
ਕਿਹਾ, ਕਣਕ ਦੀ ਖਰੀਦ ਲਈ ਮੜੀਆਂ ਜਾ ਰਹੀਆਂ ਸਰਤਾਂ ਕਿਸੇ ਵੀ ਹਾਲਤ ਵਿਚ ਨਹੀਂ ਕਰਾਂਗੇ ਪ੍ਰਵਾਨ
ਸੁਲਤਾਨਪੁਰ ਲੋਧੀ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦਾ ਘੇਰਾ ਜਿੱਥੇ ਦਿਨੋ-ਦਿਨ ਹੋਰ ਵਿਸ਼ਾਲ ਹੁੰਦਾ ਜਾ ਰਿਹਾ ਹੈ ਉਥੇ ਹੀ ਕਿਸਾਨੀ ਮੰਗਾਂ ਦੇ ਨਾਲ-ਨਾਲ ਦੂਸਰੇ ਮਸਲਿਆਂ ਨੂੰ ਵੀ ਛੋਹਣਾ ਸ਼ੁਰੂ ਕਰ ਦਿੱਤਾ ਹੈ। ਪੰਜ ਰਾਜਾਂ ਦੀਆਂ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਦਿੱਲੀ ਦੀਆਂ ਬਰੂਹਾਂ 'ਤੇ ਸਾਢੇ ਤਿੰਨ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੇ ਹੁਣ ਚੋਣਾਂ ਵਾਲੇ ਸੂਬਿਆਂ ਵਿਚ ਰੈਲੀਆਂ ਅਤੇ ਪੰਚਾਇਤਾਂ ਜ਼ਰੀਏ ਲੋਕਾਂ ਨੂੰ ਸੱਤਾਧਾਰੀ ਧਿਰ ਖਿਲਾਫ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛੇ ਰਹਿ ਗਏ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ 'ਤੇ ਡਿਊਟੀਆਂ ਨਿਭਾਉਣ ਦੇ ਨਾਲ-ਨਾਲ ਬਾਕੀ ਥਾਵਾਂ 'ਤੇ ਮੋਰਚੇ ਸੰਭਾਲੇ ਹੋਏ ਹਨ।
Kisan Mazdoor Maha Rally
ਇਸੇ ਤਹਿਤ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਸੁਲਤਾਨਪੁਰ ਲੋਧੀ ਵਿਖੇ ਕਿਸਾਨ ਮਜ਼ਦੂਰ ਮਹਾ ਰੈਲੀ ਕੀਤੀ ਗਈ। ਰੈਲੀ ਵਿਚ ਜਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਨੰਗਲ ਅਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ, ਸ਼ਿਵਕੰਵਰ ਸਿੰਘ ਸੰਧੂ ਨੇ ਵਿਚਾਰ ਰੱਖੇ। ਕਿਸਾਨ ਮਜਦੂਰ ਮਹਾਂਰੈਲੀ ਨੂੰ ਸਬੋਧਨ ਕਰਦਿਆਂ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਅੰਦੋਲਨ ਵਿਆਪਕ ਅਤੇ ਵਿਸ਼ਾਲ ਪੱਧਰ ’ਤੇ ਨਵੀਆਂ ਸਿਖ਼ਰਾਂ ਨੂੰ ਛੂਹ ਰਿਹਾ ਹੈ ਅਤੇ ਪੂਰੇ ਦੇਸ਼ ਵਿਚ ਇਸ ਅੰਦੋਲਨ ਦਾ ਫੈਲਾਅ ਹੋ ਰਿਹਾ ਹੈ।
Kisan Mazdoor Maha Rally
ਖੇਤੀ ਦੇ ਤਿੰਨ ਕਾਨੂੰਨ, ਸਾਰੀਆਂ ਫਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਆਦਿ ਮੰਗਾਂ ਨੂੰ ਮਨਾਉਣ ਲਈ ਮੋਦੀ ਸਰਕਾਰ ਦੇ ਵਿਰੋਧ ਵਿਚ ਆਮ ਲੋਕਾਂ ਦਾ ਵਿਰੋਧ ਰੂਪੀ ਲਾਵਾ ਜਿਸ ਤਰ੍ਹਾਂ ਨਾਲ ਫੁੱਟ ਰਿਹਾ ਹੈ, ਉਹ ਮੌਜੂਦਾ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਹੋਂਦ ਦੇ ਸੰਘਰਸ਼ ਨੂੰ ਜਿੱਤ ਵਾਲੇ ਪਾਸੇ ਲੈ ਜਾਵੇਗਾ ਅਤੇ ਕੇਂਦਰ ਸਰਕਾਰ ਦੇ ਸਾਰੇ ਭਰਮ-ਭੁਲੇਖੇ ਦੂਰ ਕਰੇਗਾ।
Kisan Mazdoor Maha Rally
ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਕਣਕ ਦੀ ਖ਼ਰੀਦ ਨੂੰ ਲੈ ਕੇ ਮੜੀਆਂ ਜਾ ਰਹੀਆਂ ਸ਼ਰਤਾਂ ਪ੍ਰਵਾਨ ਨਹੀਂ ਕਰਾਂਗੇ, ਕਿਸਾਨ ਐੱਫ. ਸੀ. ਆਈ. ਨੂੰ ਕਿਸੇ ਕਿਸਮ ਦੀਆਂ ਫ਼ਰਦਾਂ ਜਮਾਂ ਨਹੀਂ ਕਰਵਾਉਣਗੇ।
Kisan Mazdoor Maha Rally
ਬੇ-ਜ਼ਮੀਨੇ ਕਿਸਾਨ ਆਬਾਦਕਾਰ ਅਤੇ ਠੇਕੇ ਵਾਲੇ ਕਾਸ਼ਤਕਾਰਾਂ ਦੀ ਕਣਕ ਦੀ ਫ਼ਸਲ ਮੰਡੀ ਵਿਚ ਸੰਘਰਸ਼ ਦੇ ਦਬਾਅ ਹੇਠ ਵਿਕਾਉਣਗੇ, ਜਥੇਬੰਦੀ ਸਾਰੇ ਕਿਸਾਨਾਂ ਮਜਦੂਰਾਂ ਨੂੰ ਇਸ ਦੇ ਵਿਰੋਧ ਕਰਨ ਦਾ ਸੱਦਾ ਦਿੰਦੀ ਹੈ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਅਤੇ ਕੈਪਟਨ ਸਰਕਾਰ ਖੰਡ ਮਿੱਲਾਂ ਦਾ ਰਹਿੰਦਾ ਬਕਾਇਆ ਤੁਰੰਤ ਜਾਰੀ ਕਰੇ। ਇਸ ਮੌਕੇ ਦਿੱਲੀ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਅਤੇ ਮਜ਼ਦੂਰ ਆਗੂ ਨੌਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।