
ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਸ਼ਹਿਰ ਵਿਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਚਾਰ ਲਾਰਵਾ ਵਿਰੋਧੀ ਟੀਮਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਅਤੇ ਪੁਲਿਸ ...
ਜਲੰਧਰ ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਸ਼ਹਿਰ ਵਿਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਦੀ ਰੋਕਥਾਮ ਲਈ ਚਾਰ ਲਾਰਵਾ ਵਿਰੋਧੀ ਟੀਮਾਂ ਵਲੋਂ ਜ਼ਿਲ੍ਹਾ ਪ੍ਰਸ਼ਾਸਕੀ ਅਤੇ ਪੁਲਿਸ ਕੰਪਲੈਕਸ, ਜ਼ਿਲ੍ਹਾ ਸਿਖਿਆ ਅਫ਼ਸਰ ਪ੍ਰਾਇਮਰੀ ਅਤੇ ਐਲੀਮੈਂਟਰੀ ਦੀ ਇਮਾਰਤਾਂ ਤੇ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਜਲੰਧਰ ਦੇ ਆਲੇ-ਦੁਆਲੇ ਦੀ ਚੈਕਿੰਗ ਕੀਤੀ ਗਈ।
ਸੰਜੀਵ ਕੁਮਾਰ, ਰਾਜ ਕੁਮਾਰ, ਗੁਰਪਾਲ ਸਿੰਘ ਅਤੇ ਸੁਖਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਸਿਵਲ ਸਰਜਨ ਡਾ. ਜਸਪ੍ਰੀਤ ਕੌਰ ਸੇਖੋਂ, ਡਾ. ਸਤੀਸ਼ ਕੁਮਾਰ ਅਤੇ ਇੰਚਾਰਜ ਲਾਰਵਾ ਵਿਰੋਧੀ ਸੈਲ ਸੁਖਜਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਸਿਖਿਆ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਕੂਲਰਾਂ ਵਿਚ ਡੇਂਗੂ ਦੇ ਲਾਰਵੇ ਦੀ ਪਹਿਚਾਣ ਕੀਤੀ ਗਈ। ਟੀਮ ਵਲੋਂ ਇਸ 'ਤੇ ਤੁਰਤ ਕਾਰਵਾਈ ਕਰਦਿਆਂ ਕੂਲਰਾਂ ਵਿਚੋਂ ਪਾਣੀ ਨੂੰ ਬਾਹਰ ਕਢਿਆ ਗਿਆ ਤਾਂ ਜੋ ਇਹ ਅੱਗੇ ਨਾ ਫੈਲ ਸਕੇ ਅਤੇ ਇਸ ਉਪਰੰਤ ਸਪਰੇਅ ਕੀਤਾ ਗਿਆ।
Larva Of Mosquito
ਉਨ੍ਹਾਂ ਵਲੋਂ ਗੜ੍ਹਾ ਅਤੇ ਅਰਬਨ ਅਸਟੇਟ ਫੇਜ-1 ਵਿਖੇ ਘਰਾਂ ਦਾ ਵੀ ਨਿਰੀਖਣ ਕੀਤਾ ਗਿਆ। ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਦਸਿਆ ਗਿਆ ਕਿ ਇਹ ਥਾਵਾਂ ਮੱਛਰਾਂ ਦੇ ਪੈਦਾ ਹੋਣ ਲਈ ਢੁੱਕਵੀਆਂ ਹਨ ਜਿਸ ਨਾਲ ਡੇਂਗੂ, ਮਲੇਰੀਆ ਤੇ ਹੋਰ ਕਈ ਤਰ੍ਹਾਂ ਦੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ।
ਉਨ੍ਹਾਂ ਕਿਹਾ ਕਿ ਪਾਣੀ ਇਕੱਤਰ ਕਰਨ ਵਾਲੇ ਕੰਟੇਨਰਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰਖਿਆ ਜਾਵੇ ਅਤੇ ਇਸ ਤੋਂ ਇਲਾਵਾ ਪੁਰਾਣੇ ਟਾਇਰਾਂ ਤੇ ਟੁੱਟੇ ਭਾਂਡਿਆਂ ਨੂੰ ਤੁਰਤ ਹਟਾ ਦਿਤਾ ਜਾਵੇ। ਸਰਕਾਰੀ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਮੁਹਿੰਮ 'ਤੰਦਰੁਸਤ ਪੰਜਾਬ' ਮਿਸ਼ਨ ਦਾ ਹਿੱਸਾ ਹੈ ਅਤੇ ਇਸ ਦਾ ਉਦੇਸ਼ ਪਾਣੀ ਤੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਨੂੰ ਸ਼ੁਰੂ ਤੋਂ ਹੀ ਰੋਕਣਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਲੋਕਾਂ ਲਈ ਚੰਗੀ ਸਿਹਤ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।