ਬੇਅਦਬੀ ਕਾਂਡ ਦੇ ਸਵਾ 2 ਸਾਲ, 3 ਕਮਿਸ਼ਨ ਪਰ ਦੋਸ਼ੀ ਕੋਈ ਨਹੀਂ
Published : Dec 19, 2017, 10:31 pm IST
Updated : Dec 19, 2017, 5:01 pm IST
SHARE ARTICLE

ਬੇਅਦਬੀ ਕਾਂਡ ਦੇ ਰੋਸ ਵਜੋਂ ਸ਼ਾਂਤਮਈ ਧਰਨੇ ਉਤੇ ਬੈਠੇ ਬਹਿਬਲ ਕਲਾਂ ਵਿਖੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਮਾਪਿਆਂ ਨੂੰ ਅੱਜ ਵੀ ਇਨਸਾਫ਼ ਦੀ ਉਡੀਕ ਹੈ। ਫ਼ਰਕ ਸਿਰਫ਼ ਏਨਾ ਹੈ ਕਿ ਹੁਣ ਉਨ੍ਹਾਂ ਨੂੰ ਭਰੋਸਾ ਸਰਕਾਰ ਉਤੇ ਨਹੀਂ ਬਲਕਿ ਵਾਹਿਗੁਰੂ ਉੱਪਰ ਹੀ ਹੈ। ਇਸ ਲਈ ਦੋਵੇਂ ਪੀੜਤ ਪ੍ਰਵਾਰ ਇਨਸਾਫ਼ ਦੀ ਲੜਾਈ ਹੁਣ ਖ਼ੁਦ ਲੜ ਰਹੇ ਹਨ। ਪੀੜਤ ਪ੍ਰਵਾਰਾਂ ਦਾ ਦੋਸ਼ ਹੈ ਕਿ ਸਰਕਾਰ ਇਨਸਾਫ਼ ਦਿਵਾਉਣਾ ਭੁੱਲ ਗਈ ਹੈ। ਚੋਣਾਂ ਦੌਰਾਨ ਵੱਡੇ ਵੱਡੇ ਵਾਅਦੇ ਕਰਨ ਵਾਲੇ ਸਿਆਸਤਦਾਨਾਂ ਨੇ ਪਿਛਲੇ 9 ਮਹੀਨਿਆਂ ਤੋਂ ਅਪਣਾ ਮੂੰਹ ਨਹੀਂ ਵਿਖਾਇਆ, ਫਿਰ ਭਰੋਸਾ ਕਿਸ ਉਤੇ ਕਰੀਏ? ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸ੍ਰ. ਸਾਧੂ ਸਿੰਘ ਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਖ਼ਾਲਸਾ ਨੇ ਏਜੰਸੀਆਂ, ਪੁਲਿਸ ਪ੍ਰਸ਼ਾਸਨ, ਐਸ.ਆਈ.ਟੀ. ਅਤੇ ਜਾਂਚ ਕਮਿਸ਼ਨਾਂ ਉਤੇ ਭਰੋਸਾ ਕਰਨ ਦੀ ਬਜਾਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਕੇ ਇਨਸਾਫ਼ ਦੀ ਮੰਗ ਕੀਤੀ ਹੈ, ਜਦਕਿ ਸ਼ਹੀਦ ਕ੍ਰਿਸ਼ਨ ਸਿੰਘ ਦੇ ਭਰਾ ਰੇਸ਼ਮ ਸਿੰਘ ਵਲੋਂ ਜ਼ਿਲ੍ਹਾ ਅਦਾਲਤ ਫ਼ਰੀਦਕੋਟ ਵਿਖੇ ਇਨਸਾਫ਼ ਲਈ ਪਟੀਸ਼ਨ ਦਾਇਰ ਕੀਤੀ ਗਈ ਹੈ। ਮਹਿਜ਼ ਸਵਾ 2 ਕੁ ਸਾਲ ਪਹਿਲਾਂ, ਅਰਥਾਤ 14 ਅਕਤੂਬਰ 2015 ਨੂੰ ਪੁਲਿਸ ਵਲੋਂ ਕੀਤੀ ਫ਼ਾਇਰਿੰਗ ਦੌਰਾਨ ਪਿੰਡ ਨਿਆਮੀਵਾਲਾ ਦੇ ਕ੍ਰਿਸ਼ਨ ਭਗਵਾਨ ਸਿੰਘ ਤੇ ਪਿੰਡ ਸਰਾਵਾਂ ਦੇ ਗੁਰਜੀਤ ਸਿੰਘ ਬਿੱਟੂ ਦੀ ਮੌਤ ਹੋ ਗਈ ਸੀ। ਚਸ਼ਮਦੀਦਾਂ ਅਨੁਸਾਰ ਪੁਲਿਸ ਨੇ 'ਸਤਿਨਾਮ ਵਾਹਿਗੁਰੂ' ਦਾ ਜਾਪ ਕਰ ਰਹੀਆਂ ਸੰਗਤਾਂ ਉੱਪਰ ਗੋਲੀਆਂ ਚਲਾ ਦਿਤੀਆਂ। ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸ. ਸਾਧੂ ਸਿੰਘ ਅਤੇ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਅਨੁਸਾਰ ਵੱਖ ਵੱਖ ਪਾਰਟੀਆਂ ਨਾਲ ਸਬੰਧਤ ਸਿਆਸਤਦਾਨਾਂ ਨੇ ਉਨ੍ਹਾਂ ਦੇ ਜ਼ਖ਼ਮਾਂ ਉਤੇ ਮੱਲ੍ਹਮ ਲਾਉਣ ਦੀ ਬਜਾਏ ਉਲਟਾ ਸਿਆਸੀ ਰੋਟੀਆਂ ਸੇਕੀਆਂ ਅਤੇ ਚੋਣਾਂ ਲੰਘਦਿਆਂ ਹੀ ਉਨ੍ਹਾਂ ਦਾ ਦਰਦ ਭੁੱਲ ਗਏ। ਉਨ੍ਹਾਂ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਉਸ ਵੇਲੇ ਦੋ ਵਾਰ ਉਨ੍ਹਾਂ ਦੇ ਘਰ ਆਏ। ਸਰਕਾਰ ਬਣਨ ਤੋਂ ਬਾਅਦ ਜਲਦ ਇਨਸਾਫ਼ ਦਿਵਾਉਣ ਦਾ ਵਾਅਦਾ ਕੀਤਾ ਪਰ 9 ਮਹੀਨਿਆਂ ਵਿਚ ਕੈਪਟਨ ਤਾਂ ਦੂਰ, ਸਰਕਾਰ ਦਾ ਕੋਈ ਵੀ ਪ੍ਰਤੀਨਿੱਧ ਸਾਰ ਲੈਣ ਲਈ ਨਾ ਪੁੱਜਾ। ਉਨ੍ਹਾਂ ਦਸਿਆ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਰਾਹੁਲ ਗਾਂਧੀ, ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪ੍ਰਤਾਪ ਸਿੰਘ ਬਾਜਵਾ, ਭਗਵੰਤ ਮਾਨ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨੇ ਜਲਦ ਇਨਸਾਫ਼ ਦਿਵਾਉਣ ਦੇ ਵਾਅਦੇ ਕੀਤੇ ਸਨ। ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸ੍ਰ. ਸਾਧੂ ਸਿੰਘ ਸਰਾਵਾਂ ਅਤੇ ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਖ਼ਾਲਸਾ ਨਾਲ 'ਰੋਜ਼ਾਨਾ ਸਪੋਕਸਮੈਨ' ਵਲੋਂ ਕੀਤੀ ਗੱਲਬਾਤ ਦੇ ਕੁੱਝ ਅੰਸ਼।ਪ੍ਰਸ਼ਨ : ਕੀ ਸਵਾ ਦੋ ਸਾਲਾਂ 'ਚ ਤੁਹਾਨੂੰ ਬਿਲਕੁਲ ਵੀ ਇਨਸਾਫ਼ ਨਹੀਂ ਮਿਲਿਆ?
ਉੱਤਰ : ਬੇਅਦਬੀ ਕਾਂਡ ਅਤੇ ਸ਼ਾਂਤਮਈ ਧਰਨੇ ਉਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅਤਿਆਚਾਰ ਦੀਆਂ ਘਟਨਾਵਾਂ ਨੂੰ ਅੱਜ ਲਗਭਗ ਸਵਾ ਦੋ ਸਾਲ ਹੋ ਗਏ ਹਨ। ਇਸ ਸਮੇਂ ਦੌਰਾਨ ਦੋ ਜਾਂਚ ਏਜੰਸੀਆਂ, 2 ਜਾਂਚ ਕਮਿਸ਼ਨਾਂ ਵਲੋਂ 400 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਲੈਣ ਦੇ ਬਾਵਜੂਦ ਦੋਸ਼ੀ ਕੌਣ ਦਾ ਜਵਾਬ ਨਹੀਂ ਦਿਤਾ ਜਾ ਸਕਿਆ। ਪਹਿਲਾਂ ਡੇਢ ਸਾਲ ਅਕਾਲੀ-ਭਾਜਪਾ ਗਠਜੋੜ ਸਰਕਾਰ ਸਮੇਂ ਐਸ.ਆਈ.ਟੀ., ਸੀ.ਬੀ.ਆਈ. ਤੇ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਨੇ ਜਾਂਚ ਕੀਤੀ ਪਰ ਕੋਈ ਦੋਸ਼ੀ ਸਾਹਮਣੇ ਨਾ ਲਿਆ ਸਕੇ। ਪਿਛਲੇ ਕਰੀਬ 9 ਮਹੀਨਿਆਂ ਤੋਂ ਕਾਂਗਰਸ ਸਰਕਾਰ ਵਲੋਂ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਜਾਂਚ ਕੀਤੀ ਜਾ ਰਹੀ ਹੈ।
ਪ੍ਰਸ਼ਨ : ਹੁਣ ਤੁਸੀ ਇਨਸਾਫ਼ ਲੈਣ ਲਈ ਕੀ-ਕੀ ਚਾਰਾਜੋਈ ਕਰ ਰਹੇ ਹੋ?
ਉੱਤਰ : ਜਦੋਂ ਸਮੇਂ ਦੀਆਂ ਸਰਕਾਰਾਂ, ਜਾਂਚ ਏਜੰਸੀਆਂ ਅਤੇ ਜਾਂਚ ਕਮਿਸ਼ਨਾਂ ਉਤੇ ਭਰੋਸਾ ਨਾ ਰਿਹਾ ਤਾਂ ਸਾਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਾ ਪਿਆ। ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.), ਸੀ.ਬੀ.ਆਈ., ਜਸਟਿਸ ਜ਼ੋਰਾ ਸਿੰਘ ਕਮਿਸ਼ਨ ਅਤੇ ਜਸਟਿਸ ਕਾਟਜੂ ਕਮਿਸ਼ਨ ਨੇ ਪੀੜਤ ਪ੍ਰਵਾਰਾਂ ਸਮੇਤ ਸੈਂਕੜੇ ਹੋਰ ਗਵਾਹਾਂ ਦੇ ਬਿਆਨ ਕਲਮਬੰਦ ਕੀਤੇ ਪਰ ਦੋਸ਼ੀਆਂ ਵਿਰੁਧ ਕਾਰਵਾਈ ਨਾ ਹੋਈ।
ਪ੍ਰਸ਼ਨ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਕਾਰਗੁਜ਼ਾਰੀ ਤੇ ਕੋਈ ਸ਼ੱਕ?
ਉੱਤਰ : ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਟੀਮ ਨੂੰ ਬਿਆਨ ਦੇਣ ਵਾਲੇ ਗਵਾਹਾਂ ਤੇ ਹੋਰਨਾਂ ਪੰਥਦਰਦੀਆਂ ਦਾ ਕਹਿਣਾ ਹੈ ਕਿ ਪਹਿਲੀਆਂ ਜਾਂਚ ਏਜੰਸੀਆਂ ਤੇ ਜਾਂਚ ਕਮਿਸ਼ਨਾਂ ਤੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਪ੍ਰਕਿਰਿਆ ਵਖਰੀ ਅਤੇ ਠੋਸ ਹੈ। ਇਸ ਰੀਪੋਰਟ ਦੇ ਜਨਤਕ ਹੋਣ ਮਗਰੋਂ ਹੀ ਅਸਲੀਅਤ ਸਾਹਮਣੇ ਆਵੇਗੀ, ਕਿਉਂਕਿ ਹੁਣ ਤਾਂ ਭਰੋਸਾ ਸਿਰਫ਼ ਵਾਹਿਗੁਰੂ ਉੱਪਰ ਹੀ ਰਹਿ ਗਿਆ ਹੈ ਅਤੇ ਹੁਣ ਪ੍ਰਮਾਤਮਾ ਹੀ ਇਨਸਾਫ਼ ਦਿਵਾਉਣ ਵਿਚ ਸਹਾਈ ਹੋਵੇਗਾ।
ਪ੍ਰਸ਼ਨ : ਪਾਵਨ ਸਰੂਪ ਦੀ ਬੇਅਦਬੀ ਅਤੇ ਗੋਲੀਕਾਂਡ ਦੀਆਂ ਘਟਨਾਵਾਂ ਬਾਰੇ ਕੁੱਝ ਦੱਸੋ?
ਉੱਤਰ : ਦਿਨ ਦਿਹਾੜੇ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਵਿਚੋਂ ਪਾਵਨ ਸਰੂਪ ਚੋਰੀ ਹੋ ਗਿਆ। 12 ਅਕਤੂਬਰ 2015 ਨੂੰ ਬਰਗਾੜੀ ਵਿਚ ਪਾਵਨ ਸਰੂਪ ਦੀ ਹੋਈ ਬੇਅਦਬੀ ਤੋਂ ਬਾਅਦ ਪੰਜਾਬ ਭਰ ਵਿਚ ਸਿੱਖ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿਤੇ। 14 ਅਕਤੂਬਰ ਨੂੰ ਪਿੰਡ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ ਉਤੇ ਬੈਠੀ ਸੰਗਤ ਉੱਪਰ ਚਲਾਈ ਗੋਲੀ ਨਾਲ ਦੇਸ਼-ਵਿਦੇਸ਼ ਵਿਚ ਰੋਸ ਫ਼ੈਲਣਾ ਸੁਭਾਵਕ ਸੀ। ਬਹਿਬਲ ਵਿਖੇ ਦੋ ਨੌਜਵਾਨ ਸ਼ਹੀਦ ਹੋ ਗਏ ਅਤੇ ਬਹਿਬਲ ਸਮੇਤ ਬੱਤੀਆਂ ਵਾਲਾ ਚੌਕ ਕੋਟਕਪੂਰਾ ਵਿਚ ਵੀ ਪੁਲਸੀਆ ਅਤਿਆਚਾਰ ਨਾਲ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ।
ਪ੍ਰਸ਼ਨ : ਕੀ ਪੁਲਿਸ ਨੇ ਇਸ ਸਬੰਧ 'ਚ ਕਿਸੇ ਵਿਰੁਧ ਮਾਮਲਾ ਦਰਜ ਕੀਤਾ?
ਉੱਤਰ : ਥਾਣਾ ਬਾਜਾਖਾਨਾ ਵਿਖੇ ਪਾਵਨ ਸਰੂਪ ਦੀ ਚੋਰੀ, ਬੇਅਦਬੀ ਅਤੇ ਗੋਲੀਕਾਂਡ ਨਾਲ ਸਬੰਧਤ ਤਿੰਨ ਵੱਖ-ਵੱਖ ਮਾਮਲੇ ਅਣਪਛਾਤਿਆਂ ਵਿਰੁਧ ਦਰਜ ਹੋਏ। ਸਾਨੂੰ ਇਨਸਾਫ਼ ਦਿਵਾਉਣ ਦਾ ਦਾਅਵਾ ਕਰਦਿਆਂ ਸਮੇਂ ਦੀ ਸਰਕਾਰ ਨੇ ਚੌਥਾ ਮਾਮਲਾ ਵੀ ਅਣਪਛਾਤੇ ਪੁਲਿਸ ਅਧਿਕਾਰੀਆਂ ਵਿਰੁਧ ਦਰਜ ਕਰ ਦਿਤਾ, ਪਰ ਅੱਜ ਸਵਾ 2 ਸਾਲ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਕਿਸੇ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਦੀ ਪਛਾਣ ਕਿਸੇ ਜਾਂਚ ਏਜੰਸੀ ਜਾਂ ਕਮਿਸ਼ਨ ਵਲੋਂ ਨਹੀਂ ਹੋ ਸਕੀ।
ਪ੍ਰਸ਼ਨ : ਜੇਕਰ ਬੇਅਦਬੀ ਕਾਂਡ ਉਤੇ ਰਾਜਨੀਤੀ ਹੋਈ ਤਾਂ ਇਨਸਾਫ਼ ਕਿਉਂ ਨਾ ਮਿਲਿਆ?
ਉੱਤਰ :  ਬੇਅਦਬੀ ਅਤੇ ਗੋਲੀਕਾਂਡ ਉਤੇ ਕਰੀਬ ਡੇਢ ਸਾਲ ਜੰਮ ਕੇ ਸਿਆਸਤ ਹੋਈ ਪਰ ਇਨਸਾਫ਼ ਨਾ ਮਿਲਿਆ। ਕਾਂਗਰਸ ਹਮੇਸ਼ਾ ਇਹ ਦੋਸ਼ ਲਾਉਂਦੀ ਰਹੀ ਕਿ ਬੇਅਦਬੀ ਦੀਆਂ ਘਟਨਾਵਾਂ ਵਿਚ ਬਾਦਲਾਂ ਦਾ ਹੱਥ ਹੈ ਜਦਕਿ ਅਕਾਲੀ ਦਲ (ਬਾਦਲ) ਦੋਸ਼ ਲਾਉਂਦਾ ਰਿਹਾ ਕਿ ਕਾਂਗਰਸ ਉਨ੍ਹਾਂ ਨੂੰ ਬਦਨਾਮ ਕਰ ਰਹੀ ਹੈ। ਆਮ ਆਦਮੀ ਪਾਰਟੀ ਦਾ ਵੀ ਬੇਅਦਬੀ ਦੀਆਂ ਘਟਨਾਵਾਂ ਪਿਛੇ ਹੱਥ ਹੋਣ ਦੇ ਦੋਸ਼ ਲਾਏ ਗਏ ਸਨ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਉਕਤ ਮੁੱਦੇ ਨੂੰ ਜੰਮ ਕੇ ਉਛਾਲਿਆ ਗਿਆ। ਸਿਆਸੀ ਰੋਟੀਆਂ ਖ਼ੂਬ ਸੇਕੀਆਂ ਗਈਆਂ ਪਰ ਪੰਜਾਬ ਵਿਧਾਨ ਸਭਾ ਚੋਣਾਂ ਲੰਘਦਿਆਂ ਹੀ ਸਿਆਸਤਦਾਨਾਂ ਨੇ ਸੱਭ ਕੁੱਝ ਭੁਲਾ ਦਿਤਾ।
ਪ੍ਰਸ਼ਨ : ਦੋਸ਼ੀਆਂ ਤਕ ਪਹੁੰਚਣ ਵਿਚ ਵਿਸ਼ੇਸ਼ ਜਾਂਚ ਟੀਮ ਫ਼ੇਲ੍ਹ ਕਿਉਂ?
ਉੱਤਰ : ਬੇਅਦਬੀ ਤੇ ਗੋਲੀਕਾਂਡ ਵਿਚ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਇਕਬਾਲਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿਚ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਸੀ। ਪੰਜ ਦਿਨਾਂ ਬਾਅਦ ਦੋ ਨਿਰਦੋਸ਼ ਗੁਰਸਿੱਖ ਨੌਜਵਾਨ ਭਰਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ, ਅਖ਼ਬਾਰੀ ਖ਼ਬਰਾਂ ਮੁਤਾਬਕ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨਾਂ ਦੇ ਉਕਤ ਨੌਜਵਾਨਾਂ ਉੱਪਰ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਪਰ ਐਸ.ਆਈ.ਟੀ. ਦੇ ਹੱਥ ਖ਼ਾਲੀ ਰਹੇ ਅਤੇ ਬਾਅਦ ਵਿਚ ਪਿੰਡ ਪੰਜਗਰਾਂਈ ਖ਼ੁਰਦ ਦੇ ਉਨ੍ਹਾਂ ਦੋਹਾਂ ਭਰਾਵਾਂ ਉਤੇ ਹੋਇਆ ਕੇਸ ਵੀ ਰੱਦ ਕਰਨਾ ਪਿਆ। ਐਸ.ਆਈ.ਟੀ. ਵਲੋਂ ਅਣਪਛਾਤੀ ਪੁਲਿਸ ਨੂੰ ਦੋਸ਼ੀ ਕਰਾਰ ਦਿਤਾ ਗਿਆ ਅਤੇ ਐਫ਼.ਆਈ.ਆਰ. ਦਰਜ ਕਰ ਕੇ ਪੀੜਤ ਪ੍ਰਵਾਰਾਂ ਦੀਆਂ ਅੱਖਾਂ ਪੂੰਝਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਤਕ ਇਹ ਗੱਲ ਸਮਝ ਨਹੀਂ ਆਈ ਕਿ ਕਦੇ ਪੁਲਿਸ ਵੀ ਅਣਪਛਾਤੀ ਹੁੰਦੀ ਹੈ?
ਪ੍ਰਸ਼ਨ : ਸੀ.ਬੀ.ਆਈ. ਵੀ ਕਿਉਂ ਨਾ ਪਹੁੰਚ ਸਕੀ ਕਿਸੇ ਨਤੀਜੇ ਉਤੇ?
ਉਤਰ : ਵਿਸ਼ੇਸ਼ ਜਾਂਚ ਟੀਮ ਦੇ ਫ਼ੇਲ੍ਹ ਹੋ ਜਾਣ ਤੋਂ ਬਾਅਦ ਤਤਕਾਲੀ ਬਾਦਲ ਸਰਕਾਰ ਨੇ ਨਵੰਬਰ 2015 'ਚ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿਤੀ। ਪਿਛਲੇ ਸਵਾ ਦੋ ਸਾਲ ਵਿਚ ਸੀ.ਬੀ.ਆਈ. ਵੀ ਉਸ ਮਾਮਲੇ ਵਿਚ ਇਕ ਵੀ ਦੋਸ਼ੀ ਦੀ ਪਛਾਣ ਨਾ ਕਰ ਸਕੀ। ਇਥੋਂ ਤਕ ਕਿ ਸੀ.ਬੀ.ਆਈ. ਦੇ ਮੁੱਖ ਗਵਾਹ ਉਸੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਵਸਨੀਕ ਇਕ ਡੇਰਾ ਪ੍ਰੇਮੀ ਦਾ ਵੀ ਇਸ ਸਮੇਂ ਦੌਰਾਨ ਕਤਲ ਹੋ ਗਿਆ।
ਪ੍ਰਸ਼ਨ : ਆਖ਼ਰ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਜਨਤਕ ਕਿਉਂ ਨਾ ਹੋਈ?
ਉੱਤਰ : ਵਿਸ਼ੇਸ਼ ਜਾਂਚ ਟੀਮ ਦੇ ਨਾਲ ਹੀ ਸਰਕਾਰ ਨੇ ਜਾਂਚ ਵਾਸਤੇ ਸੇਵਾਮੁਕਤ ਜਸਟਿਸ ਜ਼ੋਰਾ ਸਿੰਘ ਦੀ ਅਗਵਾਈ ਵਿਚ ਕਮਿਸ਼ਨ ਦਾ ਗਠਨ ਕੀਤਾ। ਉਕਤ ਕਮਿਸ਼ਨ ਨੇ 250 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਪਰ ਬਾਦਲ ਸਰਕਾਰ ਨੇ ਕਮਿਸ਼ਨ ਦੀ ਰੀਪੋਰਟ ਨੂੰ ਜਨਤਕ ਕਰਨ ਦੀ ਜ਼ਰੂਰਤ ਨਾ ਸਮਝੀ। ਬਾਦਲ ਸਰਕਾਰ ਦੀ ਇਸ ਕਾਰਵਾਈ ਨਾਲ ਸਾਡੇ ਸ਼ਹੀਦ ਪ੍ਰਵਾਰਾਂ ਸਮੇਤ ਹੋਰਨਾਂ ਪੀੜਤਾਂ ਨੂੰ ਦੁੱਖ ਪੁੱਜਣਾ ਅਤੇ ਆਮ ਲੋਕਾਂ ਦਾ ਹੈਰਾਨ ਹੋਣਾ ਸੁਭਾਵਕ ਸੀ, ਕਿਉਂਕਿ ਹੁਣ ਉਕਤ ਜਾਂਚ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ। ਅਖ਼ਬਾਰੀ ਖ਼ਬਰਾਂ ਰਾਹੀਂ ਪਤਾ ਲੱਗਾ ਹੈ ਕਿ ਕੈਪਟਨ ਸਰਕਾਰ ਨੇ ਵੀ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਰੱਦ ਕਰ ਦਿਤਾ ਹੈ।
ਪ੍ਰਸ਼ਨ : ਕੀ ਤੁਹਾਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਇਨਸਾਫ਼ ਦੀ ਆਸ ਹੈ?
ਉੱਤਰ : ਸੱਤਾ ਵਿਚ ਆਉਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਅਪ੍ਰੈਲ 2017 'ਚ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿਚ ਕਮਿਸ਼ਨ ਦਾ ਗਠਨ ਕੀਤਾ। ਉਕਤ ਕਮਿਸ਼ਨ ਵਲੋਂ ਹੁਣ ਤਕ 150 ਤੋਂ ਜ਼ਿਆਦਾ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਹਨ, ਇਸ ਦੀ ਜਾਂਚ ਅਜੇ ਜਾਰੀ ਹੈ। ਬੇਅਦਬੀ ਤੇ ਗੋਲੀਕਾਂਡ ਦੇ ਪਿੱਛੇ ਅਸਲ ਦੋਸ਼ੀ ਕੋਣ ਸੀ, ਭਾਵੇਂ ਇਸ ਦਾ ਜਵਾਬ ਦੇਣਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਲਈ ਇਕ ਚੁਨੌਤੀ ਬਣਿਆ ਹੋਇਆ ਹੈ ਪਰ ਸਾਨੂੰ ਆਸ ਹੈ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਸਾਹਮਣੇ ਰੱਖ ਕੇ ਪੀੜਤ ਪ੍ਰਵਾਰਾਂ ਦੇ ਜ਼ਖ਼ਮਾਂ ਉਤੇ ਮੱਲ੍ਹਮ ਜ਼ਰੂਰ ਲਾਉਣਗੇ।
ਪ੍ਰਸ਼ਨ : ਕੀ ਤੁਸੀ ਜਸਟਿਸ ਕਾਟਜੂ ਦੇ ਪੀਪਲਜ਼ ਕਮਿਸ਼ਨ ਦੀ ਰੀਪੋਰਟ ਨੂੰ ਠੀਕ ਮੰਨਦੇ ਹੋ?
ਉੱਤਰ : ਹੁਣ ਤਕ ਦੀਆਂ ਜਾਂਚ ਰੀਪੋਰਟਾਂ ਨਾਲੋਂ ਜਸਟਿਸ ਕਾਟਜੂ ਦੀ ਅਗਵਾਈ ਵਾਲੇ ਪੀਪਲਜ਼ ਕਮਿਸ਼ਨ ਦੀ ਰੀਪੋਰਟ ਠੋਸ ਅਤੇ ਦਰੁਸਤ ਜਾਪਦੀ ਹੈ ਕਿਉਂਕਿ ਜਸਟਿਸ ਕਾਟਜੂ ਦੀ ਰੀਪੋਰਟ ਦੇ ਅਧਾਰ ਤੇ ਹੀ ਅਸੀ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ। ਜਦੋਂ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਵਲੋਂ ਨਿਸ਼ਚਿਤ ਸਮੇਂ ਵਿਚ ਅਪਣੀ ਰੀਪੋਰਟ ਤਿਆਰ ਨਾ ਕੀਤੀ ਜਾ ਸਕੀ ਤਾਂ ਸਾਰੀਆਂ ਸਿਆਸੀ ਪਾਰਟੀਆਂ, ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਦਿਵਾਉਣ ਦੀ ਵਕਾਲਤ ਕਰਦੀਆਂ ਰਹੀਆਂ ਤੇ ਸੁਪ੍ਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਕਾਟਜੂ ਦੀ ਅਗਵਾਈ ਵਾਲੇ ਪੀਪਲਜ਼ ਕਮਿਸ਼ਨ ਨੇ ਡੂੰਘਾਈ ਨਾਲ ਜਾਂਚ ਕਰਨ ਉਪਰੰਤ ਸਾਰੀ ਰੀਪੋਰਟ ਪੇਸ਼ ਕਰ ਦਿਤੀ, ਪਰ ਬਾਦਲ ਸਰਕਾਰ ਨੇ ਉਕਤ ਜਾਂਚ ਰੀਪੋਰਟ ਨੂੰ ਰੱਦ ਕਰਨ ਵਿਚ ਰਤਾ ਦੇਰ ਨਾ ਲਾਈ ਤੇ ਪੀੜਤ ਪ੍ਰਵਾਰਾਂ ਸਮੇਤ ਹਮਾਇਤੀ ਵੀ ਬੇਵੱਸ ਹੋ ਕੇ ਰਹਿ ਗਏ।
ਪ੍ਰਸ਼ਨ : ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਜਾਂਚ ਰੀਪੋਰਟ ਕਿਥੋਂ ਤਕ ਠੀਕ ਸੀ?
ਉੱਤਰ : ਸ਼ਹੀਦ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਅਤੇ ਬੇਟੇ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰੀਪੋਰਟ ਨਾਲ ਉਹ ਸਹਿਮਤ ਨਹੀਂ ਹਨ। ਧਰਨੇ ਦੌਰਾਨ ਸਿਰਫ਼ 250 ਦੀ ਗਿਣਤੀ ਵਿਚ ਸੰਗਤਾਂ ਸਨ ਜਦਕਿ ਪੁਲਿਸ ਕਰਮਚਾਰੀਆਂ ਦੀ ਗਿਣਤੀ 1000 ਦੇ ਕਰੀਬ ਸੀ। ਪੁਲਿਸ ਵਲੋਂ ਮਜਬੂਰਨ ਗੋਲੀ ਚਲਾਉਣ ਦੀ ਗੱਲ ਬਿਲਕੁਲ ਗ਼ਲਤ ਹੈ। ਹੁਣ ਇਨਸਾਫ਼ ਲਈ ਉਹ ਖ਼ੁਦ ਲੜਾਈ ਲੜ ਰਹੇ ਹਨ। ਉਨ੍ਹਾਂ ਇਨਸਾਫ਼ ਵਾਸਤੇ ਬਕਾਇਦਾ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਹੈ। ਰੇਸ਼ਮ ਸਿੰਘ ਨੇ ਦਸਿਆ ਕਿ ਉਸ ਨੇ ਜ਼ਿਲ੍ਹਾ ਅਦਾਲਤ ਫ਼ਰੀਦਕੋਟ ਵਿਖੇ ਇਨਸਾਫ਼ ਲਈ ਪਟੀਸ਼ਨ ਦਾਇਰ ਕੀਤੀ ਹੈ, ਜਦਕਿ ਸੁਖਰਾਜ ਸਿੰਘ ਵਲੋਂ ਹਾਈ ਕੋਰਟ ਰਾਹੀਂ ਇਨਸਾਫ਼ ਲੈਣ ਦੀ ਚਾਰਾਜੋਈ ਕੀਤੀ ਜਾ ਰਹੀ ਹੈ।
ਪ੍ਰਸ਼ਨ : ਤੁਹਾਨੂੰ ਕੈਪਟਨ ਸਰਕਾਰ ਜਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ 'ਚੋਂ ਕਿਸ ਤੇ ਭਰੋਸਾ ਹੈ?
ਉੱਤਰ : ਸ਼ਹੀਦ ਗੁਰਜੀਤ ਸਿੰਘ ਦੇ ਪਿਤਾ ਸ੍ਰ. ਸਾਧੂ ਸਿੰਘ ਸਰਾਵਾਂ ਸਵਾ 2 ਸਾਲ ਪਹਿਲਾਂ ਦੇ ਘਟਨਾਕ੍ਰਮ ਨੂੰ ਸੋਚ ਕੇ ਭਾਵੁਕ ਹੋ ਗਏ, ਬੇਟੇ ਦੀ ਯਾਦ ਵਿਚ ਅੱਖਾਂ ਨਮ ਹੋ ਗਈਆਂ। ਕੁੱਝ ਦੇਰ ਚੁੱਪ ਰਹਿਣ ਤੋਂ ਬਾਅਦ ਕਹਿਣ ਲੱਗੇ ਕਿ ਹੁਣ ਤਾਂ ਸਿਰਫ਼ ਵਾਹਿਗੁਰੂ ਉਤੇ ਹੀ ਵਿਸ਼ਵਾਸ਼ ਰਹਿ ਗਿਆ ਹੈ। ਸਰਕਾਰ ਅੱਗੇ ਉਨ੍ਹਾਂ ਮੁਆਵਜ਼ੇ ਦੀ ਕੋਈ ਸ਼ਰਤ ਨਹੀਂ ਰੱਖੀ ਕਿਉਂਕਿ ਉਹ ਤਾਂ ਇਨਸਾਫ਼ ਚਾਹੁੰਦੇ ਹਨ। ਸ਼ਹੀਦ ਕ੍ਰਿਸ਼ਨ ਭਗਵਾਨ ਦੇ ਭਰਾ ਰੇਸ਼ਮ ਸਿੰਘ ਅਤੇ ਪੁੱਤਰ ਸੁਖਰਾਜ ਸਿੰਘ ਖ਼ਾਲਸਾ ਨੇ ਵੀ ਵਾਹਿਗੁਰੂ ਉੱਪਰ ਵਿਸ਼ਵਾਸ਼ ਦੀ ਗੱਲ ਕਰਦਿਆਂ ਆਖਿਆ ਕਿ ਹੁਣ ਤਾਂ ਇਕੋ ਵਾਹਿਗੁਰੂ ਉੱਪਰ ਹੀ ਟੇਕ ਰਹਿ ਗਈ ਹੈ। ਸਾਡੇ ਜ਼ਖ਼ਮੀ ਹੋਏ ਅਤੇ ਵਲੂੰਧਰੇ ਗਏ ਹਿਰਦੇ ਤਾਂ ਹੀ ਸ਼ਾਂਤ ਹੋਣਗੇ, ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵਲੋਂ ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਜਾਣਗੀਆਂ। ਜੇਕਰ ਸਬੰਧਤ ਦੋਸ਼ੀਆਂ ਨੂੰ ਸਜ਼ਾਵਾਂ ਨਾ ਮਿਲੀਆਂ ਤਾਂ ਲੋਕਾਂ ਦਾ ਸਰਕਾਰਾਂ ਅਤੇ ਕਮਿਸ਼ਨਾਂ ਤੋਂ ਸਦਾ ਲਈ ਵਿਸ਼ਵਾਸ ਉਠ ਜਾਵੇਗਾ।

SHARE ARTICLE
Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement