
ਕੀ ਅਕਾਲੀਆਂ ਨਾਲੋਂ ਪੰਥਕ ਅਤੇ ਬਸਪਾ ਨਾਲੋਂ ਦਲਿਤ ਵੋਟ ਟੁਟ ਗਿਆ?
ਬਸਪਾ ਨੇ ਆਪਣੇ ਪ੍ਰਭਾਵ ਵਾਲੀਆਂ ਸੀਟਾਂ ਨਹੀਂ ਲਈਆਂ ਤੇ ਬਾਦਲਾਂ ਨੇ ਪੰਥਕ ਸੀਟਾਂ ਛੱਡ ਦਿਤੀਆਂ : ਸੋਢੀ
ਫਗਵਾੜਾ, 13 ਜੂਨ (ਪ੍ਰਮੋਦ ਕੌਸ਼ਲ): ਦਲਿਤ ਭਾਈਚਾਰੇ ਨੂੰ ਅਪਣਾ ਵੋਟ ਬੈਂਕ ਸਮਝ ਕੇ ਹਰ ਵਾਰ ਉਨ੍ਹਾਂ ਦੀਆਂ ਵੋਟਾਂ ਦੇ ਦਮ ਤੇ 'ਸੌਦੇਬਾਜ਼ੀ' ਕਰਨ ਵਾਲੀ ਬਹੁਜਨ ਸਮਾਜ ਪਾਰਟੀ ਨੂੰ ਹੁਣ ਦਲਿਤ ਸਮਾਜ ਦੇ ਲੋਕ ਮੂੰਹ ਨਹੀਂ ਲਾਉਣਗੇ ਕਿਉਂਕਿ ਬਹੁਜਨ ਸਮਾਜ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਸੌਦਾ ਕੀਤਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਦੇ ਸਕੱਤਰ ਲਖਵੀਰ ਸੌਢੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਨਾਲ ਬਲਵਿੰਦਰ ਸੋਢੀ ਤੇ ਹੋਰ ਆਗੂ ਵੀ ਮੌਜੂਦ ਰਹੇ |
ਲਖਵੀਰ ਸੋਢੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਖ਼ੁਦ ਨੂੰ ਪੰਥਕ ਪਾਰਟੀ ਕਹਿੰਦੇ ਹਨ ਨਾਲੋਂ ਵੀ ਪੰਥਕ ਵੋਟ ਟੁਟ ਗਿਆ ਹੈ ਅਤੇ ਇਹੋ ਵਜ੍ਹਾ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਸੀਟਾਂ ਤੋਂ ਚੋਣ ਲੜਨਾ ਹੀ ਮੁਨਾਸਬ ਨਹੀਂ ਸਮਝਿਆ ਅਤੇ ਇਹੋ ਕਾਰਨ ਹੈ ਅਕਾਲੀ ਦਲ ਨੇ ਸ੍ਰੀ ਅੰਮਿ੍ਤਸਰ ਸਾਹਿਬ, ਸ੍ਰੀ ਆਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਵਰਗੀਆਂ ਪੰਥਕ ਸੀਟਾਂ ਅਪਣੇ ਸੱਜਰੇ ਬਣੇ ਭਾਈਵਾਲ ਬਸਪਾ ਲਈ ਛੱਡ ਦਿਤੀਆਂ | ਲਖਵੀਰ ਸੋਢੀ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨਾਲੋਂ ਵੀ ਦਲਿਤ ਸਮਾਜ ਤਕਰੀਬਨ ਤਕਰੀਬਨ ਟੁਟ ਚੁਕਿਆ ਹੈ ਅਤੇ ਅਕਾਲੀ ਦਲ ਨੇ ਜਿਸ ਤਰ੍ਹਾਂ ਕੁੱਝ ਵੱਡੀਆਂ ਪੰਥਕ ਸੀਟਾਂ ਤੋਂ ਦੂਰੀ ਬਣਾਈ ਉਸੇ ਤਰ੍ਹਾਂ ਹੀ ਬਹੁਜਨ ਸਮਾਜ ਪਾਰਟੀ ਨੇ ਵੀ ਅਪਣੇ ਸੱਭ ਤੋਂ ਵੱਧ ਪ੍ਰਭਾਵ ਵਾਲੀਆਂ ਸੀਟਾਂ ਜਿਨ੍ਹਾਂ ਵਿਚ ਫ਼ਿਲੌਰ, ਬੰਗਾ, ਆਦਮਪੁਰ, ਸ਼ਾਮ ਚੁਰਾਸੀ, ਚੱਬੇਵਾਲ, ਬਲਾਚੌਰ ਆਦਿ ਮੁੱਖ ਤੌਰ 'ਤੇ ਸ਼ਾਮਲ ਹਨ, ਉਹ ਲਈਆਂ ਹੀ ਨਹੀਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਰਗਾੜੀ ਅਤੇ ਬਾਦਲਾਂ ਦੇ ਰਾਜ ਦੌਰਾਨ ਪੰਜਾਬ ਵਿਚ ਹੋਈਆਂ ਬੇਅਦਬੀਆਂ ਨੂੰ ਭੁੱਲੇ ਨਹੀਂ ਹਨ ਅਤੇ ਜਿਨ੍ਹਾਂ ਦੇ ਰਾਜ ਵਿਚ ਇਹ ਸੱਭ ਹੋਇਆ ਹੋਵੇ ਉਹ ਦਲਿਤਾਂ ਦਾ ਭਲਾ ਕਿਵੇਂ ਕਰ ਸਕਦੇ ਹਨ? ਲਖਵੀਰ ਸੋਢੀ ਨੇ ਕਿਹਾ ਕਿ ਬਾਦਲਾਂ ਦਾ ਰਾਜ ਸੱਭ ਨੇ ਦੇਖਿਆ ਹੋਇਆ ਹੈ ਅਤੇ ਉਸ ਦੌਰਾਨ ਦਲਿਤਾਂ ਤੇ ਜੋ ਤਸ਼ਦੱਦ ਅਤੇ ਅਤਿਆਚਾਰ ਹੋਇਆ ਉਹ ਵੀ ਕਿਸੇ ਤੋਂ ਲੁਕਿਆ ਹੋਇਆ ਨਹੀਂ | ਉਹ ਭਾਵੇਂ ਤਰਨਤਾਰਨ ਵਿਚ ਦਲਿਤ ਲੜਕੀ ਨਾਲ ਪੁਲਿਸ ਦੀ ਧੱਕੇਸ਼ਾਹੀ ਹੋਵੇ ਜਾਂ ਫਿਰ ਮੋਗਾ ਵਿਚ ਦਲਿਤ ਬੱਚੀ ਨੂੰ ਬੱਸ ਹੇਠਾਂ ਕੁਚਲ ਕੇ ਮਾਰਨ
ਦੀ ਘਟਨਾ ਹੋਵੇ | ਉਨ੍ਹਾਂ ਕਿਹਾ ਕਿ ਬਾਦਲਾਂ ਨੇ ਅਪਣੇ ਰਾਜ ਦੌਰਾਨ ਐਸ.ਸੀ ਸਕਾਲਰਸ਼ਿਪ ਸਕੀਮ ਦਾ ਪੈਸਾ ਵੀ ਦਲਿਤ ਬੱਚਿਆਂ ਦੀ ਪੜ੍ਹਾਈ ਤੇ ਨਾ ਖ਼ਰਚ ਕਰ ਕੇ ਉਸ ਨੂੰ ਅਪਣੀ ਰਾਜਨੀਤੀ ਲਈ ਵਰਤਿਆ ਅਤੇ ਇਹ ਸਾਰੀਆਂ ਗੱਲਾਂ ਬਾਦਲਾਂ ਦੇ ਰਾਜ ਦੀਆਂ ਹਨ |
ਲਖਵੀਰ ਸੋਢੀ ਨੇ ਕਿਹਾ ਕਿ ਭਾਜਪਾ ਨਾਲ ਘਿਉ-ਖਿਚੜੀ ਰਹੇ ਬਾਦਲਾਂ ਦੇ ਟੱਬਰ ਨੇ ਪਹਿਲਾਂ ਤਾਂ ਖੇਤੀ ਕਾਨੂੰਨਾਂ ਦਾ ਸਮਰਥਨ ਕੀਤਾ, ਫਿਰ ਖੇਤੀ ਕਾਨੂੰਨਾਂ ਦੇ ਫ਼ਾਇਦੇ ਗਿਣਵਾਏ ਤੇ ਜਦੋਂ ਕਿਸਾਨਾਂ ਦਾ ਰੋਹ ਦੇਖਿਆ ਤਾਂ 'ਉਂਗਲੀ ਤੇ ਖ਼ੂਨ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕੀਤੀ' ਪਰ 'ਯੇ ਜੋ ਪਬਲਿਕ ਯੇ ਸੱਭ ਜਾਨਤੀ ਹੈ' ਇਸ ਲਈ ਬਾਦਲਾਂ ਅਤੇ ਬਸਪਾ ਦਾ ਇਹ ਗਠਜੋੜ ਪੂਰੀ ਤਰ੍ਹਾਂ ਨਾਲ ਫ਼ਲਾਪ ਸਾਬਤ ਹੋਵੇਗਾ ਅਤੇ ਪੰਜਾਬ ਵਿਚ ਮੁੜ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਸਰਕਾਰ ਨੂੰ ਪੰਜਾਬ ਦੇ ਲੋਕ ਸਪੱਸ਼ਟ ਬਹੁਮਤ ਅਤੇ ਪਹਿਲਾਂ ਨਾਲੋਂ ਜ਼ਿਆਦਾ ਸੀਟਾਂ ਨਾਲ ਜਿਤਾ ਕੇ ਸੂਬੇ ਦੀ ਵਾਂਗਡੋਰ ਕੈਪਟਨ ਦੇ ਹੱਥ ਵਿਚ ਸੌਂਪ ਕੇ ਪੰਜਾਬ ਦਾ ਭਲਾ ਕਰਨਗੇ |