
ਪਾਕਿਸਤਾਨੀ ਭਾਰਤੀ ਸਰਹੱਦ ਪਾਰ ਕਰਕੇ ਭਾਰਤ ਵਿੱਚ ਹੋਇਆ ਸੀ ਦਾਖ਼ਲ
Amritsar News: ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ 'ਤੇ ਸ਼ੱਕੀ ਗਤੀਵਿਧੀਆਂ ਕਾਰਨ ਸੀਮਾ ਸੁਰੱਖਿਆ ਬਲ (BSF) ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀ ਅੰਮ੍ਰਿਤਸਰ ਸੈਕਟਰ ਦੇ ਬਾਰਡਰ ਆਊਟ ਪੋਸਟ (ਬੀਓਪੀ) ਮੁੱਲਾਕੋਟ ਤੋਂ ਕੀਤੀ ਗਈ।
ਬੀਐਸਐਫ਼ ਵੱਲੋਂ ਫੜੇ ਗਏ ਪਾਕਿਸਤਾਨੀ ਦੀ ਪਛਾਣ ਮੁਹੰਮਦ ਜ਼ੈਦ ਵਜੋਂ ਹੋਈ ਹੈ, ਜੋ ਕਿ ਪਾਕਿਸਤਾਨ ਦੇ ਹਕੀਮਾ ਵਾਲਾ ਪਿੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।
ਗਸ਼ਤ ਦੌਰਾਨ, ਬੀਐਸਐਫ ਜਵਾਨਾਂ ਨੇ ਇੱਕ ਵਿਅਕਤੀ ਨੂੰ ਸਰਹੱਦ ਪਾਰ ਸ਼ੱਕੀ ਢੰਗ ਨਾਲ ਘੁੰਮਦੇ ਦੇਖਿਆ। ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ। ਇਸ 'ਤੇ ਸਿਪਾਹੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੀ ਤਲਾਸ਼ੀ ਲਈ।
ਗ੍ਰਿਫ਼ਤਾਰੀ ਤੋਂ ਬਾਅਦ, ਬੀਐਸਐਫ਼ ਅਧਿਕਾਰੀ ਮੁਹੰਮਦ ਜ਼ੈਦ ਤੋਂ ਪੁੱਛਗਿੱਛ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਉਹ ਗ਼ਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਜਾਂ ਕਿਸੇ ਸਾਜ਼ਿਸ਼ ਦੇ ਹਿੱਸੇ ਵਜੋਂ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਇਸ ਘਟਨਾ ਤੋਂ ਬਾਅਦ ਸਰਹੱਦ 'ਤੇ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ। ਬੀਐਸਐਫ਼ ਦੇ ਨਾਲ-ਨਾਲ ਹੋਰ ਖੁਫ਼ੀਆ ਏਜੰਸੀਆਂ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।