
ਕੈਪਟਨ ਤੇ ਸਿੱਧੂ ਦਰਮਿਆਨ ਤਲਖ਼ੀ ਵੀ ਘਟਣ ਦੇ ਸੰਕੇਤ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਕਾਂਗਰਸ ਹਾਈਕਮਾਨ ਦੇ ਸਖ਼ਤ ਰੁਖ਼ ਨੂੰ ਦੇਖਦਿਆਂ ਪੰਜਾਬ ਕਾਂਗਰਸ ਅੰਦਰ ਲੰਮੇ ਸਮੇਂ ਤੋਂ ਚਲ ਰਹੀ ਆਪਸੀ ਖਿੱਚੋਤਾਣ ਹੁਣ ਘਟਣ ਲੱਗੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦਰਮਿਆਨ ਤਲਖ਼ੀ ਵੀ ਕਾਫ਼ੀ ਹਦ ਤਕ ਘਟ ਚੁੱਕੀ ਹੈ। ਇਸੇ ਦਾ ਨਤੀਜਾ ਹੈ ਕਿ ਹੁਣ ਕੁੱਝ ਦਿਨਾਂ ਤੋਂ ਸਿੱਧੂ ਨੇ ਤਿੱਖੀਆਂ ਟਿਪਣੀਆਂ ਵਾਲੇ ਟਵੀਟ ਦੀ ਥਾਂ ਬੀਤੇ ਦਿਨੀਂ ਚਿੱਠੀ ਲਿਖ ਕੇ ਅਪਣੇ ਵਿਚਾਰ ਮੁੱਖ ਮੰਤਰੀ ਤਕ ਪਹੁੰਚਾਉਣੇ ਸ਼ੁਰੂ ਕੀਤੇ ਹਨ।
Navjot Singh Sidhu
ਆਉਂਦੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਪੰਜਾਬ ਕਾਂਗਰਸ ਲਈ ਸ਼ੁਭ ਸੰਕੇਤ ਵੀ ਹੈ ਕਿਉਂਕਿ ਜੇ ਕੈਪਟਨ ਤੇ ਸਿੱਧੂ ਇਕਜੁਟ ਹੋ ਕੇ ਤਾਲਮੇਲ ਨਾਲ ਕੰਮ ਸ਼ੁਰੂ ਕਰ ਦੇਣਗੇ ਤਾਂ ਆਉਣ ਵਾਲੇ ਸਮੇਂ ਵਿਚ ਸਿਆਸੀ ਸਮੀਕਰਨ ਬਦਲ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਪੰਜਾਬ ਕਾਂਗਰਸ ਵਿਚ ਕਸ਼ਮਕਸ਼ ਘਟਣ ਦਾ ਮੁੱਖ ਕਾਰਨ ਹਾਈਕਮਾਨ ਦੀ ਸਖ਼ਤੀ ਹੀ ਹੈ। ਬਾਗ਼ੀ ਗਰੁਪ ਵਲੋਂ ਦੇਹਰਾਦੂਨ ਜਾ ਕੇ ਸ਼ਿਕਾਇਤਬਾਜ਼ੀ ਕਰਨ ਬਾਅਦ ਕਾਂਗਰਸ ਹਾਈਕਮਾਨ ਸਖ਼ਤ ਹੋਇਆ ਹੈ ਅਤੇ ਹਰੀਸ਼ ਰਾਵਤ ਨੂੰ ਪੰਜਾਬ ਵੀ ਪਿਛਲੇ ਦਿਨਾਂ ਵਿਚ ਅਨੁਸ਼ਾਸਨ ਦਾ ਸੁਨੇਹਾ ਦੇਣ ਲਈ ਹੀ ਭੇਜਿਆ ਗਿਆ ਸੀ।
Amarinder Singh-Navjot Sidhu, Harish Rawat
ਹੁਣ ਹਾਈਕਮਾਨ ਨੇ ਪੰਜਾਬ ਦੇ ਆਗੂਆਂ ਨੂੰ ਸਾਫ਼ ਕਹਿ ਦਿਤਾ ਹੈ ਕਿ ਦਿੱਲੀ ਵਲ ਆਉਣ ਦੀ ਲੋੜ ਨਹੀਂ ਅਤੇ ਅਪਣੇ ਮਸਲੇ ਸੂਬੇ ਵਿਚ ਹੀ ਨਿਬੇੜੋ। ਪਾਰਟੀ ਅਨੁਸ਼ਾਸਨ ਤੋੜਨ ਵਾਲਿਆਂ ਉਪਰ ਹਾਈਕਮਾਨ ਦੀ ਸਖ਼ਤ ਨਜ਼ਰ ਰਹੇਗੀ ਤੇ ਆਉਣ ਵਾਲੇ ਸਮੇਂ ਵਿਚ ਦਿਤੀਆਂ ਜਾਣ ਵਾਲੀਆਂ ਟਿਕਟਾਂ ਉਪਰ ਅਸਰ ਪੈ ਸਕਦਾ ਹੈ।
Sonia Gandhi and Rahul Gandhi
ਹਾਈਕਮਾਨ ਦੇ ਸਖ਼ਤ ਸੁਨੇਹੇ ਦਾ ਦੋਵੇਂ ਪਾਸਿਆਂ ਦੇ ਆਗੂਆਂ ’ਤੇ ਅਸਰ ਦਿਖ ਰਿਹਾ ਹੈ। ਪਹਿਲਾਂ ਵਾਂਗ ਪਾਰਟੀ ਮਸਲਿਆਂ ਤੇ ਸਰਕਾਰ ਦੇ ਮੁੱਦਿਆਂ ਨੂੰ ਲੈ ਕੇ ਖੁਲ੍ਹੇਆਮ ਬਿਆਨਬਾਜ਼ੀ ਘਟੀ ਹੈ। ਬਾਗ਼ੀ ਗਰੁਪ ਦੇ ਮੰਤਰੀ ਤੇ ਵਿਧਾਇਕ ਵੀ ਹੁਣ ਸਰਕਾਰ ਤੇ ਪਾਰਟੀ ਦੇ ਕੰਮਾਂ ਵਿਚ ਲੱਗੇ ਹੋਏ ਹਲ। ਨਵਜੋਤ ਸਿੱਧੂ ਤੇ ਪ੍ਰਗਟ ਸਿੰਘ ਦੀ ਸੁਰ ਵੀ ਹੁਣ ਬਦਲ ਚੁਕੀ ਹੈ। ਜ਼ਿਕਰਯੋਗ ਹੈ ਕਿ ਹਮੇਸ਼ਾ ਹੀ ਕੈਪਟਨ ’ਤੇ ਟਵੀਟਾਂ ਰਾਹੀਂ ਸਵਾਲ ਚੁਕਣ ਵਾਲੇ ਸਿੱਧੂ ਨੇ ਬੀਤੇ ਦਿਨੀਂ ਮੁੱਖ ਮੰਤਰੀ ਨੂੰ ਕਿਸਾਨਾਂ ਦੀਆਂ ਮੰਗਾਂ ਬਾਰੇ ਲਿਖੀ ਚਿੱਠੀ ਵਿਚ ਜਿਥੇ ਵਿਸਥਾਰ ਵਿਚ ਵਧੀਆ ਤਰੀਕੇ ਨਾਲ ਅਪਣੇ ਵਿਚਾਰ ਦਿਤੇ ਹਨ, ਉਥੇ ਨਾਲ ਹੀ ਕਾਂਗਰਸ ਸਰਕਾਰ ਵਲੋਂ ਕਿਸਾਨਾਂ ਲਈ ਕੀਤੇ ਕਾਫ਼ੀ ਚੰਗੇ ਕੰਮਾਂ ਦਾ ਤੱਥਾਂ ਨਾਲ ਵਰਣਨ ਵੀ ਕੀਤਾ ਹੈ।
Pargat Singh
ਪ੍ਰਗਟ ਸਿੰਘ ਨੇ ਵੀ ਸੁਰਜੀਤ ਸਿੰਘ ਧੀਮਾਨ ਦੇ ਕੈਪਟਨ ਵਿਰੋਧੀ ਬਿਆਨ ’ਤੇ ਬਦਲੀ ਹੋਈ ਸੁਰ ਵਿਚ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਾਨੂੰ ਮਰਿਆਦਾ ਵਿਚ ਰਹਿ ਕੇ ਹੀ ਬੋਲਣਾ ਚਾਹੀਦਾ ਹੈ। ਭਾਵੇਂ ਕਿ ਸਾਡੇ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਮਤਭੇਦ ਹੋ ਸਕਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਖ਼ਰ ਕੈਪਟਨ ਹਾਲੇ ਤਾਂ ਸਾਡੇ ਮੁੱਖ ਮੰਤਰੀ ਹੀ ਹਨ। ਇਹ ਵੀ ਖ਼ਬਰਾਂ ਹਨ ਕਿ ਕੈਪਟਨ ਵਲੋਂ ਵੀ ਕੁੱਝ ਬਾਗ਼ੀ ਮੰਤਰੀਆਂ ਤੇ ਵਿਧਾਇਕਾਂ ਨਾਲ ਨਾਲ ਸੁਲਾਹ ਸਫ਼ਾਈ ਦੇ ਯਤਨ ਵੀ ਕੀਤੇ ਜਾ ਰਹੇ ਹਨ ਜਿਸ ਕਰ ਕੇ ਫ਼ਿਲਹਾਲ ਪੰਜਾਬ ਕਾਂਗਰਸ ਦੀ ਅੰਦਰੂਨੀ ਖਿੱਚੋਤਾਣ ਤੇ ਰੋਕ ਲੱਗੀ ਹੈ।