
'ਆਪ' ਵਫ਼ਦ ਨੇ ਆਈ.ਜੀ. ਬਾਰਡਰ ਰੇਂਜ ਨਾਲ ਕੀਤੀ ਮੁਲਾਕਾਤ
ਅੰਮ੍ਰਿਤਸਰ : ਪਿਛਲੇ ਦਿਨੀਂ ਹਲਕਾ ਖੇਮਕਰਨ ਨਾਲ ਸਬੰਧਤ ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਤੋਂ ਹੋਈ ਨਸ਼ੇ (ਹੈਰੋਇਨ) ਦੀ ਬਰਾਮਦਗੀ ਦੇ ਮਾਮਲੇ 'ਤੇ ਖੇਮਕਰਨ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਅਤੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਲੀਡਰਸ਼ਿਪ ਨੇ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਆਈਜੀ ਬਾਰਡਰ ਰੇਂਜ ਪਰਮਾਰ ਨੂੰ ਮਿਲਿਆ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਆਈ.ਜੀ. ਪਰਮਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ 'ਚ ਮੰਗ ਕੀਤੀ ਕਿ ਗਈ ਇਸ ਮੁੱਦੇ ਤੇ ਸੀਬੀਆਈ ਜਾਂਚ ਕਰਵਾਈ ਜਾਵੇ। ਇਸ ਜਾਂਚ 'ਚ ਵਿਧਾਇਕ ਸੁਖਪਾਲ ਭੁੱਲਰ ਅਤੇ ਵਿਰਸਾ ਸਿੰਘ ਵਲਟੋਹਾ ਦਾ ਨਾਮ ਸ਼ਾਮਲ ਕਰਦੇ ਹੋਏ ਇਨ੍ਹਾਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਦੋਸ਼ੀ ਸਾਰਜ ਸਿੰਘ ਦਾਸੂਵਾਲ ਦੇ ਇਨ੍ਹਾਂ ਕਾਂਗਰਸੀ ਅਤੇ ਅਕਾਲੀ ਆਗੂਆਂ ਨਾਲ ਰਿਸ਼ਤੇ ਜੱਗਜ਼ਾਹਿਰ ਹਨ। ਮੌਜੂਦਾ ਕਾਂਗਰਸੀ ਵਿਧਾਇਕ ਦੀ ਸ਼ਹਿ 'ਤੇ ਹੀ ਸਾਰਜ ਸਿੰਘ ਨੂੰ ਬਿਨਾਂ ਚੋਣ ਤੋਂ ਸਰਪੰਚ ਬਣਾ ਦਿੱਤਾ ਗਿਆ ਸੀ।
AAP delegation meeting pic-2
ਧਾਲੀਵਾਲ ਨੇ ਕਿਹਾ ਕਿ ਨਸ਼ੇ ਦੀ ਖ਼ਾਤਮੇ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ਦੇ ਆਪਣੇ ਵਿਧਾਇਕ ਇਸ ਵਪਾਰ 'ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇ ਕਾਰਵਾਈ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਇਸ ਮੁੱਦੇ 'ਤੇ ਸੰਘਰਸ਼ ਹੋਰ ਤੇਜ਼ ਕਰੇਗੀ। ਇਸ ਮੌਕੇ ਕੁਲਦੀਪ ਧਾਲੀਵਾਲ ਤੋਂ ਇਲਾਵਾ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਬਿੱਟੂ, ਦਲਬੀਰ ਸਿੰਘ ਟੌਂਗ, ਡਾ ਇੰਦਰਪਾਲ, ਮਨੀਸ਼ ਅਗਰਵਾਲ, ਮਾਝਾ ਜ਼ੋਨ ਦੇ ਉਪ ਪ੍ਰਧਾਨ ਪਰਮਜੀਤ ਸ਼ਰਮਾ, ਸੀਨੀਅਰ ਆਗੂ ਰਜਿੰਦਰ ਪਲਾਹ, ਵੇਦ ਪ੍ਰਕਾਸ਼ ਬੱਬਲੂ ਅਤੇ ਅਸ਼ੋਕ ਤਲਵਾਰ ਆਦਿ ਹਾਜ਼ਰ ਸਨ।