
'ਵਪਾਰੀਆਂ ਨੇ ਆਪਣੀਆਂ ਵੋਟਾਂ ਨਹੀਂ ਪਾਈਆਂ ਅਤੇ ਪੰਜਾਬ ਕਾਂਗਰਸ ਘੱਟ ਪੋਲਿੰਗ ਕਾਰਨ ਹਾਰ ਗਈ'
ਜਲੰਧਰ: ਪੰਜਾਬ ਕਾਂਗਰਸ ਨੇ ਆਪਣੇ ਗੜ੍ਹ ਜਲੰਧਰ 'ਚ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਐਤਵਾਰ ਨੂੰ ਪਹਿਲੀ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਾਰ ਦੀ ਜ਼ਿੰਮੇਵਾਰੀ ਲਈ ਹੈ ਪਰ ਪਾਰਟੀ ਦੀ ਹਾਰ ਦਾ ਕਾਰਨ ਪੰਜਾਬ ਪੁਲਿਸ ਅਤੇ ਹੋਰ ਏਜੰਸੀਆਂ ਵਲੋਂ ਕਾਂਗਰਸੀ ਵੋਟਰਾਂ ਨੂੰ ਧਮਕਾਇਆ ਜਾਣਾ ਦਸਿਆ। ਵੜਿੰਗ ਨੇ ਜਲੰਧਰ ਉਪ ਚੋਣ ਵਿਚ ਪੰਜਾਬ ਕਾਂਗਰਸ ਦੀ ਹਾਰ ਦਾ ਕਾਰਨ 12 ਫੀਸਦੀ ਘੱਟ ਪੋਲਿੰਗ ਵੋਟਾਂ ਨੂੰ ਦਸਿਆ।
ਇਹ ਵੀ ਪੜ੍ਹੋ: ਹੈਦਰਾਬਾਦ ਹਵਾਈ ਅੱਡੇ 'ਤੇ ਯਾਤਰੀ ਕੋਲੋਂ 67 ਲੱਖ ਰੁਪਏ ਤੋਂ ਵੱਧ ਦਾ ਸੋਨਾ ਕੀਤਾ ਬਰਾਮਦ
ਉਨ੍ਹਾਂ ਕਿਹਾ ਕਿ ਇਸ ਨਾਲ ਕਾਂਗਰਸ ਦਾ ਵੱਡਾ ਨੁਕਸਾਨ ਹੋਇਆ ਹੈ। ਅਜਿਹਾ ਨਾ ਹੁੰਦਾ ਤਾਂ ਪੰਜਾਬ ਕਾਂਗਰਸ ਚੋਣਾਂ ਜਿੱਤ ਸਕਦੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਵੋਟਰਾਂ ਨੂੰ ਪੁਲਿਸ ਵਲੋਂ ਨੋਟਿਸਾਂ ਰਾਹੀਂ ਅਤੇ ਹੋਰ ਤਰੀਕਿਆਂ ਨਾਲ ਧਮਕਾਇਆ ਗਿਆ। ਇਸੇ ਕਰਕੇ ਵਪਾਰੀਆਂ ਨੇ ਆਪਣੀਆਂ ਵੋਟਾਂ ਨਹੀਂ ਪਾਈਆਂ ਅਤੇ ਪੰਜਾਬ ਕਾਂਗਰਸ ਘੱਟ ਪੋਲਿੰਗ ਕਾਰਨ ਹਾਰ ਗਈ। ਰਾਜਾ ਵੜਿੰਗ ਨੇ ਕਿਹਾ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਟੇਜ ਤੋਂ ਲੋਕਾਂ ਨੂੰ ਕਿਹਾ ਸੀ ਕਿ ਸਰਕਾਰ 4 ਸਾਲ ਰਹੇਗੀ। ਅਜਿਹੇ 'ਚ ਤੁਸੀਂ ਕਿਸ ਕੋਲ ਕੰਮ ਲਈ ਜਾਓਗੇ, ਆਉਣਾ ਤਾਂ ਸਾਡੇ ਕੋਲ ਪਵੇਗਾ। ਇਸ ਕਾਰਨ ਕਾਰੋਬਾਰੀ ਅਤੇ ਹੋਰ ਵੋਟਰ ਇੱਧਰ-ਉਧਰ ਹੋ ਗਏ।
ਇਹ ਵੀ ਪੜ੍ਹੋ: ਮੁੰਬਈ 'ਚ 24 ਕਰੋੜ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਸਮੇਤ 5 ਮੁਲਜ਼ਮ ਗ੍ਰਿਫ਼ਤਾਰ
ਇਸ ਤੋਂ ਇਲਾਵਾ ਪੰਜਾਬ ਸਰਕਾਰ 'ਤੇ ਪਏ ਭਾਰੀ ਕਰਜ਼ੇ ਦੀ ਗੱਲ ਕਰਦਿਆਂ ਉਨ੍ਹਾਂ ਪੰਜਾਬੀਆਂ ਨਾਲ ਧੋਖਾ ਕਰਨ ਦੀ ਗੱਲ ਕਹੀ। ਰਾਜਾ ਵੜਿੰਗ ਨੇ ਦਸਿਆ ਕਿ ਜਲੰਧਰ ਉਪ ਚੋਣ ਤੋਂ ਕਰੀਬ ਇਕ ਮਹੀਨਾ ਪਹਿਲਾਂ ਇਹ ਖੇਡ ਖੇਡੀ ਗਈ। ਖਾਲਿਸਤਾਨ ਦੇ ਨਾਂ 'ਤੇ ਕਾਰੋਬਾਰੀਆਂ ਨੂੰ ਡਰਾਇਆ-ਧਮਕਾਇਆ ਗਿਆ। ਪੰਜਾਬ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਅੰਮ੍ਰਿਤਸਰ 'ਚ ਤਿੰਨ ਧਮਾਕਿਆਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਹ ਸਭ ਕਰਵਾ ਕੇ ਪੰਜਾਬ ਦੇ ਹਾਲਾਤ ਵਿਗੜਨ ਦੀ ਅਫਵਾਹ ਨਾਲ ਲੋਕਾਂ ਨੂੰ ਡਰਾਇਆ ਜਾ ਰਿਹਾ ਸੀ। ਭਾਜਪਾ ਦੀ ਜ਼ਮਾਨਤ ਜ਼ਬਤ ਹੋ ਗਈ ਹੈ। ਸਾਲ 2024 ਵਿਚ ਮੁੜ ਕਾਂਗਰਸ ਪਾਰਟੀ ਦਾ ਝੰਡਾ ਲਹਿਰਾਇਆ ਜਾਵੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਕਰਨਾਟਕ ਚੋਣਾਂ 'ਚ ਕਾਂਗਰਸ ਨੇ 224 'ਚੋਂ 135 ਸੀਟਾਂ 'ਤੇ ਇਕੱਲੇ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ 'ਆਪ' ਨੇ ਰਾਸ਼ਟਰੀ ਪਾਰਟੀ ਹੋਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ ਪਰ ਕਰਨਾਟਕ ਚੋਣਾਂ 'ਚ 'ਆਪ' ਦੇ ਖਾਤੇ 'ਚ 0.58 ਫੀਸਦੀ, ਇਕ ਫੀਸਦੀ ਤੋਂ ਵੀ ਘੱਟ ਵੋਟਾਂ ਪਈਆਂ। ਕਰਨਾਟਕ 'ਚ ਜਿਸ ਜਗ੍ਹਾ 'ਤੇ ਸੀਐੱਮ ਭਗਵੰਤ ਮਾਨ ਨੇ ਰੋਡ ਸ਼ੋਅ ਕੀਤਾ, ਉੱਥੇ 'ਆਪ' ਨੂੰ ਕਰੀਬ 384 ਵੋਟਾਂ ਮਿਲੀਆਂ।