
ਪੁਲਿਸ ਵਲੋਂ ਡੇਰਾ ਪ੍ਰੇਮੀ ਨੂੰ ਕਾਬੂ ਕਰਨ ਦੀ ਖ਼ਬਰ ਨਾਲ ਸਪੱਸ਼ਟ ਹੋਈ ਤਸਵੀਰ
ਕੋਟਕਪੂਰਾ :- ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਣ ਅਤੇ ਬੇਅਦਬੀ ਕਾਂਡ ਦੇ ਮਾਮਲੇ 'ਚ ਸੋਦਾ ਸਾਧ ਦੇ ਇਕ ਪ੍ਰੇਮੀ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਹਿਰ ਪਾਲਮਪੁਰ ਤੋਂ ਪੁਲਿਸ ਵੱਲੋਂ ਕਾਬੂ ਕਰ ਲੈਣ ਦੀਆਂ ਖਬਰਾਂ ਪ੍ਰੈਸ ਦੇ ਇਕ ਹਿੱਸੇ 'ਚ ਪ੍ਰਕਾਸ਼ਿਤ ਹੋਈਆਂ ਤਾਂ ਇਸ ਮਾਮਲੇ ਨਾਲ ਸਬੰਧਤ ਹੋਰ ਡੇਰਾ ਪ੍ਰੇਮੀਆਂ 'ਚ ਹੜਕੰਪ ਮੱਚਣਾ ਸੁਭਾਵਿਕ ਸੀ ਪਰ ਇੱਥੇ ਇਹ ਦੱਸਣਾ ਜਰੂਰੀ ਹੈ ਕਿ 'ਰੋਜ਼ਾਨਾ ਸਪੋਕਸਮੈਨ' ਨੇ 10 ਦਸੰਬਰ 2017 ਦੇ ਅੰਕ 'ਚ ਅਹਿਮ ਪ੍ਰਗਟਾਵਾ ਕਰਦਿਆਂ ਪ੍ਰਕਾਸ਼ਿਤ ਕਰ ਦਿੱਤਾ ਸੀ
ਕਿ ਇਸ ਮਾਮਲੇ 'ਚ ਪੁਲਿਸ ਨੂੰ ਡੇਰਾ ਪ੍ਰੇਮੀਆਂ ਦਾ ਹੱਥ ਹੋਣ ਦਾ ਅਹਿਮ ਸੁਰਾਗ ਮਿਲ ਗਿਆ ਹੈ। ਉਕਤ ਮਾਮਲੇ ਦਾ ਵਿਚਾਰਣਯੋਗ ਪਹਿਲੂ ਇਹ ਵੀ ਹੈ ਕਿ ਜਦੋਂ 1 ਜੂਨ 2015 ਨੂੰ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰੇ 'ਚੋਂ ਦਿਨ ਦਿਹਾੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਹੋਇਆ ਤਾਂ ਸੰਘਰਸ਼ 'ਤੇ ਉੱਤਰ ਆਈਆਂ ਪੰਥਕ ਜਥੇਬੰਦੀਆਂ ਨੇ ਕਿੱਲ੍ਹ-ਕਿੱਲ੍ਹ ਅਤੇ ਚੀਕ-ਚੀਕ ਕੇ ਰੌਲਾ ਪਾਉਂਦਿਆਂ ਦੋਸ਼ ਲਾਇਆ ਸੀ ਕਿ ਇਸ ਵਿੱਚ ਸੋਦਾ ਸਾਧ ਦੇ ਚੇਲਿਆਂ ਅਰਥਾਤ ਡੇਰਾ ਪ੍ਰੇਮੀਆਂ ਦਾ ਹੱਥ ਹੋ ਸਕਦਾ ਹੈ
ਪਰ ਨਾ ਤਾਂ ਤਤਕਾਲੀਨ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਨੂੰ ਪ੍ਰਵਾਨ ਕੀਤਾ ਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਾਉਣ ਦੀ ਜਰੂਰਤ ਸਮਝੀ। ਇਹ ਵੀ ਯਾਦ ਕਰਾਉਣਾ ਜਰੂਰੀ ਹੈ ਕਿ ਪਾਵਨ ਸਰੂਪ ਦੇ ਚੋਰੀ ਹੋਣ ਦੀ ਘਟਨਾ ਤੋਂ ਬਾਅਦ ਜਦੋਂ ਡੇਰਾ ਪ੍ਰੇਮੀਆਂ ਨੇ ਸੋਦਾ ਸਾਧ ਦੀ ਫਿਲਮ ਰਿਲੀਜ਼ ਨਾ ਹੋਣ ਦੇ ਰੋਸ ਵਜੋਂ ਪੰਜਾਬ ਭਰ 'ਚ ਰੋਸ ਧਰਨੇ ਦੇਣੇ ਸ਼ੁਰੂ ਕਰ ਦਿੱਤੇ ਤਾਂ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਦੀ ਕੰਧ 'ਤੇ 24 ਅਤੇ 25 ਸਤੰਬਰ 2015 ਦੀ ਦਰਮਿਆਨੀ ਰਾਤ ਨੂੰ ਲੱਗੇ ਦੋ ਹੱਥ ਲਿਖਤ ਵੱਡੇ ਪੋਸਟਰ ਪੁਲਿਸ ਨੇ ਬਰਾਮਦ ਕੀਤੇ,
ਜਿੰਨਾ ਉੱਪਰ ਧਨ-ਧਨ ਸਤਿਗੁਰੂ ਤੋਂ ਸ਼ੁਰੂ ਕਰਕੇ ਇਸੇ ਸ਼ਬਦਾਵਲੀ 'ਚ ਸਮਾਪਤ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਸਿੱਖਾਂ ਨੂੰ ਗੰਦੀਆਂ ਗਾਲਾਂ ਨਾਲ ਸੰਬੋਧਨ ਕਰਦਿਆਂ ਸ਼ਰੇਆਮ ਮੰਨਿਆ ਸੀ ਕਿ ਤੁਸੀ ਸਾਡੇ ਬਾਬੇ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ ਤੇ ਅਸੀਂ ਤੁਹਾਡਾ ਵੱਡਾ ਗੁਰੂ ਅਪਣੇ ਕਬਜ਼ੇ 'ਚ ਲੈ ਲਿਆ, ਚੋਰੀ ਹੋਇਆ ਪਾਵਨ ਸਰੂਪ ਹੁਣ ਵੀ ਸਾਡੇ ਕਬਜ਼ੇ 'ਚ ਅਤੇ ਬਰਗਾੜੀ ਵਿੱਚ ਹੀ ਹੈ, ਲੱਭਣ ਵਾਲੇ ਨੂੰ ਅਸੀਂ ਸਲਾਬਤਪੁਰੇ ਦੇ ਡੇਰੇ 'ਚ 10 ਲੱਖ ਰੁਪਿਆ ਇਨਾਮ ਦੇ ਕੇ ਸਨਮਾਨਿਤ ਕਰਾਂਗੇ।
ਉਸ ਸਮੇਂ ਪੰਥਦਰਦੀਆਂ ਦੇ ਰੋਸ ਦੇ ਬਾਵਜੂਦ ਪੁਲਿਸ ਨੇ ਕਿਸੇ ਡੇਰਾ ਪ੍ਰੇਮੀ ਨੂੰ ਪੁਛਗਿੱਛ ਲਈ ਹਿਰਾਸਤ 'ਚ ਲੈਣ ਦੀ ਜਰੂਰਤ ਹੀ ਨਾ ਸਮਝੀ। ਜਦਕਿ ਉਕਤ ਹੱਥ ਲਿਖਤ ਪੋਸਟਰਾਂ ਦੀਆਂ ਤਸਵੀਰਾਂ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਪੱਤਰਕਾਰਾਂ ਨੇ ਆਪਣੇ ਕੈਮਰਿਆਂ 'ਚ ਕੈਦ ਕਰ ਲਈਆਂ ਸਨ ਜੋ ਅੱਜ ਵੀ ਪੱਤਰਕਾਰਾਂ ਕੋਲ ਮਹਿਫੂਜ ਪਈਆਂ ਹਨ।