
ਅਪ੍ਰੈਲ ’ਚ ਬਰਾਮਦ 40 ਅਰਬ ਡਾਲਰ ਦੇ ਪਾਰ, ਵਪਾਰ
ਘਾਟਾ ਵੀ ਵਧ ਕੇ 20 ਅਰਬ ਡਾਲਰ ਤੋਂ ਹੋਇਆ ਜ਼ਿਆਦਾ
ਨਵੀਂ ਦਿੱਲੀ, 14 ਮਈ : ਬਰਾਮਦ ਦੇ ਮੋਰਚੇ ’ਤੇ ਭਾਰਤ ਦੀ ਸਫ਼ਲਤਾ ਜਾਰੀ ਹੈ। ਵਿੱਤ ਸਾਲ 2021-22 ’ਚ ਰਿਕਾਰਡ ਬਰਾਮਦ ਤੋਂ ਬਾਅਦ ਵਿੱਤੀ ਸਾਲ 2022-23 ਦੇ ਪਹਿਲੇ ਮਹੀਨੇ ਅਪ੍ਰੈਲ ’ਚ ਵੀ ਇਸ ’ਚ ਚੰਗੀ-ਖਾਸਾ ਵਾਧਾ ਦਰਜ ਕੀਤਾ ਗਿਆ ਹੈ। ਅਪ੍ਰੈਲ 2022 ’ਚ ਦੇਸ਼ ਤੋਂ ਵਸਤਾਂ ਦੀ ਬਰਾਮਦ ’ਚ 30 .7 ਫ਼ੀ ਸਦੀ ਦਾ ਵਾਧਾ ਦਰਜ ਕੀਤੀ ਗਿਆ ਹੈ। ਵਣਜ ਮੰਤਰਾਲਾ ਵਲੋਂ ਜਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿਤੀ ਗਈ ਹੈ। ਵਣਜ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਅਪ੍ਰੈਲ 2022 ’ਚ ਬਰਾਮਦ 40 ਅਰਬ ਡਾਲਰ ਨੂੰ ਪਾਰ ਕਰ ਕੇ ਨਵੀਂ ਉਚਾਈ ’ਤੇ ਪਹੁੰਚ ਗਈ ਹੈ। ਹਾਲਾਂਕਿ ਇਸ ਮਹੀਨੇ ਦਰਾਮਦ ’ਚ ਵੀ ਭਾਰੀ ਵਾਧਾ ਹੋਇਆ ਹੈ, ਜਿਸ ਵਜ੍ਹਾ ਨਾਲ ਵਪਾਰ ਘਾਟਾ ਵਧ ਕੇ 20 ਅਰਬ ਡਾਲਰ ਦੇ ਪਾਰ ਪਹੁੰਚ ਗਿਆ ਹੈ।
ਅੰਕੜਿਆਂ ਮੁਤਾਬਕ ਅਪ੍ਰੈਲ 2022 ’ਚ ਪੈਟਰੋਲੀਅਮ ਪ੍ਰੋਡਕਟਸ, ਇਲੈਕਟ੍ਰਾਨਿਕ ਗੁੱਡਸ, ਅਨਾਜ ਤੇ ਕੌਫ਼ੀ ਦੀ ਬਰਾਮਦ ’ਚ ਖਾਸਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਵਜ੍ਹਾ ਨਾਲ ਬਰਾਮਦ ਵਧ ਕੇ 40.19 ਅਰਬ ਡਾਲਰ ’ਤੇ ਪਹੁੰਚ ਗਈ ਹੈ। ਇਸ ਦੇ ਇਲਾਵਾ ਸਰਵਿਸਿਜ਼ ਐਕਸਪੋਰਟਸ ’ਚ ਵੀ 53 ਫ਼ੀ ਸਦੀ ਦਾ ਸ਼ਾਨਦਾਰ ਵਾਧਾ ਹੋਇਆ ਹੈ। ਅਪ੍ਰੈਲ ’ਚ ਇਹ 27.60 ਅਰਬ ਡਾਲਰ ਰਿਹਾ ਹੈ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਵਸਤਾਂ ਤੇ ਸੇਵਾਵਾਂ ਦੀ ਕੁੱਲ ਬਰਾਮਦ 67.79 ਅਰਬ ਡਾਲਰ ਰਹੀ ਹੈ। ਇਹ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਮੁਕਾਬਲੇ 38.9 ਫ਼ੀ ਸਦੀ ਜ਼ਿਆਦਾ ਹੈ। ਪਟਰੌਲੀਅਮ ਪ੍ਰੋਡਕਟਸ ਦੀ ਬਰਾਮਦ ’ਚ 127.69 ਫ਼ੀ ਸਦੀ ਦੀ ਜ਼ਬਰਦਸਤ ਤੇਜ਼ੀ ਆਈ ਹੈ। ਇਸ ਤੋਂ ਬਾਅਦ ਇਲੈਕਟ੍ਰਾਨਿਕ ਗੁੱਡਸ ਦੀ ਬਰਾਮਦ 71.69 ਫ਼ੀ ਸਦੀ ਵਧੀ ਹੈ, ਜਦਕਿ ਅਨਾਜ ਦੀ ਬਰਾਮਦ ’ਚ 60.83 ਫ਼ੀ ਸਦੀ ਤੇ ਕੌਫ਼ੀ ਦੀ ਬਰਾਮਦ ’ਚ 59.38 ਫ਼ੀ ਸਦੀ ਦਾ ਉਛਾਲ ਆਇਆ ਹੈ। ਪ੍ਰੋਸੈਸਡ ਫ਼ੂਡ ’ਚ 38.82 ਫ਼ੀ ਸਦੀ ਤੇ ਲੈਦਰ ਪ੍ਰੋਡਕਟ ਦੀ ਬਰਾਮਦ ’ਚ 36.68 ਫ਼ੀ ਸਦੀ ਦਾ ਵਾਧਾ ਅਪ੍ਰੈਲ ਮਹੀਨੇ ’ਚ ਦਰਜ ਕੀਤੀ ਗਿਆ ਹੈ। ਇੰਜੀਨੀਅਰਿੰਗ ਵਸਤਾਂ ਦੀ ਬਰਾਮਦ 15.38 ਫ਼ੀ ਸਦੀ ਵਧ ਕੇ 9.2 ਅਰਬ ਡਾਲਰ ਹੋ ਗਈ।
ਹਾਲਾਂਕਿ ਅਪ੍ਰੈਲ ’ਚ ਵਿਦੇਸ਼ ਤੋਂ ਆਏ ਸਾਮਾਨਾਂ ਯਾਨੀ ਦਰਾਮਦ ਦੀ ਵਾਧਾ ਦਰ ਵੀ ਕਾਫ਼ੀ ਤੇਜ਼ ਰਹੀ ਹੈ। ਦਰਾਮਦ ’ਚ 30.97 ਫ਼ੀ ਸਦੀ ਦਾ ਵਾਧਾ ਹੋਇਆ ਤੇ ਇਹ 60.3 ਅਰਬ ਡਾਲਰ ’ਤੇ ਪਹੁੰਚ ਗਿਆ ਹੈ। ਇਸ ਵਜ੍ਹਾ ਨਾਲ ਵਪਾਰ ਘਾਟਾ ਵਧ ਕੇ 20.11 ਅਰਬ ਡਾਲਰ ਹੋ ਗਿਆ ਹੈ। ਇਕ ਸਾਲ ਪਹਿਲਾਂ ਦੀ ਸਮਾਨ ਮਿਆਦ ’ਚ ਵਪਾਰ ਘਾਟਾ 15.29 ਅਰਬ ਡਾਲਰ ਰਿਹਾ ਸੀ।
ਅਪ੍ਰੈਲ ’ਚ ਪਟਰੌਲੀਅਮ ਅਤੇ ਕੱਚੇ ਤੇਲ ਦੀ ਦਰਾਮਦ 87.54 ਫ਼ੀ ਸਦੀ ਵਧ ਕੇ 20.2 ਅਰਬ ਡਾਲਰ ਹੋ ਗਈ। ਕੋਲਾ, ਕੋਕ ਤੇ ਬ੍ਰਿਕੇਟਸ (ਕੋਇਲੇ ਦੀ ਇੱਟ) ਦੀ ਦਰਾਮਦ ਵਧ ਕੇ 4.93 ਅਰਬ ਡਾਲਰ ’ਤੇ ਪਹੁੰਚ ਗਈ, ਜੋ ਅਪ੍ਰੈਲ 2021 ’ਚ 2 ਅਰਬ ਡਾਲਰ ਸੀ। ਉਥੇ ਹੀ, ਸੋਨੇ ਦੀ ਦਰਾਮਦ ਲਗਭਗ 72 ਫ਼ੀ ਸਦੀ ਘੱਟ ਕੇ 1.72 ਅਰਬ ਡਾਲਰ ਰਹਿ ਗਈ। ਅਪ੍ਰੈਲ 2021 ’ਚ ਦੇਸ਼ ’ਚ 6.23 ਅਰਬ ਡਾਲਰ ਦਾ ਸੋਨਾ ਵਿਦੇਸ਼ਾਂ ਤੋਂ ਆਇਆ ਸੀ। (ਏਜੰਸੀ)