
ਲੁਧਿਆਣਾ ਜ਼ਿਲ੍ਹੇ 'ਚ ਇਕ ਨੌਜਵਾਨ ਨੇ 5 ਸਾਲ ਦੀ ਲੜਕੀ ਨਾਲ ਜਬਰ ਜਨਾਹ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਹੈ। ਨੌਜਵਾਨ ਲੜਕੀ ਦਾ ਗੁਆਂਢੀ ਸੀ।
ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਦੇ ਫੋਕਲ ਪੁਆਇੰਟ ਦੇ ਇਲਾਕੇ ਵਿਚ ਈਸ਼ਵਰ ਕਾਲੋਨੀ ‘ਚ ਨੌਜਵਾਨ ਵੱਲੋਂ ਇਕ ਪੰਜ ਸਾਲ ਦੀ ਮਾਸੂਮ ਲੜਕੀ ਨਾਲ ਜਬਰ ਜਨਾਹ ਕਰਨ ਉਪਰੰਤ ਉਸਦੀ ਬੇਰਹਿਮੀ ਨਾਲ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਬੱਚੀ ਦਾ ਪਰਿਵਾਰ ਈਸ਼ਵਰ ਕਾਲੋਨੀ ‘ਚ ਕਿਰਾਏ ਦੇ ਕਮਰੇ ਵਿਚ ਰਹਿੰਦਾ ਸੀ ਜਦਕਿ ਉਹਨਾਂ ਦੇ ਗੁਆਂਢ ਵਿਚ ਪਹਿਲੀ ਮੰਜ਼ਿਲ ‘ਤੇ ਅਰਵਿੰਦਰ ਕੁਮਾਰ (21) ਰਹਿੰਦਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਰਾਤ 7 ਵਜੇ ਦੇ ਕਰੀਬ ਉਹ ਬੱਚੀ ਖੇਡਦੀ ਹੋਈ ਪਹਿਲੀ ਮੰਜ਼ਿਲ ‘ਤੇ ਚਲੀ ਗਈ, ਉੱਥੇ ਅਰਵਿੰਦਰ ਕਮਰੇ ਵਿਚ ਇਕੱਲਾ ਹੀ ਬੈਠਾ ਸੀ।
ਉਹ ਬੱਚੀ ਨੂੰ ਆਪਣੇ ਕਮਰੇ ਵਿਚ ਲੈ ਗਿਆ, ਜਿੱਥੇ ਉਸ ਨੇ ਬੱਚੀ ਨਾਲ ਜਬਰ-ਜਨਾਹ ਕੀਤਾ ਅਤੇ ਬਾਅਦ ਵਿਚ ਉਸਦੀ ਹੱਤਿਆ ਕਰ ਦਿੱਤੀ। ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਕਥਿਤ ਤੌਰ ‘ਤੇ ਦੋਸ਼ੀ ਨੇ ਜਬਰ ਜਨਾਹ ਕਰਨ ਸਮੇਂ ਬੱਚੀ ਦਾ ਮੂੰਹ ਹੱਥ ਰੱਖ ਕੇ ਬੰਦ ਕਰ ਦਿੱਤਾ ਸੀ ਤਾਂ ਜੋ ਉਹ ਰੌਲਾ ਨਾ ਪਾ ਸਕੇ।
ਜਦੋਂ ਬੱਚੀ ਕਾਫੀ ਸਮੇਂ ਬਾਅਦ ਬੱਚੀ ਘਰ ਨਾ ਆਈ ਤਾਂ ਉਸਦੀ ਮਾਂ ਪਹਿਲੀ ਮੰਜ਼ਿਲ ‘ਤੇ ਚਲੀ ਗਈ। ਜਦੋਂ ਉਸ ਨੇ ਅਰਵਿੰਦਰ ਦੇ ਕਮਰੇ ਵਿਚ ਦੇਖਿਆ ਤਾਂ ਉੱਥੇ ਬੱਚੀ ਦੀ ਲਾਸ਼ ਪਈ ਸੀ। ਉਸਦੇ ਰੌਲਾ ਪਾਉਣ ‘ਤੇ ਉੱਥੇ ਰਹਿੰਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਉਸੇ ਸਮੇਂ ਅਰਵਿੰਦਰ ਨੂੰ ਕਾਬੂ ਕਰ ਲਿਆ ਅਤੇ ਉਸ ਦੀ ਕੁੱਟਮਾਰ ਵੀ ਕੀਤੀ।
ਸੂਚਨਾ ਮਿਲਦੇ ਹੀ ਉੱਚ ਪੁਲਿਸ ਅਧਿਕਾਰੀ ਮੌਕੇ ‘ਤੇ ਉੱਥੇ ਪਹੁੰਚੇ ਅਤੇ ਉਹਨਾਂ ਨੇ ਅਰਵਿੰਦਰ ਨੂੰ ਗ੍ਰਿਫ਼ਤਾਰ ਕਰ ਲਿਆ। ਅਰਵਿੰਦਰ ਮੂਲ ਰੂਪ ਵਿਚ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਉਹ ਇੱਥੇ ਰਹਿ ਰਿਹਾ ਹੈ। ਅਰਵਿੰਦਰ ਹਾਲੇ ਕੁਆਰਾ ਹੈ ਅਤੇ ਉਹ ਇਕ ਫੈਕਟਰੀ ਵਿਚ ਕੰਮ ਕਰਦਾ ਹੈ।
ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਅਰਵਿੰਦਰ ਦਾ ਪਰਿਵਾਰ ਪਿੰਡ ਗਿਆ ਹੋਇਆ ਹੈ। ਉਹਨਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਥਿਤ ਦੋਸ਼ੀ ਖ਼ਿਲਾਫ਼ ਧਾਰਾ 376ਏ/302 ਤਹਿਤ ਕੇਸ ਦਰਜ ਕਰ ਲਿਆ ਹੈ। ਅਰਵਿੰਦਰ ਪਾਸੋਂ ਪੁੱਛ ਪੜਤਾਲ ਜਾਰੀ ਹੈ।