
ਫਰੀਦਕੋਟ ਜ਼ਿਲ੍ਹੇ ਦੇ ਬਹਿਬਲਪੁਰ ਅਤੇ ਬਰਗਾੜੀ ਵਿਖੇ 2017 ਵਿੱਚ ਵਾਪਰਿਆ ਬੇਅਦਬੀ ਕਾਂਡ ਭਾਵੇਂ ਸਮੁੱਚੇ ਸਿੱਖ ਧਰਮ ਲਈ
ਪਟਿਆਲਾ : ਫਰੀਦਕੋਟ ਜ਼ਿਲ੍ਹੇ ਦੇ ਬਹਿਬਲਪੁਰ ਅਤੇ ਬਰਗਾੜੀ ਵਿਖੇ 2017 ਵਿੱਚ ਵਾਪਰਿਆ ਬੇਅਦਬੀ ਕਾਂਡ ਭਾਵੇਂ ਸਮੁੱਚੇ ਸਿੱਖ ਧਰਮ ਲਈ ਅਤੇ ਇਸ ਨੂੰ ਮੰਨਣ ਵਾਲਿਆਂ ਲਈ ਬਹੁਤ ਹੀ ਹਿਰਦੇਵੇਧਕ ਘਟਨਾ ਸੀ ਪਰ ਇਸ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕਰਕੇ ਤਤਕਾਲੀ ਸਰਕਾਰ ਨੇ ਸਿੱਖ ਕੌਮ ਦੇ ਜਖਮਾਂ 'ਤੇ ਲੂਣ ਭੁੱਕਣ ਵਰਗੀ ਕਾਰਵਾਈ ਕੀਤੀ ਸੀ, ਜਿਸ ਨਾਲ ਪੂਰੇ ਸੰਸਾਰ ਵਿੱਚ ਵਸਿਆ ਸਿੱਖ ਪੰਥ ਬਹੁਤ ਹੀ ਹੈਰਾਨ ਅਤੇ ਪ੍ਰੇਸ਼ਾਨ ਰਿਹਾ।
ਸਪੋਕਸਮੈਨ ਨਾਲ ਗੱਲਬਾਤ ਕਰਦਿਆਂ ਇਹ ਵਿਚਾਰ ਜਥੇਦਾਰ ਹਰਭਜਨ ਸਿੰਘ ਕਰਹਾਲੀ ਸਾਹਿਬ ਨੇ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਬਰਗਾੜੀ ਵਿਖੇ ਅਣਮਿੱਥੇ ਸਮੇਂ ਦਾ ਰੋਸ਼ ਧਰਨਾ ਜਿਹੜਾ ਸਰਬਤ ਖਾਲਸਾ ਵੱਲੋਂ ਅਕਾਲ ਤਖਤ ਦੇ ਜਥੇਦਾਰ ਵਜੋਂ ਨਿਯੁਕਤ ਕੀਤੇ ਭਾਈ ਧਿਆਨ ਸਿੰਘ ਮੰਡ ਵੱਲੋਂ ਲਗਾਇਆ ਗਿਆ ਹੈ, ਉਹ ਬਿਲਕੁੱਲ ਦਰੁੱਸਤ ਹੈ ਕਿਉਂਕਿ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਘਟਨਾ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਾਰਨ ਇਹ ਵਿਆਪਕ ਰੋਸ਼ ਵਿੱਚ ਬਦਲ ਗਿਆ, ਇਸੇ ਕਾਰਨ ਅਕਾਲੀ ਸਰਕਾਰ ਨੂੰ ਰਾਜ ਸੱਤਾ ਤੋਂ ਬਾਹਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ ਕੈ.ਅਮਰਿੰਦਰ ਸਿੰਘ ਇਸ ਬੇਅਦਬੀ ਕਾਂਡ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਨਿਯੁਕਤ ਕੀਤਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੀ ਆਪਣੀ ਰਿਪੋਰਟ ਨੂੰ ਲੈ ਕੇ ਅੰਤਿਮ ਚਰਨ ਵਿੱਚ ਪਹੁੰਚ ਗਿਆ ਹੈ, ਜਿਸ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਅਤੇ ਸਮੁੱਚੇ ਸੰਸਾਰ ਵਿੱਚ ਵਸਦਾ ਸਿੱਖ ਪੰਥ ਇਹ ਜਾਣ ਸਕੇਗਾ ਕਿ ਇਸ ਕਾਂਡ ਲਈ ਅਸਲੀਅਤ ਵਿੱਚ ਦੋਸ਼ੀ ਕੋਣ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਅੰਦਰ ਰਾਜ ਕਰਦੀਆਂ ਸਰਕਾਰਾਂ ਵੱਲੋਂ ਕਿਸੇ ਵੀ ਧਰਮ ਵਿਰੁੱਧ ਸ਼ਰਾਰਤ ਕਰਨ ਵਾਲੇ ਕਿਸੇ ਵੀ ਅਨਸਰ ਨੂੰ ਮੁਆਫ ਨਾ ਕੀਤਾ ਜਾਵੇ ਸਗੋਂ ਸਖਤ ਤੋਂ ਸਖਤ ਅਤੇ ਮਿਸਾਲੀ ਸਜ਼ਾ ਦੇ ਕੇ ਸਮੁੱਚੇ ਧਰਮਾਂ ਦੀ ਰਾਖੀ ਕੀਤੀ ਜਾਵੇ।