
ਹਿੰਦ-ਪਾਕਿਸਤਾਨ ਅਧਿਕਾਰੀਆਂ ਦੀ ਮੀਟਿੰਗ
ਅੰਮ੍ਰਿਤਸਰ : ਪੁਲਵਾਮਾ ਘਟਨਾ ਤੋਂ ਬਾਅਦ ਅੱਜ ਅਟਾਰੀ ਸਰਹੱਦ 'ਤੇ ਹਿੰਦ-ਪਾਕਿਸਤਾਨ ਅਧਿਕਾਰੀਆਂ ਦੀ ਮੀਟਿੰਗ ਬਾਅਦ ਪੱਤਰਕਾਰ ਸੰਮੇਲਨ 'ਚ ਖਾਲਿਸਤਾਨ, ਖਾੜਕੂਵਾਦ ਅਤੇ ਪਾਕਿਸਤਾਨੀ ਸਿੱਖ ਖਾੜਕੂ ਗੋਪਾਲ ਸਿੰਘ ਚਾਵਲਾ ਦਾ ਮੁੱਦਾ ਛਾਇਆ ਰਿਹਾ। ਮੀਡੀਆ ਵਲੋਂ ਉਕਤ ਸਬੰਧੀ ਪੁੱਛੇ ਗਏ ਸਵਾਲਾਂ 'ਚ ਇਸ ਮੌਕੇ ਭਾਰਤੀ ਅਧਿਕਾਰੀਆਂ ਐਸਸੀਐਲ ਦਾਸ ਅਤੇ ਨਿੱਧੀ ਖਰੇ ਤੇ ਹੋਰਨਾ ਨੂੰ ਕਹਿਣਾ ਪਿਆ ਕਿ ਭਾਰਤ ਨੂੰ ਸਭ ਤੋਂ ਪਹਿਲਾਂ ਅਪਣੇ ਨਾਗਰਿਕਾਂ ਦੀ ਸੁਰੱਖਿਆ ਕਰਨੀ ਹੈ। ਸੁਰੱਖਿਆ ਦੇ ਸਵਾਲ ਅਤੇ ਖਾੜਕੂਵਾਦ ਨੂੰ ਸ਼ਹਿ ਦੇਣ ਵਾਲੇ ਮੁਲਕ ਨੂੰ ਭਾਰਤ ਸਰਕਾਰ ਦੀਆਂ ਨੀਤੀਆਂ ਦਾ ਪੂਰਾ ਪਤਾ ਹੈ। ਭਾਰਤ ਕਿਸੇ ਵੀ ਕੀਮਤ 'ਤੇ ਉਹ ਕੋਈ ਕੰਮ ਨਹੀਂ ਕਰੇਗਾ, ਜਿਸ ਨਾਲ ਸੁਰੱਖਿਆ ਨੂੰ ਕੋਈ ਆਂਚ ਆਉਂਦੀ ਹੋਵੇ। ਭਾਰਤ ਸਰਕਾਰ ਦੋਵਾਂ ਪਾਸਿਆਂ ਦੀ ਸੁਰੱਖਿਆਂ ਤੋਂ ਜਾਣੂ ਹੈ ਤੇ ਇਸ ਸਬੰਧੀ ਭਾਰਤੀ ਹਕੂਮਤ ਨੇ ਪੁਖਤਾ ਪ੍ਰਬੰਧ ਕੀਤੇ ਹਨ।
ਭਾਰਤ ਨੂੰ ਸਾਰੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਆ ਦੇਣ ਦੀ ਜ਼ਿੰਮੇਵਾਰੀ ਹੈ। ਸ਼ਰਧਾਲੂਆਂ ਦੀ ਆੜ 'ਚ ਕਿਸੇ ਨੂੰ ਵੀ ਘੁੱਸਪੈਠ ਨਹੀਂ ਕਰਨ ਦਿਤੀ ਜਾਵੇਗੀ ਅਤੇ ਇਸ ਸਬੰਧੀ ਸਾਡੀਆਂ ਵੱਖ-ਵੱਖ ਏਜੰਸੀਆਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਮੀਡੀਆ ਨੇ ਪਾਕਿਸਤਾਨੀ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਦੀਆਂ ਪਾਕਿਸਤਾਨ 'ਚ ਹੋ ਰਹੀਆਂ ਸਰਗਰਮੀਆਂ ਅਤੇ ਆਈਐਸਆਈ ਦੇ ਮਨਸੂਬਿਆਂ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਨ 'ਤੇ ਭਾਰਤੀ ਅਧਿਕਾਰੀਆਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਸਾਡੀ ਹਕੂਮਤ ਜਾਗਰੁਕ ਹੈ ਅਤੇ ਪੂਰੀ ਆਸ ਹੈ ਕਿ ਬਾਬੇ ਨਾਨਕ ਦੇ 550 ਜਨਮ ਦਿਨ ਮੌਕੇ ਪਾਕਿਸਤਾਨ ਸਰਕਾਰ ਕੋਈ ਵੀ ਖਾੜਕੂਵਾਦ ਘਟਨਾ ਨੂੰ ਆਗਿਆ ਨਹੀਂ ਦੇਵੇਗੀ।
Gopal Chawla
ਮੀਡੀਆ ਨੇ ਇਸ ਮੌਕੇ 2020 ਰਿਫਰੈਂਡਮ ਦਾ ਮੁੱਦਾ ਵੀ ਉਠਾਇਆ ਗਿਆ। ਭਾਰਤੀ ਅਧਿਕਾਰੀਆਂ ਮੁਤਾਬਕ ਦਹਿਸ਼ਤਵਾਦ ਨੂੰ ਸਿਰ ਨਹੀਂ ਚੁੱਕਣ ਦਿਤਾ ਜਾਵੇਗਾ। ਪਾਕਿਸਤਾਨ ਅਧਿਕਾਰੀਆਂ ਨੂੰ ਸ਼ਪੱਸ਼ਟ ਕਰ ਦਿਤਾ ਗਿਆ ਹੈ ਕਿ ਉਹ ਸ਼ਰਧਾਲੂਆਂ ਨੂੰ ਆਸਥਾ ਮੁਤਾਬਕ ਗੁਰੂ ਘਰ 'ਚ ਮੱਥਾ ਟੇਕਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਪਰ ਖਾੜਕੂ ਧਿਰਾਂ ਜੋ ਪਾਕਿਸਤਾਨ 'ਚ ਬੈਠੀਆਂ ਹਨ, ਉਹ ਪਹਿਲਾਂ ਜਥਿਆਂ ਵਾਂਗ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਤੇ ਤੰਗ ਪ੍ਰੇਸ਼ਾਨੀ ਸ਼ਰਧਾਲੂਆਂ ਨੂੰ ਨਾ ਕਰਨ ਤੋਂ ਵੀ ਸੁਚੇਤ ਕੀਤਾ ਹੈ। ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਤੋਂ ਇਲਾਵਾ ਹੋਰ ਅਡਵਾਂਸ ਸੁਰੱਖਿਆ ਪ੍ਰਣਾਲੀਆਂ ਦੇ ਨਾਲ ਲੈਸ ਕੀਤਾ ਜਾਵੇਗਾ।
ਇਸ ਨੂੰ ਨਵੰਬਰ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਯਾਦਗਰੀ ਸਮਾਰੋਹ ਤੋਂ ਪਹਿਲਾ ਬਣਾਏ ਜਾਣ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਮੁੱਖ ਯਾਤਰੀ ਟਰਮੀਨਲ ਕੰਪਲੈਕਸ ਅਤਿ ਆਧੁਨਿਕ ਸੁਵਿਧਾਵਾਂ ਨਾਲ ਤਿਆਰ ਕੀਤਾ ਜਾਵੇਗਾ, ਜਿਸ ਵਿਚ ਸ਼ਰਧਾਲੂਆਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਯਾਤਰੀਆਂ ਦੀ ਸਕਿਉਰਟੀ ਦੀ ਜ਼ਿੰਮੇਵਾਰੀ ਵੀ ਭਾਰਤ ਸਰਕਾਰ ਦੀ ਹੋਵੇਗੀ। ਉਕਤ ਭਾਰਤੀ ਅਫ਼ਸਰਾਂ ਨੂੰ ਅਟਾਰੀ ਸਰਹੱਦ 'ਤੇ ਕੰਮ ਕਰਦੇ ਕੁੱਲੀਆਂ ਨੇ ਅਪਣੇ ਦੁਖੜੇ ਸੁਣਾਉਂਦੇ, ਮੰਗ ਪੱਤਰ ਦਿੰਦੇ ਕਿਹਾ ਕਿ ਭਾਰਤ-ਪਾਕਿ ਵਪਾਰਕ ਸੌਦੇ ਜਲਦੀ ਤੋਂ ਜਲਦੀ ਸ਼ੁਰੂ ਕੀਤੇ ਜਾਣ ਤਾਂ ਜੋ ਉਹ ਅਪਣੇ ਬੱਚਿਆਂ ਦਾ ਪੇਟ ਪਾਲ ਸਕਣ।