇਤ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਗੌਰਵ ਯਾਦਵ ਅਤੇ ਜੇਲ ਪ੍ਰਸ਼ਾਸਨ ਨੂੰ ਭੇਜੀ ਸੀ।
(For more news apart from Jailed Lucky Sandhu seen dancing at marriage party; 2 cops suspended, stay tuned to Rozana Spokesman)