
ਬਠਿੰਡਾਜ਼ਿਲ੍ਹੇ ਦੇ ਪਿੰਡ ਚਾਊਕੇ ਦੇ ਖੇਤਾਂ 'ਚ ਹਲ ਦੀ ਮੁੰਨੀ ਫ਼ੜ ਬਾਪੂ ਤੇ ਛੋਟੇ ਭਰਾਵਾਂ ਨਾਲ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਬਲਦੇਵ ਸਿੰਘ ਸਰਾਂ ਦੀ ਮਿਹਨਤ ਨੇ ਹੀ ...
ਬਠਿੰਡਾਜ਼ਿਲ੍ਹੇ ਦੇ ਪਿੰਡ ਚਾਊਕੇ ਦੇ ਖੇਤਾਂ 'ਚ ਹਲ ਦੀ ਮੁੰਨੀ ਫ਼ੜ ਬਾਪੂ ਤੇ ਛੋਟੇ ਭਰਾਵਾਂ ਨਾਲ ਹੱਡ ਭੰਨਵੀਂ ਮਿਹਨਤ ਕਰਨ ਵਾਲੇ ਬਲਦੇਵ ਸਿੰਘ ਸਰਾਂ ਦੀ ਮਿਹਨਤ ਨੇ ਹੀ ਅੱਜ ਉਸ ਨੂੰ ਪੰਜਾਬ ਸਰਕਾਰ ਦੇ ਸਭ ਤੋਂ ਮਹੱਤਵਪੂਰਨ ਅਦਾਰੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ ਦੀ ਕੁਰਸੀ 'ਤੇ ਸੁਸ਼ੋਭਿਤ ਕਰ ਦਿਤਾ ਹੈ। ਤਿੰਨ ਭੈਣਾਂ ਤੋਂ ਛੋਟੇ ਤੇ ਦੋ ਭਰਾਵਾਂ ਤੋਂ ਵੱਡੇ ਬਲਦੇਵ ਸਿੰਘ ਨੇ ਐਸ.ਡੀ.ਓ 'ਸਾਹਿਬ' ਬਣਨ ਤੋਂ ਬਾਅਦ ਵੀ ਅਪਣੇ ਪਿਛੋਕੜ ਨੂੰ ਨਹੀਂ ਭੁਲਾਇਆ ਤੇ ਦਫ਼ਤਰ ਦੀਆਂ ਛੁੱਟੀਆਂ ਖੇਤਾਂ ਵਿਚ ਹੀ ਗੁਜ਼ਰਦੀਆਂ ਰਹੀਆਂ।
ਪਿੰਡ ਦੇ ਹੀ ਸਕੂਲ ਤੋਂ ਦਸਵੀਂ ਤੇ ਨਾਨ ਮੈਡੀਕਲ ਨਾਲ ਰਜਿੰਦਰਾ ਕਾਲਜ਼ ਤੋਂ ਬਾਹਰਵੀਂ ਕਰਨ ਤੋਂ ਬਾਅਦ ਬਲਦੇਵ ਸਿੰਘ ਸਰਾਂ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ਼ ਲੁਧਿਆਣਾ ਤੋਂ ਇਲੈਕਟਰੀਕਲ ਦੀ ਡਿਗਰੀ ਹਾਸਲ ਕੀਤੀ। ਕੁੱਝ ਸਮਾਂ ਭੇਲ ਵਿਚ ਨੌਕਰੀ ਕਰਨ ਤੋਂ ਬਾਅਦ ਸਾਲ 1982 ਵਿਚ ਸ: ਸਰਾਂ ਦੀ ਪੰਜਾਬ ਰਾਜ ਬਿਜਲੀ ਬੋਰਡ ਵਿਚ ਬਤੌਰ ਐਸ.ਡੀ.ਓ ਨਿਯੁਕਤੀ ਹੋਈ।
ਇੱਕ ਪੇਂਡੂ ਪ੍ਰਵਾਰ ਦੇ ਮੁੰਡੇ ਲਈ ਇਹ ਬਹੁਤ ਵੱਡੀ ਪ੍ਰਾਪਤੀ ਸੀ। ਕਈ ਦਹਾਕੇ ਉਤਪਾਦਨ, ਵੰਡ ਤੇ ਟ੍ਰਾਂਸਮਿਸ਼ਨ ਆਦਿ ਖੇਤਰਾਂ ਵਿਚ ਕੰਮ ਕਰਨ ਤੋਂ ਬਾਅਦ ਇੰਜੀਨੀਅਰ ਬਲਦੇਵ ਸਿੰਘ ਸਰਾਂ ਲੰਘੀ 28 ਫ਼ਰਵਰੀ ਨੂੰ ਪਾਵਰਕੌਮ ਦੇ ਮੁੱਖ ਇੰਜੀਨੀਅਰ ਦੇ ਅਹੁੱਦੇ ਤੋਂ ਰਿਟਾਇਰ ਹੋਏ। ਨੌਕਰੀ ਦੇ ਆਖ਼ਰੀ 6 ਮਹੀਨਿਆਂ 'ਚ ਪਣ ਬਿਜਲੀ ਪ੍ਰੋਜੈਕਟਾਂ ਦੇ ਮੁੱਖੀ ਰਹਿੰਦਿਆਂ ਇਸਦੇ ਉਤਪਾਦਨ ਵਿਚ ਰਿਕਾਰਡ ਤੋੜ 22 ਫ਼ੀਸਦੀ ਵਾਧਾ ਕਰਨ ਵਾਲੇ ਬਲਦੇਵ ਸਿੰਘ ਸਰਾਂ ਨੇ ਲਹਿਰਾ ਮੁਹੱਬਤ ਥਰਮਲ ਪਲਾਂਟ ਨੂੰ ਵੀ ਉਤਪਾਦਨ ਦੀਆਂ ਨਵੀਆਂ ਬੁਲੰਦੀਆਂ ਤੱਕ ਪਹੁੰਚਾਇਆ।
ਜਿਸਦੀ ਬਦੌਲਤ ਸਾਲ 2010 ਵਿਚ ਉਨ੍ਹਾਂ ਨੂੰ ਬੇਸਟ ਇੰਜੀਨੀਅਰ ਦਾ ਐਵਾਰਡ ਵੀ ਮਿਲਿਆ। ਪੰਜਾਬ ਰਾਜ ਪਾਵਰਕੌਮ ਇੰਜੀਨੀਅਰ ਐਸੋਸੀਏਸਨ ਦੇ ਲਗਾਤਾਰ ਦੋ ਵਾਰ ਪ੍ਰਧਾਨ ਰਹਿ ਕੇ ਮੁਲਾਜਮਾਂ ਦੀਆਂ ਹੱਕਾਂ ਮੰਗਾਂ ਲਈ ਮੈਨੇਜਮੈਂਟ ਤੇ ਸਰਕਾਰਾਂ ਨਾਲ ਟੱਕਰ ਲੈਣ ਵਾਲੇ ਸ: ਸਰਾਂ ਅਪਣੇ ਮਹਿਕਮੇ ਵਿਚ ਇਮਾਨਦਾਰੀ ਤੇ ਮਿਹਨਤ ਦੀ ਮਿਸਾਲ ਮੰਨੇ ਜਾਂਦੇ ਹਨ।
ਲੰਮਾ ਸਮਾਂ ਬਠਿੰਡਾ ਤੈਨਾਤ ਰਹਿਣ ਅਤੇ ਪਾਵਰਕੌਮ ਦੀਆਂ ਬਰੀਕੀਆਂ ਨੂੰ ਨੇੜੇ ਤੋਂ ਸਮਝਣ ਵਾਲੇ ਸਰਾਂ ਦੀ ਚੇਅਰਮੈਨ ਤੇ ਮੈਨੈਜਿੰਡ ਡਾਇਰੈਕਟਰ ਵਜੋਂ ਨਿਯੁਕਤੀ ਦੇ ਚੱਲਦੇ ਪੰਜਾਬ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਇਸ ਮਹਿਕਮੇ ਦੇ ਦਿਨ ਫ਼ਿਰਨ ਦੀਆਂ ਉਮੀਦਾਂ ਬੱਝ ਗਈਆਂ ਹਨ। ਇਹੀ ਨਹੀਂ ਦਹਾਕਿਆਂ ਤੱਕ ਬਠਿੰਡਾ ਦੇ ਟਿੱਬਿਆ ਨੂੰ ਰੰਗ ਭਾਗ ਲਗਾਉਣ ਵਾਲੇ ਬਠਿੰਡਾ ਦੇ ਗੁਰੂ ਨਾਨਕ ਥਰਮਲ ਪਲਾਂਟ ਦੀਆਂ ਚਿਮਨੀਆਂ ਵਿਚ ਵੀ ਮੁੜ ਧੂੰਆਂ ਨਿਕਲਣ ਦੀ ਆਸ ਬਣੀ ਹੈ। ਹਾਲਾਂਕਿ ਉਹ ਇਸ ਪਲਾਂਟ 'ਚ ਤੈਨਾਤ ਨਹੀਂ ਰਹੇ ਪ੍ਰੰਤੂ ਸਰਕਾਰੀ ਪਲਾਂਟਾਂ ਦੀ ਤਰਫ਼ਦਾਰੀ ਉਹ ਸ਼ੁਰੂ ਤੋਂ ਹੀ ਕਰਦੇ ਰਹੇ ਹਨ।
ਸਪੋਕਸੈਨ ਦੇ ਇਸ ਪ੍ਰਤੀਨਿਧੀ ਨਾਲ ਸ: ਸਰਾਂ ਨੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਮੁੱਖ ਮਕਸਦ ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਨੂੰ ਬੁਲੰਦੀਆਂ 'ਤੇ ਲਿਜਾਣਾ ਹੈ ਇਸਦੇ ਲਈ ਉਹ ਹਰ ਸੰਭਵ ਯਤਨ ਕਰਨਗੇ। ਸ: ਸਰਾਂ ਨੇ ਅਪਣੇ ਪਿਛੋਕੜ 'ਤੇ ਮਾਣ ਕਰਦਿਆਂ ਦਾਅਵਾ ਕੀਤਾ ਕਿ ਮਿਹਨਤ ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਹੈ ਤੇ ਇਸਦਾ ਉਹ ਕਦੇ ਪੱਲਾ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਉਹ ਹਰ ਵਰਗ ਦਾ ਖਿਆਲ ਰੱਖਣਗੇ।