
ਇਕ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਦੋਸ਼ ਲਗਾਇਆ ਕਿ ਪੰਜਾਬ ਦੀਆਂ ਅਹਿਮ ਨਿਯੁਕਤੀਆਂ ਕਰਨ ਸਮੇਂ ਕੈਪਟਨ
ਚੰਡੀਗੜ੍ਹ : ਇਕ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਐਮ.ਐਲ.ਏ ਨੇ ਦੋਸ਼ ਲਗਾਇਆ ਕਿ ਪੰਜਾਬ ਦੀਆਂ ਅਹਿਮ ਨਿਯੁਕਤੀਆਂ ਕਰਨ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਸਾਹਮਣੇ ਗੋਡੇ ਟੇਕ ਦਿਤੇ। ਖਹਿਰਾ ਨੇ ਕਿਹਾ ਕਿ ਸੱਤਾ ਦੇ ਗਲਿਆਰਿਆਂ ਵਿਚ ਇਹ ਆਮ ਚਰਚਾ ਹੈ ਕਿ 5 ਆਈ.ਪੀ.ਐਸ ਅਫ਼ਸਰਾਂ ਦੀ ਸੀਨੀਅਰਤਾ ਮਾਰ ਕੇ ਦਿਨਕਰ ਗੁਪਤਾ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਐਨ.ਐਸ.ਏ ਅਜੀਤ ਡੋਵਾਲ ਦੇ ਇਸ਼ਾਰੇ ਉਪਰ ਡੀ.ਜੀ.ਪੀ ਨਿਯੁਕਤ ਕੀਤਾ ਗਿਆ ਸੀ,
ਇਸੇ ਤਰ੍ਹਾਂ ਹੀ ਹੁਣ ਵੀ ਪੰਜ ਸੀਨੀਅਰ ਆਈ.ਏ.ਐਸ ਅਫ਼ਸਰਾਂ ਦੀ ਸੀਨੀਅਰਤਾ ਮਾਰ ਕੇ ਉਸ ਦੀ ਪਤਨੀ ਨੂੰ ਸੂਬੇ ਦੀ ਮੁੱਖ ਸਕੱਤਰ ਭਾਜਪਾ ਦੇ ਨਿਰਦੇਸ਼ਾਂ ਉਪਰ ਹੀ ਬਣਾਇਆ ਗਿਆ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਅਪਣੇ ਮੌਜੂਦਾ ਕਾਰਜਕਾਲ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਸਪੱਸ਼ਟ ਤੌਰ 'ਤੇ ਉਨ੍ਹਾਂ ਦੀ ਸੱਤਾਧਾਰੀ ਪਾਰਟੀ ਭਾਜਪਾ ਵਿਸ਼ੇਸ਼ ਤੌਰ 'ਤੇ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਨਜ਼ਦੀਕੀਆਂ ਨੂੰ ਦਰਸਾਉਂਦੀ ਹੈ।
ਖਹਿਰਾ ਨੇ ਕਿਹਾ ਕਿ ਭਾਜਪਾ ਦੇ ਕਦਮਾਂ ਦੀ ਹਮਾਇਤ ਕਰਨ ਵਾਸਤੇ ਕੈਪਟਨ ਅਮਰਿੰਦਰ ਸਿੰਘ ਦਾ ਰਵਈਆ ਅਕਸਰ ਹੀ ਕਾਂਗਰਸ ਹਾਈ ਕਮਾਂਡ ਦੇ ਸਟੈਂਡ ਦੇ ਉਲਟ ਹੁੰਦਾ ਹੈ। ਖਹਿਰਾ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ 'ਤੇ ਆਏ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਵਲੋਂ ਸਿਖਲਾਈ ਪ੍ਰਾਪਤ ਅਤਿਵਾਦੀ ਆਖਣ ਦੀ ਟਿਪਣੀ ਕਰਨ ਵਾਲੇ ਦਿਨਕਰ ਗੁਪਤਾ ਨੂੰ ਸਜ਼ਾ ਦੇਣ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੀ ਪਤਨੀ ਨੂੰ ਮੁੱਖ ਸਕੱਤਰ ਪੰਜਾਬ ਨਿਯੁਕਤ ਕਰ ਕੇ ਇਨਾਮ ਦਿਤਾ ਹੈ।
ਸਾਥੀ ਅਫ਼ਸਰਾਂ ਦੀ ਸੀਨੀਅਰਤਾ ਮਾਰ ਕੇ ਪਹਿਲਾਂ ਦਿਨਕਰ ਗੁਪਤਾ ਨੂੰ ਡੀ.ਜੀ.ਪੀ ਅਤੇ ਹੁਣ ਵਿਨੀ ਮਹਾਜਨ ਨੂੰ ਮੁੱਖ ਸਕੱਤਰ ਬਣਾਏ ਜਾਣ ਦੀਆਂ ਗ਼ਲਤ ਅਤੇ ਗ਼ੈਰ ਕਾਨੂੰਨੀ ਨਿਯੁਕਤੀਆਂ ਉਪਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਧਾਰੀ ਚੁੱਪੀ ਉਪਰ ਖਹਿਰਾ ਨੇ ਸਵਾਲ ਕੀਤਾ। ਖਹਿਰਾ ਨੇ ਕਿਹਾ ਕਿ ਆਮ ਤੌਰ 'ਤੇ ਅਕਾਲੀ ਆਗੂ ਦੇਸ਼ ਭਰ ਵਿਚ ਸਿੱਖਾਂ ਨੂੰ ਉਚਿਤ ਨੁੰਮਾਂਇੰਦਗੀ ਦੀ ਮੰਗ ਕਰੇ ਹਨ ਪਰੰਤੂ ਅਪਣੇ ਗ੍ਰਹਿ ਸੂਬੇ ਪੰਜਾਬ ਵਿਚਲੇ ਸਿੱਖ ਅਧਿਕਾਰੀਆਂ ਨਾਲ ਹੋਏ ਵਿਤਕਰੇ ਨੂੰ ਨਜ਼ਰਅੰਦਾਜ਼ ਕਰਨ ਵਾਲੇ ਸੁਖਬੀਰ ਬਾਦਲ ਮੁੜ ਫਿਰ ਭਾਜਪਾ ਦੀ ਬੀ ਟੀਮ ਸਾਬਤ ਹੋਏ ਹਨ।