
ਨਿੱਜੀ ਫਰਮ ਵਲੋਂ ਆਯੋਜਿਤ ‘ਵਰਲਡ ਗੱਤਕਾ ਲੀਗ’ ਨਾਲ ਕੋਈ ਸਬੰਧ ਨਹੀਂ : ਨੈਸ਼ਨਲ ਗੱਤਕਾ ਐਸੋਸੀਏਸ਼ਨ ਤੇ ਵਿਸ਼ਵ ਗੱਤਕਾ ਫੈਡਰੇਸ਼ਨ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਰਜ਼ਿ.) ਤੇ ਵਿਸ਼ਵ ਗੱਤਕਾ ਫੈਡਰੇਸ਼ਨ (ਰਜ਼ਿ.) ਨੇ ਦਿੱਲੀ ਦੀ ਇਕ ਨਿੱਜੀ ਪ੍ਰੋਪਰਾਈਟਰਸ਼ਿੱਪ ਵਾਲੀ ਲਿਮੀਟਡ ਫਰਮ ਵਲੋਂ ਸਿੱਖ ਸ਼ਸਤਰ ਵਿੱਦਿਆ ਅਤੇ ਗੱਤਕੇ ਦੇ ਨਾਮ ਨੂੰ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਉਣ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਗੱਤਕਾ ਖੇਡ ਸਿੱਖ ਇਤਿਹਾਸ ਤੇ ਵਿਰਾਸਤ ਨਾਲ ਜੁੜੀ, ਗੁਰੂ ਸਾਹਿਬਾਨ ਵਲੋਂ ਵਰੋਸਾਈ ਸਮੁੱਚੀ ਕੌਮ ਦੀ ਮਾਣਮੱਤੀ ਤੇ ਪੁਰਾਤਨ ਖੇਡ ਹੈ ਅਤੇ ਕੋਈ ਵੀ ਇਸ ਨੂੰ ਰਜਿਸਟਰਡ ਜਾਂ ਪੇਟੈਂਟ ਨਹੀਂ ਕਰਵਾ ਸਕਦਾ।
ਉਕਤ ਸਬੰਧੀ ਇਕ ਬਿਆਨ ਵਿਚ ਅੱਜ ਇੱਥੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸਕੱਤਰ ਤੇਜਿੰਦਰ ਸਿੰਘ ਗਿੱਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਸਕੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਭਾਰਤੀ ਕੰਪਨੀ ਕਾਨੂੰਨ ਤਹਿਤ ਰਜਿਸਟਰਡ ਇਕ ਨਿੱਜੀ ਫਰਮ ਨੇ ਦੋ ਨਾਮ - ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ, ਦੇ ਨਾਵਾਂ ਨੂੰ ਦਿੱਲੀ ਤੋਂ ਟਰੇਡ ਮਾਰਕ ਕਾਨੂੰਨ ਤਹਿਤ ਪੇਟੈਂਟ ਕਰਾਇਆ ਹੈ ਜੋ ਕਿ ਸਿੱਖ ਧਰਮ ਅਤੇ ਸਿੱਖ ਇਤਿਹਾਸ ਨਾਲ ਕੋਝਾ ਮਜਾਕ ਅਤੇ ਸਮੁੱਚੀ ਸਿੱਖ ਕੌਮ ਨੂੰ ਚੁਣੌਤੀ ਦੇਣ ਸਮਾਨ ਹੈ।
ਇਸ ਧਾਰਮਿਕ ਮੁੱਦੇ ‘ਤੇ ਸਬੰਧਿਤ ਨਿੱਜੀ ਫਰਮ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਚੋਟੀ ਦੀਆਂ ਉਕਤ ਸੰਸਥਾਵਾਂ ਨੇ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਗੱਤਕਾ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦਾ ਮਕਸਦ ਸਿੱਖ ਧਰੋਹਰ ‘ਤੇ ਕਬਜਾ ਕਰਨਾ ਦੇ ਤੁੱਲ ਕਰਾਰ ਦਿਤਾ ਹੈ। ਉਨਾਂ ਕਿਹਾ ਕਿ ਜੇਕਰ ਇਸ ਨਿੱਜੀ ਫਰਮ ਨੇ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਨੂੰ ਟਰੇਡ ਮਾਰਕ ਤਹਿਤ ਪੇਟੈਂਟ ਕਰਾਉਣ ਦੀ ਅਵੱਗਿਆ ਸਬੰਧੀ ਤੁਰਤ ਸਿੱਖ ਕੌਮ ਤੋਂ ਮਾਫੀ ਨਾ ਮੰਗੀ ਅਤੇ ਇਨ੍ਹਾਂ ਦੋਵਾਂ ਟਰੇਡ ਮਾਰਕਾਂ ਨੂੰ ਤੁਰਤ ਰੱਦ ਨਾ ਕਰਾਇਆ ਤਾਂ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਨਾਂ ਸਪੱਸ਼ਟ ਕੀਤਾ ਕਿ ਭਾਰਤੀ ਟਰੇਡ ਮਾਰਕ ਕਾਨੂੰਨ ਤਹਿਤ ਅਨੁਸਾਰ ਕਿਸੇ ਨਵੀਂ ਕਾਢ ਜਾਂ ਨਵੀਂ ਤਕਨੀਕ ਤਿਆਰ ਹੋਣ ’ਤੇ ਹੀ ਪੇਟੈਂਟ ਕਰਾਇਆ ਜਾ ਸਕਦਾ ਹੈ ਜਦਕਿ ਗੱਤਕਾ ਅਤੇ ਸਿੱਖ ਸ਼ਸਤਰ ਵਿੱਦਿਆ ਤਾਂ ਪੁਰਾਤਨ ਗੁਰ ਇਤਿਹਾਸ, ਗੁਰਬਾਣੀ, ਸਿੱਖ ਸੱਭਿਆਚਾਰ, ਧਰਮ ਅਤੇ ਵਿਰਸੇ ਦਾ ਅਟੁੱਟ ਅੰਗ ਹੈ ਜਿਸ ‘ਤੇ ਕਬਜਾ ਕਰਨ, ਇਸ ਧਰੋਹਰ ਨੂੰ ਵੇਚਣ ਜਾਂ ਇਸ ਰਾਹੀਂ ਪੈਸਾ ਕਮਾਉਣ ਦੀ ਖੁੱਲ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕਦੀ।
ਇਸੇ ਦੌਰਾਨ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਹੈ ਦਿੱਲੀ ਵਿਖੇ ਇਸੇ ਨਿੱਜੀ ਫਰਮ ਵਲੋਂ ਕਰਵਾਈ ਜਾ ਰਹੀ ‘ਵਰਲਡ ਗੱਤਕਾ ਲੀਗ’ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਦਾ ਕੋਈ ਸਬੰਧ ਨਹੀਂ ਅਤੇ ਨਾ ਹੀ ਇਸ ਗੱਤਕਾ ਲੀਗ ਨੂੰ ਉਨਾਂ ਵਲੋਂ ਕੋਈ ਵੀ ਮਾਨਤਾ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਲਿਮੀਟਡ ਤੇ ਨਿੱਜੀ ਫਰਮ ਵਲੋਂ ਇਹ ਲੀਗ ਕਰਵਾਉਣ ਦਾ ਪ੍ਰਚਾਰ ਕਰਕੇ ਗੱਤਕਾ ਖਿਡਾਰੀਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਥਾਪਤ ਕਾਨੂੰਨ ਤੇ ਨਿਯਮਾਂ ਮੁਤਾਬਕ ਕਿਸੇ ਵੀ ਪੱਧਰ ਦਾ ਕੌਮੀ ਜਾਂ ਕੌਮਾਂਤਰੀ ਟੂਰਨਾਮੈਂਟ ਸਿਰਫ ਵਿਸ਼ਵ ਖੇਡ ਫੈਡਰੇਸ਼ਨ ਜਾਂ ਰਾਸ਼ਟਰੀ ਖੇਡ ਫੈਡਰੇਸ਼ਨ ਦੀ ਨਿਗਰਾਨੀ ਹੇਠ ਹੀ ਕਰਵਾਇਆ ਜਾ ਸਕਦਾ ਹੈ ਜਦ ਕਿ ਇਸ ਲੀਗ ਨੂੰ ਕਰਵਾਉਣ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਜਾਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਤੋਂ ਕੋਈ ਵੀ ਪ੍ਰਵਾਨਗੀ ਨਹੀਂ ਲਈ ਗਈ ਜੋ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਨੈਸ਼ਨਲ ਸਪੋਰਟਸ ਕੋਡ ਅਤੇ ਭਾਰਤੀ ਓਲੰਪਿਕ ਚਾਰਟਰ ਦੀ ਘੋਰ ਉਲੰਘਣਾ ਹੈ।
ਗਰੇਵਾਲ ਨੇ ਦੇਸ਼-ਵਿਦੇਸ਼ ਵਿਚ ਵੱਸਦੇ ਸਮੂਹ ਗੱਤਕਾ ਖਿਡਾਰੀਆਂ ਅਤੇ ਉਕਤ ਦੋਹਾਂ ਗੱਤਕਾ ਸੰਸਥਾਵਾਂ ਨਾਲ ਜੁੜੇ ਰੈਫ਼ਰੀਆਂ ਅਤੇ ਕੋਚਾਂ ਨੂੰ ਕਿਹਾ ਹੈ ਕਿ ਉਹ ਇਕ ਵਿਅਕਤੀ ਵੱਲੋਂ ਨਿੱਜੀ ਤੌਰ ’ਤੇ ਕਰਵਾਈ ਜਾ ਰਹੀ ਅਜਿਹੀ ਲੀਗ ਜਾਂ ਟੂਰਨਾਮੈਂਟ ਵਿਚ ਹਰਗਿਜ਼ ਭਾਗ ਨਾ ਲੈਣ ਕਿਉਂਕਿ ਅਜਿਹੇ ਗੈਰਮਾਨਤਾ ਪ੍ਰਾਪਤ ਟੂਰਨਾਮੈਂਟ ਦੌਰਾਨ ਮਿਲਣ ਵਾਲੇ ਸਰਟੀਫਿਕੇਟਾਂ ਦੀ ਵੀ ਕੋਈ ਮਾਨਤਾ ਨਹੀਂ ਹੋਵੇਗੀ।