
ਮਨੂਵਾਦੀ ਸ਼ਕਤੀਆਂ ਪੰਜਾਬ ’ਚੋਂ ਪੰਥਕ ਪਛਾਣ ਖ਼ਤਮ ਕਰਨ ਲਈ ਯਤਨਸ਼ੀਲ : ਜਾਚਕ
ਕਿਹਾ, ਪੰਥ ਦੀ ਪ੍ਰਤੀਨਿਧ ਜਥੇਬੰਦੀ ਸ਼੍ਰੋਮਣੀ ਕਮੇਟੀ ਦਾ
ਕੋਟਕਪੂਰਾ, 13 ਫ਼ਰਵਰੀ (ਗੁਰਿੰਦਰ ਸਿੰਘ): ਮਨੂਵਾਦੀ ਤੇ ਸੱਤਾਧਾਰੀ ਸ਼ਕਤੀਆਂ ਭਾਵੇਂ ਖ਼ਾਲਸਾ ਪੰਥ ਦੇ ਪ੍ਰਗਟ ਹੋਣ ਦੇ ਸਮੇਂ ਤੋਂ ਹੀ ਪੰਜਾਬ ’ਚੋਂ ਪੰਥਕ ਪਛਾਣ ਖ਼ਤਮ ਕਰਨ ਲਈ ਕਈ ਢੰਗਾਂ ਨਾਲ ਯਤਨਸ਼ੀਲ ਰਹੀਆਂ ਹਨ ਪਰ ਜਦੋਂ ਤੋਂ ਭਾਰਤ ਦੀ ਕੇਂਦਰੀ ਰਾਜ-ਸੱਤਾ ’ਤੇ ਭਾਜਪਾ ਕਾਬਜ਼ ਹੋਈ ਹੈ, ਉਦੋਂ ਤੋਂ ਅਜਿਹੇ ਕੋਝੇ ਯਤਨਾਂ ਨੇ ਪ੍ਰਤੱਖ ਰੂਪ ਧਾਰਨਾ ਸ਼ੁਰੂ ਕਰ ਦਿਤਾ ਹੈ। ਜਿਵੇਂ ਵਿਧਾਨਕ ਚੋਣਾਂ ਦੇ ਮਾਹੌਲ ’ਚ ਪੰਜਾਬ ਦੇ ਰਾਜਨੀਤਕ ਮੰਚ ’ਤੇ ਦਾੜ੍ਹੀ ਕੱਟੇ ਪੱਗੜੀਧਾਰੀ ਆਗੂਆਂ ਨੂੰ ਸਿੱਖ ਚਿਹਰਿਆਂ ਵਜੋਂ ਪੇਸ਼ ਕਰਨਾ, ਦਿੱਲੀ ਦੇ ਮਨੂੰਵਾਦੀ ਸੱਤਾਧਾਰੀ ਤੇ ਕੇਸ-ਹੀਣ ਮੋਨੇ ਆਗੂਆਂ ਦਾ ਟੋਪੀ-ਨੁਮਾ ਕੇਸਰੀ ਤੇ ਭਗਵੀਆਂ ਪਗੜੀਆਂ ਸਿਰਾਂ ’ਤੇ ਧਰ ਕੇ ਪੰਜਾਬ ਵਲ ਦੌੜਨਾ, ਦੇਸ਼ ਦੇ ਪਿ੍ਰੰਟ ਤੇ ਇਲੈਕਟ੍ਰੋਨਿਕ ਗੋਦੀ-ਮੀਡੀਏ ’ਚ ਰਾਜਨੀਤਕ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਦੇ ਨਾਵਾਂ ਨਾਲੋਂ ‘ਸਿੰਘ’ ਤੇ ‘ਕੌਰ’ ਦੀ ਉਪਾਧੀ ਨੂੰ ਹਟਾਉਣਾ ਅਤੇ ਪੰਜਾਬ ਦੀ ਸਿਆਸਤ ’ਚੋਂ ਪੰਥਕ ਮੁੱਦਿਆਂ ਨੂੰ ਗ਼ਾਇਬ ਕਰਨਾ, ਕਾਰਨ ਹੈ ਪੰਥ ਦੀ ਪ੍ਰਤੀਨਿਧ ਸਿੱਖ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦਾ ਰਾਜਸੀਕਰਨ ਕਿਉਂਕਿ ਅਜਿਹਾ ਹੋਣ ਕਰ ਕੇ ਉਹ ਵੀ ਅਪਣਾ ਸੱਤਾਧਾਰੀ ਪੰਥਕ-ਪ੍ਰਭਾਵ ਗਵਾ ਚੁੱਕੀ ਹੈ।
ਉਕਤ ਸ਼ਬਦ ਹਨ ਆਨਰੇਰੀ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਦੇ, ਜੋ ਉਨ੍ਹਾਂ ਨੇ ਇਕ ਈ-ਮੇਲ ਪ੍ਰੈਸ ਨੋਟ ਰਾਹੀਂ ਰੋਜ਼ਾਨਾ ਸਪੋਕਸਮੈਨ ਦੇ ਇਸ ਪੱਤਰਕਾਰ ਨਾਲ ਸਾਂਝੇ ਕੀਤੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਬਾਣੀ ਮੁਤਾਬਕ ਸਿੱਖੀ ’ਚ ਦਸਤਾਰ ਸਾਬਤ-ਸੂਰਤ ਰਹਿਣ ਅਤੇ ਉੱਚੇ-ਸੁੱਚੇ ਕਿਰਦਾਰ ਦੇ ਧਾਰਨੀ ਹੋਣ ਦਾ ਐਲਾਨ ਹੈ। ਜ਼ਿੰਦਗੀ ਦੇ ਹਰ ਖੇਤਰ ’ਚ ਗੁਰੂ ਦੇ ਸਨਮੁੱਖ ਹੋ ਕੇ ਜਿਉਣਵਾਲਾ ਮਨੁੱਖ ਹੀ ਸਿੱਖ ਅਖਵਾਉਣ ਦਾ ਅਧਿਕਾਰੀ ਹੋ ਸਕਦਾ ਹੈ। ਸਿੱਖ ਰਹਿਤ ਮਰਿਆਦਾ ਮੁਤਾਬਕ ਹਰ ਸਿੱਖ ਤੇ ਸਿੱਖਣੀ ਦੇ ਨਾਂਅ ਨਾਲ ‘ਸਿੰਘ’ ਤੇ ‘ਕੌਰ’ ਦੀ ਉਪਾਧੀ ਲਾਜ਼ਮੀ ਹੈ ਪਰ ਰਾਜਸੀ ਸੱਤਾ ਦੀ ਲਾਲਸਾ ਅਧੀਨ ਪੰਥਕ ਅਣਖ ਦੇ ਨਿਘਾਰ ਦਾ ਸਿਖਰ ਇਹ ਹੈ ਕਿ ਕਈ ਅਖ਼ਬਾਰਾਂ ’ਚ ਹੁਣ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਨਾਂਅ ਵੀ ਉਪਰੋਕਤ ਉਪਾਧੀ ਤੋਂ ਸੱਖਣੇ ਪੜ੍ਹੇ ਜਾਂਦੇ ਹਨ ਅਤੇ ਇਸ ਪੱਖੋਂ ਉਹ ਅਪਣੇ ਆਕਿਆਂ ਤੋਂ ਡਰਦੇ ਜ਼ੁਬਾਨ ਨਹੀਂ ਖੋਲ੍ਹਦੇ। ਉਨ੍ਹਾਂ ਆਖਿਆ ਕਿ ਸਮੂਹ ਸਿੱਖ ਜਗਤ ਨੂੰ ਇਸ ਪੱਖੋਂ ਸੁਚੇਤ ਹੋਣ ਤੇ ਜਥੇਬੰਦਕ ਆਵਾਜ਼ ਬੁਲੰਦ ਕਰਨ ਦੀ ਅਤਿਅੰਤ ਲੋੜ ਹੈ।