
ਸ਼ਾਮੀਂ 4 ਵਜੇ ਤੱਕ ਹੋਵੇਗੀ ਵੋਟਿੰਗ
ਚੰਡੀਗੜ੍ਹ: ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਦੌਰਾਨ ਕੁੱਲ 39,15,280 ਵੋਟਰ ਅਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਹਨਾਂ ਚੋਣਾਂ ਵਿਚ ਕਰੀਬ 2215 ਵਾਰਡ 'ਤੇ ਚੋਣਾਂ ਹੋਣਗੀਆਂ। ਅੱਜ ਹੋ ਰਹੀਆਂ ਚੋਣਾਂ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।
Punjab Municipal Elections
ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵੋਟਰ ਵੋਟਿੰਗ ਕੇਂਦਰਾਂ ‘ਤੇ ਪਹੁੰਚ ਗਏ। ਵੱਖ-ਵੱਖ ਥਾਈਂ ਵੋਟਿੰਗ ਲਈ ਵੋਟਰਾਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਧੁੰਦ ਦੇ ਬਾਵਜੂਦ ਲੋਕਾਂ ਵਿਚ ਵੋਟਾਂ ਲਈ ਉਤਸ਼ਾਹ ਦੇਖਿਆ ਜਾ ਰਿਹਾ ਹੈ। ਸਮਾਣਾ ’ਚ ਵੋਟਿੰਗ ਤੋਂ ਪਹਿਲਾਂ ਹੀ ਵੋਟਰਾਂ ਦੀ ਵੱਡੀ ਭੀੜ ਦੇਖੀ ਗਈ। ਇਸ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਵਾਰਡ ਨੰਬਰ 20 ਵਿਚ ਦੱਸ ਮਿੰਟ ਤੱਕ ਈਵੀਐਮ ਮਸ਼ੀਨ ਨਹੀਂ ਚੱਲੀ।
Elections
ਦੱਸ ਦਈਏ ਕਿ ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਕੀਤੀ ਜਾਵੇਗੀ। ਰਾਜ ਚੋਣ ਕਮਿਸ਼ਨ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਚੋਣਾਂ ਨੂੰ ਨਿਰਪੱਖ ਅਤੇ ਅਮਨ-ਅਮਾਨ ਨਾਲ ਨੇਪਰੇ ਚੜਾਉਣ ਲਈ ਕੁਲ 30 ਆਈ.ਏ.ਐਸ./ਪੀ.ਸੀ.ਐਸ ਅਫਸਰ ਬਤੌਰ ਆਬਜਰਵਰ ਨਿਯੁਕਤ ਕੀਤੇ ਗਏ ਹਨ।
Elections
ਵੋਟਾਂ ਪੈਣ ਦਾ ਕਾਰਜ ਵੋਟਿੰਗ ਮਸ਼ੀਨਾਂ ਰਾਹੀਂ ਹੋਵੇਗਾ ਜਿਸ ਲਈ 7000 ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਹੈ। ਵੋਟਾਂ ਦੇ ਕਾਰਜ ਨਿਰਵਿਘਨ ਨੇਪਰੇ ਚਾੜਨ ਲਈ 20510 ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਇਸ ਤੋ ਇਲਾਵਾ ਲਗਭਗ 19000 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ। ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਰਾਜ ਵਿੱਚ ਕੁਲ 4102 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ ਜਿਨ੍ਹਾਂ ਵਿਚੋਂ 1708 ਸੈਂਸਟਿਵ ਬੂਥ ਅਤੇ 861 ਹਾਈਪਰ-ਸੈਂਸਟਿਵ ਬੂਥ ਹਨ।