
ਗੜ੍ਹਦੀਵਾਲਾ ਦੇ ਪਾਵਕਾਮ ਦਫ਼ਤਰ ਤੇ ਸਬ ਸਟੇਸ਼ਨ ਦੀ ਅਸੁਰੱਖਿਅਤ ਇਮਾਰਤ ਕਾਰਨ ਅੰਦਰ ਕੰਮ ਕਰਦੇ ਬਿਜਲੀ ਮੁਲਾਜ਼ਮ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ...
ਗੜ੍ਹਦੀਵਾਲਾ, ਗੜ੍ਹਦੀਵਾਲਾ ਦੇ ਪਾਵਕਾਮ ਦਫ਼ਤਰ ਤੇ ਸਬ ਸਟੇਸ਼ਨ ਦੀ ਅਸੁਰੱਖਿਅਤ ਇਮਾਰਤ ਕਾਰਨ ਅੰਦਰ ਕੰਮ ਕਰਦੇ ਬਿਜਲੀ ਮੁਲਾਜ਼ਮ ਕਿਸੇ ਵੇਲੇ ਵੀ ਹਾਦਸੇ ਦਾ ਸ਼ਿਕਾਰ ਹੋ ਸਕਦੇ ਹਨ। ਪਾਵਰਕਾਮ ਦੇ ਸਿਵਲ ਅਧਿਕਾਰੀਆਂ ਨੂੰ ਵਾਰ ਵਾਰ ਪੱਤਰ ਲਿਖਣ ਦੇ ਬਾਵਜੂਦ ਵੀ ਇਸ ਇਮਾਰਤ ਦੀ ਸੁਰੱਖਿਆ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਵਿਭਾਗੀ ਕਾਰਜਕਾਰੀ ਇੰਜੀਨੀਅਰ ਨੇ ਦਾਅਵਾ ਕੀਤਾ ਹੈ ਕਿ ਜਲਦ ਇਹ ਮੁਰੰਮਤ ਕਰਵਾ ਦਿਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ 1980 ਵਿਚ ਗੜ੍ਹਦੀਵਾਲਾ 'ਚ ਬਿਜਲੀ ਬੋਰਡ ਵਲੋਂ ਸਬ ਸਟੇਸ਼ਨ ਤੇ ਦਫ਼ਤਰੀ ਇਮਾਰਤ ਉਸਾਰੀ ਗਈ ਸੀ। ਸਮੇਂ ਸਮੇਂ 'ਤੇ ਇਮਾਰਤ ਦੀ ਮੁਰੰਮਤ ਨਾ ਕੀਤੇ ਜਾਣ ਕਾਰਨ ਇਮਾਰਤ ਦੀ ਹਾਲਤ ਇਹ ਹੋ ਚੁੱਕੀ ਹੈ ਕਿ ਥਾਂ ਥਾਂ ਤੋਂ ਪਾਣੀ ਦੀ ਲੀਕੇਜ਼ ਹੋ ਰਹੀ ਹੈ। ਦਫ਼ਤਰੀ ਰਿਕਾਰਡ ਸਾਰਾ ਖਰਾਬ ਹੋ ਰਿਹਾ ਹੈ ਅਤੇ ਅੰਦਰ ਬੈਠੇ ਮੁਲਾਜ਼ਮ ਵੀ ਅਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਬਰਸਾਤੀ ਮੌਸਮ ਸ਼ੁਰੂ ਹੋ ਜਾਣ ਕਾਰਨ ਰੋਜ਼ਾਨਾ ਹੀ ਮੁਲਾਜ਼ਮਾਂ ਨੂੰ ਅਪਣਾ ਰਿਕਾਰਡ ਵਾਰ ਵਾਰ ਦੂਜੇ ਕਮਰਿਆਂ ਵਿਚ ਸਿਫ਼ਟ ਕਰਨਾ ਪੈਂਦਾ ਹੈ ਅਤੇ ਗੱਡੀ ਗਿਣਤੀ ਵਿਚ ਅਹਿਮ ਰਿਕਾਰਡ ਨਾਲ ਸਬੰਧਿਤ ਫ਼ਾਈਲਾਂ ਖਰਾਬ ਹੁੰਦੀਆਂ ਜਾ ਰਹੀਆਂ ਹਨ। ਰਿਕਾਰਡ ਰੂਮ ਦੇ ਇੰਚਾਰਜ ਦੀ ਖੁਦ ਦੇ ਕਮਰੇ ਦੀ ਹਾਲਤ ਵੀ ਖਸਤਾ ਹੋਈ ਪਈ ਹੈ। ਭਾਰਤੀ ਮਜ਼ਦੂਰ ਸੰਘ ਦੇ ਆਗੂ ਇਕਬਾਲ ਸਿੰਘ ਕੋਕਲਾ ਨੇ ਕਿਹਾ ਕਿ ਇਮਾਰਤਾਂ ਦੀ ਖਸਤਾ ਹਾਲਤ ਦੇ ਨਾਲ ਨਾਲ ਮੁਲਾਜ਼ਮਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਦਰਕਾਰ ਹੈ।
ਸੰਪਰਕ ਕਰਨ 'ਤੇ ਵਿਭਾਗੀ ਕਾਰਜਕਾਰੀ ਇੰਜੀਨੀਅਰ ਸਰਬਜੀਤ ਰਾਜੂ ਨੇ ਕਿਹਾ ਕਿ ਗੜ੍ਹਦੀਵਾਲਾ ਵਾਂਗ ਸੂਬੇ ਅੰਦਰ ਕਈ ਇਮਾਰਤਾਂ ਦੀ ਹਾਲਤ ਖਸਤਾ ਹੈ ਅਤੇ ਇਸ ਬਾਬਤ ਕਈ ਵਾਰ ਉੱਚ ਅਧਿਕਾਰੀਆਂ ਤੇ ਸਿਵਲ ਵਿੰਗ ਨੂੰ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕ੍ਰਮ ਅਨੁਸਾਰ ਬਣਾਈਆਂ ਜਾ ਰਹੀਆਂ ਪਾਵਰਕਾਮ ਦੀ ਇਮਾਰਤਾਂ ਅਨੁਸਾਰ ਗੜ੍ਹਦੀਵਾਲਾ ਪਾਵਰਕਾਮ ਦਫ਼ਤਰ ਦੀ ਇਮਾਰਤ ਜਲਦ ਹੀ ਬਣਾਈ ਜਾਵੇਗੀ।