
ਚੰਡੀਗੜ੍ਹ ਪੁਲੀਸ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਲੋੜਵੰਦ ਲੋਕਾਂ ਦੀ
ਚੰਡੀਗੜ੍ਹ, 13 ਅਪ੍ਰੈਲ (ਬਠਲਾਣਾ): ਚੰਡੀਗੜ੍ਹ ਪੁਲੀਸ ਦੇ ਡੀਜੀਪੀ ਸੰਜੇ ਬੈਨੀਵਾਲ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਕਿ ਹਰ ਧਰਮ ਸਾਨੂੰ ਇਹ ਸਿਖਾਉਂਦਾ ਹੈ ਕਿ ਲੋੜਵੰਦ ਲੋਕਾਂ ਦੀ ਮਦਦ ਲਈ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਪਰ ਇਹ ਮਦਦ ਉਸ ਸਮੇਂ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜਦੋਂ ਅਜਿਹੇ ਲੋੜਵੰਦ ਲੋਕ ਕਰਫ਼ਿਊ ਅਤੇ ਕੋਰੋਨਾ ਵਾਇਰਸ ਵਰਗੇ ਸੰਕਟ ਦੀ ਮਾਰ ਝੱਲ ਰਹੇ ਹੋਣ। ਸ਼੍ਰੀ ਬੈਨੀਵਾਲ ਅੱਜ ਸਥਾਨਕ ਸੈਕਟਰ 15 ਵਿਚ ਜੋਸ਼ੀ ਫ਼ਾਊਂਡੇਸ਼ਨ ਅਤੇ ਹਾਰਟ ਫ਼ਾਊਂਡੇਸ਼ਨ ਵਲੋਂ ਸਾਂਝੇ ਤੌਰ 'ਤੇ ਵਿੱਢੀ ਗਈ ਜਨ-ਜਨ ਭੋਜਨ ਖੁਰਾਕ ਜ਼ਰੂਰਤਮੰਦਾਂ ਨੂੰ 11ਵੇਂ ਦਿਨ ਖਾਣੇ ਦੇ ਪੈਕੇਟ ਵੰਡਣ ਦੀ ਸ਼ੁਰੂਆਤ ਕਰ ਰਹੇ ਸਨ। ਉਨ੍ਹਾਂ ਅੱਜ ਕਰੀਬ 4000 ਲੋੜਵੰਦ ਪਰਵਾਰਾਂ ਨੂੰ ਖਾਣੇ ਦੇ ਪੈਕੇਟ ਵੰਡੇ।
ਉਨ੍ਹਾਂ ਕਿਹਾ ਕਿ ਉੁਕਤ ਦੋਵਾਂ ਸੰਸਥਾਵਾਂ ਨੇ ਯੂ.ਪੀ. ਪ੍ਰਸ਼ਾਸਨ ਦੇ ਮੋਢੇ ਨਾਲ ਮੋਢਾ ਜੋੜ ਕੇ ਅਜਿਹੇ ਲੋਕਾਂ ਦੀ ਬਾਂਹ ਫੜੀ ਹੈ, ਜੋ ਪ੍ਰਸ਼ਾਸਨਕ ਸਹੂਲਤਾਂ ਦੀ ਪਹੁੰਚ ਤੋਂ ਵਾਂਝੇ ਰਹਿ ਗਏ ਸਨ। ਇਸ ਮੌਕੇ ਜੋਸ਼ੀ ਫ਼ਾਊਂਡੇਸ਼ਨ ਦੇ ਚੇਅਰਮੈਨ ਵਿਨੀਤ ਜੋਸ਼ੀ ਨੇ ਕਿਹਾ ਕਿ ਅੱਜ ਤਿਆਰ ਕੀਤੇ ਗਏ ਰੋਜ਼ਾਨਾ ਖੁਰਾਕ ਦੇ 4000 ਪੈਕੇਟਾਂ ਵਿਚੋਂ 2000 ਪੈਕੇਟ ਯੂ.ਟੀ. ਪ੍ਰਸ਼ਾਸਨ ਰਾਹੀਂ ਵੰਡੇ ਜਾਣਗੇ ਜਦਕਿ ਬਾਕੀ ਪੈਕੇਟ ਈ.ਡਬਲਊ.ਐਸ. ਦੇ ਛੋਟੇ ਫ਼ਲੈਟਾਂ, ਧਨਾਸ, ਕੱਚੀ ਕਾਲੋਨੀ ਆਦਿ ਇਲਾਕਿਆਂ ਵਿਚ ਰਹਿੰਦੇ ਲੋੜਵੰਦ ਪਰਵਾਰਾਂ ਨੂੰ ਦਿਤੇ ਜਾਣਗੇ। ਉਨ੍ਹਾਂ ਕਿਹਾ ਕਿ ਖਾਣਾ ਵੰਡਣ ਸਮੇਂ ਸੋਸ਼ਲ ਡਿਸਟੈਂਸਿੰਗ ਦਾ ਖਾਸਾ ਧਿਆਨ ਰਖਿਆ ਜਾਂਦਾ ਹੈ।
File photo
ਹਾਰਟ ਫ਼ਾਊਂਡੇਸ਼ਨ ਦੇ ਚੇਅਰਮੈਨ ਡਾ. ਐਚ.ਕੇ. ਬਾਲੀ ਨੇ ਕਿਹਾ ਕਿ ਜੋਸ਼ੀ ਫ਼ਾਊਂਡੇਸ਼ਨ ਦੇ ਸਹਿਯੋਗ ਅਤੇ ਪ੍ਰਸ਼ਾਸਨ ਵਲੋਂ ਮਿਲਦੀ ਹੱਲਾਸ਼ੇਰੀ ਸਦਕਾ ਉਨ੍ਹਾਂ ਨੇ ਅਪਣੇ ਪੜਾਅ ਦੇ 11 ਦਿਨ ਮੁਕੰਮਲ ਕਰ ਲਏ ਹਨ ਅਤੇ ਉਨ੍ਹਾਂ ਦਾ ਯਤਨ ਰਹੇਗਾ ਕਿ ਆਮ ਲੋਕਾਂ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਨਿਰੰਤਰ ਜਾਰੀ ਰਖਿਆ ਜਾਵੇ। ਜੋਸ਼ੀ ਫ਼ਾਊਂਡੇਸ਼ਨ ਦੇ ਪ੍ਰਧਾਨ ਸੌਰਭ ਜੋਸ਼ੀ ਨੇ ਕਿਹਾ ਕਿ ਭੋਜਨ ਮੁਹਿੰਮ ਦੌਰਾਨ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਭੋਜਨ ਪ੍ਰਾਪਤ ਕਰਨ ਵਾਲੇ ਹਰ ਵਿਅਕਤੀ ਨੂੰ ਪਹਿਲਾਂ ਕੀਟਾਣੂ ਰਹਿਤ ਕੀਤਾ ਜਾਵੇ ਤਾਂ ਜੋ ਉਹ ਕਿਸੇ ਹੋਰ ਦੀ ਬੀਮਾਰੀ ਦਾ ਸਬੱਬ ਨਾ ਬਣ ਸਕੇ। ਇਸ ਮੌਕੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ ਅਤੇ ਚੰਡੀਗੜ੍ਹ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਮਵੀਰ ਭੱਟੀ ਮੌਜੂਦ ਸਨ।