
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ............
ਚੰਡੀਗੜ੍ਹ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਥੱਲੇ ਪੰਜਾਬ ਪਹਿਲੇ ਨੰਬਰ ਤੋਂ ਖਿਸਕ ਕੇ 20ਵੇਂ ਨੰਬਰ ਉੱਤੇ ਪਹੁੰਚ ਗਿਆ ਅਤੇ ਹੁਣ ਇਸ ਦੀ ਦਰਜਾਬੰਦੀ ਬਿਹਾਰ ਅਤੇ ਝਾਰਖੰਡ ਵਰਗੇ ਬਿਮਾਰ ਸੂਬਿਆਂ ਤੋਂ ਵੀ ਥੱਲੇ ਹੋ ਰਹੀ ਹੈ। ਇਥੇ ਇਕ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਰੋਬਾਰ ਕਰਨ ਦੀ ਸੌਖ ਬਾਰੇ ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ਵਿਚ ਪੰਜਾਬ ਨੂੰ 20ਵੇਂ ਨੰਬਰ ਉੱਤੇ ਰੱਖਿਆ ਗਿਆ ਹੈ।
ਇਸ ਦੇ ਬਿਲਕੁਲ ਉਲਟ 2015 ਵਿਚ ਕਾਰੋਬਾਰ ਸਥਾਪਤ ਕਰਨ ਦੀ ਸੌਖ ਵਾਲੀ ਕੈਟਾਗਰੀ ਵਿਚ ਸੂਬਾ ਪਹਿਲਾ ਨੰਬਰ ਉੱਤੇ ਸੀ ਅਤੇ 2016 ਵਿਚ ਸਿੰਗਲ ਵਿੰਡੋ ਸੁਧਾਰ ਵਿਚ ਵੀ ਪੰਜਾਬ ਪਹਿਲੇ ਨੰਬਰ ਉੱਤੇ ਸੀ। ਉਨ੍ਹਾਂ ਕਿਹਾ ਕਿ ਹੁਣ ਸਪੱਸ਼ਟ ਹੈ ਕਿ ਅਕਾਲੀ-ਭਾਜਪਾ ਸਰਕਾਰ 2013 ਵਿਚ ਨਵੀਂ ਉਦਯੋਗ ਨੀਤੀ ਬਣਾ ਕੇ ਪੰਜਾਬ ਨੂੰ ਪਹਿਲੇ ਸਥਾਨ ਉੱਤੇ ਲੈ ਆਈ ਸੀ ਜਦਕਿ ਮੁੱਖ ਮੰਤਰੀ ਨੇ ਡੇਢ ਸਾਲ ਵਿਚ ਹੀ ਇਸ ਨੂੰ 20ਵੇਂ ਨੰਬਰ ਉੱਤੇ ਸੁੱਟ ਦਿੱਤਾ ਹੈ। ਇਸ ਤੋਂ ਮਾੜਾ ਕੀ ਹੋ ਸਕਦਾ ਸੀ? ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਨੂੰ ਤਬਾਹ ਕਰਕੇ ਪੰਜਾਬੀਆਂ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰ ਰਹੀ ਹੈ।
ਪੰਜਾਬ ਵਿਚ ਇੱਕੋ ਛੱਤ ਥੱਲੇ ਪ੍ਰਵਾਨਗੀਆਂ ਦੇਣ ਵਾਲਾ ਅਤੇ ਨਿਵੇਸ਼ ਨੂੰ ਵਧਾਉਣ ਵਾਲਾ ਸਿਸਟਮ ਤਿਆਰ ਕਰਨ ਵਾਲੇ ਨਿਵੇਸ਼ ਪੰਜਾਬ ਵਿਭਾਗ ਨੂੰ ਲਗਭਗ ਖਤਮ ਕਰ ਦਿੱਤਾ ਗਿਆ ਹੈ। ਸੁਧਾਰ ਕਮਿਸ਼ਨ ਨੂੰ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ 12 ਹਜ਼ਾਰ ਸੇਵਾ ਕੇਂਦਰਾਂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਨਾਂ ਨੇ ਆਮ ਨਾਗਰਿਕਾਂ ਲਈ ਸੇਵਾਵਾਂ ਸ਼ੁਰੂ ਕਰਕੇ ਉਹਨਾਂ ਦੀ ਸਰਕਾਰੀ ਦਫਤਰਾਂ ਵਿਚ ਗੇੜੇ ਮਾਰਨ ਦੀ ਖੱਜਲਖੁਆਰੀ ਖ਼ਤਮ ਕਰ ਦਿੱਤੀ ਸੀ। ਇਨ੍ਹਾਂ ਸਾਰੀਆਂ ਗੱਲਾਂ ਕਰਕੇ ਹੀ ਪ੍ਰਧਾਨ ਮੰਤਰੀ ਨੂੰ ਵੀ ਮੁੱਖ ਮੰਤਰੀ ਨੂੰ 'ਜਾਗ ਪਓ' ਕਹਿਣਾ ਪਿਆ। ਹੁਣ ਬਹਾਨਿਆਂ ਅਤੇ ਦੂਸ਼ਣਬਾਜੀ ਵਾਲੀ ਖੇਡ ਮੁੱਕ ਗਈ ਹੈ, ਇਸ ਲਈ ਮੁੱਖ ਮੰਤਰੀ ਨੂੰ ਹੁਣ ਕਾਰਗੁਜ਼ਾਰੀ ਦਿਖਾਉਣੀ ਪੈਣੀ ਹੈ ਜਾਂ ਫਿਰ ਕੁਰਸੀ ਛੱਡਣੀ।