
ਆਪ ਵਫ਼ਦ ਨੇ ਚੇਤਨ ਸਿੰਘ ਜੋੜਮਾਜਰਾ 'ਤੇ ਹੋਏ ਹਮਲੇ ਦੇ ਸਬੰਧ 'ਚ ਮੁੱਖ ਚੋਣ ਅਧਿਕਾਰੀ ਨਾਲ ਕੀਤੀ ਮੁਲਾਕਾਤ
ਚੰਡੀਗੜ੍ਹ : ਪੰਜਾਬ 'ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਅਜਿਹਾ ਕੋਈ ਦਿਨ ਨਹੀਂ ਹੈ ਜਿਸ ਦਿਨ ਸੂਬੇ 'ਚ ਲੁੱਟ ਮਾਰ ਜਾਂ ਕੋਈ ਹੋਰ ਅਣਸੁਖਾਵੀਂ ਘਟਨਾ ਦੀ ਖ਼ਬਰ ਨਾ ਆਈ ਹੋਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ 'ਆਪ' ਹੈੱਡਕੁਆਟਰ ਤੋਂ ਜਾਰੀ ਪ੍ਰੈੱਸ ਬਿਆਨ 'ਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕੀਤਾ।
ਮਾਨ ਨੇ ਕਿਹਾ ਕਿ ਅੱਜ ਵਾਪਰੀ ਘਟਨਾ ਵਿਚ ਆਮ ਆਦਮੀ ਪਾਰਟੀ ਪਟਿਆਲਾ (ਦਿਹਾਤੀ) ਦੇ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜਮਾਜਰਾ 'ਤੇ ਸ਼ਰਾਰਤੀ ਅਨਸਰਾਂ ਵੱਲੋਂ ਗੋਲੀ ਚਲਾ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੋੜਮਾਜਰਾ 'ਤੇ ਹਮਲਾ ਉਦੋਂ ਹੋਇਆ ਜਦੋਂ ਉਹ ਗੁੰਡਿਆਂ ਤੋਂ ਇੱਕ ਲੜਕੀ ਨੂੰ ਅਗ਼ਵਾ ਕਰਨ ਤੋਂ ਬਚਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਗਰੋਂ ਜੋੜਮਾਜਰਾ ਨੂੰ ਨੇੜੇ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
AAP delegation met Chief Electoral Officer Punjab-2
ਮਾਨ ਨੇ ਕਿਹਾ ਕਿ ਇਹ ਅਜਿਹੀ ਕੋਈ ਪਹਿਲੀ ਘਟਨਾ ਨਹੀਂ ਹੈ ਜਿਸ ਵਿਚ ਕਾਨੂੰਨ ਅਤੇ ਪੁਲਿਸ ਦੇ ਡਰ ਤੋਂ ਬੇਖ਼ੌਫ ਗੁੰਡਿਆਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ 'ਚ ਹਰ ਰੋਜ਼ ਅਜਿਹੀਆਂ ਅਣਗਿਣਤ ਘਟਨਾਵਾਂ ਹੋ ਰਹੀਆਂ ਹਨ। ਆਮ ਆਦਮੀ ਪਾਰਟੀ ਦੇ ਇੱਕ ਵਫ਼ਦ ਨੇ ਅੱਜ ਇਸ ਘਟਨਾ ਦੇ ਸਬੰਧ 'ਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨਾਲ ਮੁਲਾਕਾਤ ਕਰ ਕੇ ਸਮੁੱਚੀ ਘਟਨਾ ਦੀ ਜਾਣਕਾਰੀ ਦਿੱਤੀ।
ਵਫ਼ਦ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਅਮਰਜੀਤ ਸਿੰਘ ਸੰਦੋਆ ਅਤੇ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਐਡਵੋਕੇਟ ਜਸਤੇਜ ਸਿੰਘ ਸ਼ਾਮਲ ਸਨ। ਮੁਲਾਕਾਤ ਉਪਰੰਤ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸੰਧਵਾਂ ਨੇ ਕਿਹਾ ਕਿ ਸਰਕਾਰ ਅਤੇ ਪੁਲਿਸ ਦੀ ਨਾਲਾਇਕੀ ਕਾਰਨ ਪੰਜਾਬ ਦੀਆਂ ਧੀਆਂ ਭੈਣਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਰੋਜ਼ ਲੁੱਟ-ਖਸੁੱਟ, ਛੇੜਛਾੜ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਨਾਲ ਸੂਬੇ ਦਾ ਹਰ ਨਾਗਰਿਕ ਡਰ ਦੇ ਮਾਹੌਲ ਵਿਚ ਜਿਊਣ ਲਈ ਮਜਬੂਰ ਹੋ ਰਿਹਾ ਹੈ।