
ਪੁਲਿਸ ਨੇ ਮਾਮਲਾ ਦਰਜ ਕਰ 3 ਨਾਬਾਲਗ ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
ਰੋਪੜ: ਇਕ 16 ਸਾਲਾ ਵਿਦਿਆਰਥਣ ਵਲੋਂ ਕਥਿਤ ਤੌਰ ’ਤੇ ਸਮੂਹਿਕ ਜਬਰ ਜ਼ਨਾਹ ਤੋਂ ਬਾਅਦ ਅਪਣੇ ਘਰ 'ਚ ਖੁਦਕੁਸ਼ੀ ਕਰਨ ਮਗਰੋਂ ਜ਼ਿਲ੍ਹਾ ਪੁਲਿਸ ਨੇ ਤਿੰਨ ਨਾਬਾਲਗ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮ੍ਰਿਤਕ ਦੇ ਪਿਤਾ ਨੇ ਇਲਜ਼ਾਮ ਲਗਾਇਆ ਕਿ ਸ਼ੁਕਰਵਾਰ ਨੂੰ ਇਕ ਨੌਜਵਾਨ ਉਨ੍ਹਾਂ ਦੀ ਧੀ ਨੂੰ ਸਕੂਲ ਵਿਚੋਂ ਘੁੰਮਣ ਦੇ ਬਹਾਨੇ ਅਪਣੇ ਨਾਲ ਲੈ ਗਿਆ। ਉਸ ਨੇ ਅਪਣੇ ਦੋ ਦੋਸਤਾਂ ਨਾਲ ਮਿਲ ਕੇ ਉਸ ਨਾਲ ਬਲਾਤਕਾਰ ਕੀਤਾ, ਜਿਸ ਤੋਂ ਬਾਅਦ ਪ੍ਰੇਸ਼ਾਨੀ ਦੇ ਚਲਦਿਆਂ ਵਿਦਿਆਰਥਣ ਨੇ ਘਰ ਵਿਚ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: ਪੰਜਾਬ ਪੁਲਿਸ ਦੇ AIG ਗੁਰਜੋਤ ਸਿੰਘ ਕਲੇਰ ਨੇ ਮਾਊਂਟ ਐਲਬਰਸ 'ਤੇ ਲਹਿਰਾਇਆ ਤਿਰੰਗਾ
ਪੁਲਿਸ ਨੇ ਰੋਪੜ ਦੇ ਰਹਿਣ ਵਾਲੇ ਅਮਨ, ਸੰਨੀ ਅਤੇ ਡਵੀ ਨਾਂਅ ਦੇ ਨੌਜਵਾਨਾਂ ਵਿਰੁਧ ਅਪਰਾਧਿਕ ਧਾਰਾ 363, 366, 306, 376, 120 ਬੀ ਆਈਪੀਸੀ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਲੜਕੀ ਦੇ ਪ੍ਰਵਾਰ ਨੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਪ੍ਰਵਾਰ ਵਲੋਂ ਦਿਤੇ ਗਏ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ। ਨਾਬਾਲਗ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।