
ਕਿਹਾ, ਜ਼ਰੂਰਤ ਪੈਣ ਤੇ ਇਨ੍ਹਾਂ ਨੌਜਵਾਨਾਂ ਦੇ ਹੱਕ 'ਚ ਅਦਾਲਤ ਦਾ ਦਰਵਾਜ਼ਾ ਖੜਾਉਣ ਤੋਂ ਗੁਰੇਜ਼ ਨਹੀਂ ਕਰਾਂਗਾ
ਸਮਾਣਾ (ਚਮਕੌਰ ਮੋਤੀ ਫਾਰਮ) : ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵਲੋਂ ਯੂਏਪੀਏ ਕਾਨੂੰਨ ਤਹਿਤ ਪੰਜਾਬ ਦੇ ਬੇਰੁਜਗਾਰ ਅਤੇ ਦਲਿਤ ਤਬਕੇ ਦੇ ਨੌਜਵਾਨਾਂ ਨੂੰ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਤੇ ਉਨ੍ਹਾਂ ਨੂੰ ਜੇਲਾਂ ਵਿਚ ਸੜਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਕੀਤਾ।
Dinkar Gupta
ਉਹ ਅੱਜ ਸਮਾਣਾ ਦੇ ਨੇੜਲੇ ਪਿੰਡ ਸ਼ਾਦੀਪੁਰ ਵਿਖੇ ਲਵਪ੍ਰੀਤ ਸਿੰਘ ਉਰਫ਼ ਰਾਜਕੁਮਾਰ ਜਿਸਨੂੰ ਸਮਾਣਾ ਪੁਲਿਸ ਨੇ ਪਿਛਲੇ ਦਿਨੀਂ ਯੂਏਪੀਏ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਹੈ, ਦੇ ਘਰ ਉਸ ਦੇ ਮਾਤਾ-ਪਿਤਾ ਨੂੰ ਮਿਲਣ ਆਏ ਸਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਸੂਬਾ ਜਰਨਲ ਸਕੱਤਰ ਰਛਪਾਲ ਸਿੰਘ ਜੌੜਾਮਾਜਰਾ , ਭਦੋੜ ਤੋਂ ਵਿਧਾਇਕ ਪਿਰਮਲ ਸਿੰਘ ਧੋਲਾ ਵੀ ਹਾਜ਼ਰ ਸਨ।
Punjab Government
ਸੁਖਪਾਲ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਕੁੱਝ ਦਿਨਾਂ ਦੌਰਾਨ ਇਸ ਜਾਲਿਮ ਕਾਨੂੰਨ ਤਹਿਤ 16 ਮਾਮਲੇ ਦਰਜ਼ ਕਰਕੇ ਵੱਡੀ ਗਿਣਤੀ ਵਿਚ ਅਜਿਹੇ ਬੇਰੁਜ਼ਗਾਰ ਤੇ ਦਲਿਤ ਨੌਜਵਾਨਾਂ ਨੂੰ ਜੇਲਾਂ ਅੰਦਰ ਸੜਨ ਲਈ ਭੇਜ ਦਿਤਾ ਹੈ ਜਿਨ੍ਹਾਂ ਦੇ ਪਰਵਾਰਾਂ ਦੀ ਵਿਤੀ ਹਾਲਤ ਅਜਿਹੀ ਵੀ ਨਹੀਂ ਕਿ ਉਹ ਉਨ੍ਹਾਂ ਨੂੰ ਬਚਾਉਣ ਲਈ ਵਕੀਲ ਹੀ ਖੜਾ ਕਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਸੱਭ ਕੁੱਝ ਇਕ ਸਾਜਸ਼ ਤਹਿਤ ਕੀਤਾ ਜਾ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗਾ ਹੈ।
sukhpal khaira
ਉਨ੍ਹਾਂ ਕਿਹਾ ਕਿ ਸਮਾਣਾ ਪੁਲਿਸ ਵਲੋਂ ਇਸੇ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ 18-20 ਸਾਲ ਦੀ ਉਮਰ ਦੇ ਹਨ ਜਿਨ੍ਹਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ ਉਨ੍ਹਾਂ ਨੂੰ ਨਾਕਿਆਂ ਤੋਂ ਫੜੇ ਦਿਖਾ ਦਿਤਾ ਹੈ ਤੇ ਉਨ੍ਹਾਂ ਤੇ ਰਿਵਾਲਵਰ ਵੀ ਪਾ ਦਿਤੇ ਹਨ। ਇਸ ਤਰ੍ਹਾਂ ਪੰਜਾਬ ਪੁਲਿਸ ਗ਼ਰੀਬ ਤੇ ਦਲਿਤ ਪਰਵਾਰਾਂ ਨਾਲ ਨਾ ਕੇਵਲ ਧੋਖਾ ਕਰ ਰਹੀ ਹੈ ਬਲਕਿ ਇਨਸਾਨੀਅਤ ਦਾ ਵੀ ਗਲਾ ਘੁੱਟ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਨ੍ਹਾਂ ਨੌਜਵਾਨਾਂ ਨਾਲ ਖੜੀ ਹੈ ਤੇ ਜ਼ਰੂਰਤ ਪੈਣ 'ਤੇ ਇਨ੍ਹਾਂ ਲਈ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ।