
ਢਾਬੇ 'ਤੇ ਟੈਂਕਰ 'ਚੋਂ ਤੇਲ ਕਢਦੇ ਸਮੇਂ ਹੋਇਆ ਧਮਾਕਾ, ਤਿੰਨ ਮੌਤਾਂ
ਬੇਸਮੇਂਟ 'ਚੋਂ ਲਾਸ਼ਾ ਕਢਦੇ ਹੋਏ ਫ਼ਾਇਰ ਸਟੇਸ਼ਨ ਅਫ਼ਸਰ ਡੇਰਾਬੱਸੀ ਵੀ ਫੱਟੜ
ਲਾਲੜੂ, 13 ਨਵੰਬਰ (ਪ੍ਰਿਤਪਾਲ ਬਾਛਲ) : ਇਥੋਂ ਨਜ਼ਦੀਕੀ ਪਿੰਡ ਸਰਸੀਣੀ ਵਿਖੇ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ 'ਤੇ ਸਥਿਤ ਰਾਮਾ ਪੰਜਾਬੀ ਢਾਬੇ ਵਿਚ ਅੱਜ ਕਰੀਬ 2:30 ਵਜੇ ਤੇਲ ਦੇ ਟੈਂਕਰ ਵਿਚੋਂ ਟੁੱਲੂ ਪੰਪ ਰਾਂਹੀ ਪਟਰੌਲ ਕਢਦੇ ਹੋਏ ਅਚਾਨਕ ਸਪਾਰਕਿੰਗ ਹੋ ਗਈ, ਜਿਸ ਕਾਰਨ ਢਾਬੇ ਦੇ ਸ਼ੈਡ ਅਤੇ ਬੇਸਮੇਂਟ ਵਿਚ ਰੱਖੇ ਡੀਜ਼ਲ ਅਤੇ ਪਟਰੌਲ ਨਾਲ ਭਰੇ ਹੋਏ ਡਰੰਮਾ ਵਿਚ ਧਮਾਕਾ ਹੋ ਗਿਆ। ਧਮਾਕੇ ਵਿਚ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਕ ਫੱਟੜ ਹੋ ਗਿਆ। ਬੇਸਮੇਂਟ ਵਿਚੋਂ ਲਾਸ਼ਾਂ ਕਢਦੇ ਸਮੇਂ ਫ਼ਾਇਰ ਸਟੇਸ਼ਨ ਅਫ਼ਸਰ ਡੇਰਾਬੱਸੀ ਵੀ ਫੱਟੜ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਜਾਣਕਾਰੀ ਮੁਤਾਬਕ ਢਾਬੇ ਦੀ ਬੇਸਮੇਂਟ ਵਿਚ ਟੈਂਕਰ ਤੋਂ ਡਰੰਮਾ ਵਿਚ ਟੁੱਲੂ ਪੰਪ ਰਾਂਹੀ ਤੇਲ ਭਰਨ ਸਮੇਂ ਇਹ ਹਾਦਸਾ ਵਾਪਰਿਆ। ਧਮਾਕੇ ਨਾਲ ਦੀਵਾਰਾਂ 'ਚ ਤਰੇੜਾਂ ਪੈ ਗਈਆਂ। ਚਾਰ ਵਿਅਕਤੀ ਬੇਸਮੇਂਟ ਵਿਚ ਹੀ ਫਸ ਗਏ। ਮ੍ਰਿਤਕਾਂ ਦੀ ਪਹਿਚਾਣ ਜਸਵਿੰਦਰ ਸਿੰਘ ਜੱਸੀ (35) ਪੁੱਤਰ ਕਰਨੈਲ ਸਿੰਘ ਵਾਸੀ ਜੌਲਾ ਕਲਾਂ, ਬਬਲੂ (30) ਵਾਸੀ ਤੋਫਾਂਪੁਰ, ਬਿਕਰਮ (20) ਵਾਸੀ ਯੂਮਨਾਨਗਰ ਹਰਿਆਣਾ ਵਜੋਂ ਹੋਈ ਹੈ, ਇਕ ਵਿਅਕਤੇ ਸੰਦੀਪ ਕੁਮਾਰ ਪੁੱਤਰ ਭਾਗ ਸਿੰਘ ਵਾਸੀ ਜੌਲਾ ਕਲਾਂ ਗੰਭੀਰ ਫੱਟੜ ਹੋ ਗਿਆ, ਜਿਸ ਨੂੰ ਇਲਾਜ਼ ਲਈ ਸੈਕਟਰ-32 ਚੰਡੀਗੜ੍ਹ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਲਾਸ਼ਾਂ ਨੂੰ ਸਿਵਲ ਹਸਪਤਾਲ ਡੇਰਾਬਸੀ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।
ਫ਼ਾਇਰ ਬਰਗੇਡ ਦੀਆਂ ਦੋ ਗੱਡੀਆਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਐਸ.ਐਸ.ਪੀ ਮੁਹਾਲੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਢਾਬੇ ਦੇ ਮਾਲਕ ਅਤੇ ਫਰਾਰ ਟੈਂਕਰ ਚਾਲਕ ਵਿਰੁਧ ਗ਼ੈਰ ਕਾਨੂੰਨੀ ਤੌਰ 'ਤੇ ਜਲਣਸ਼ੀਲ ਪਦਾਰਥ ਰੱਖਣ ਦੇ ਜੁਰਮ ਤਹਿਤ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਹੋਰ ਟੈਂਕਰ ਚਾਲਕ ਜਿਹੜੇ ਇਸ ਢਾਬੇ 'ਤੇ ਡੀਜ਼ਲ ਪਟਰੌਲ ਵੇਚਦੇ ਸਨ, ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ।
ਫੋਟੋ ਕੈਪਸਨ: 1 ਲਾਲੜੂ ਨੇੜੇ ਢਾਬੇ ਵਿਚ ਹੋਏ ਧਮਾਕੇ ਦੌਰਾਨ ਬੇਸਮੇਂਟ 'ਚ ਫਸੇ ਵਿਕਅਤੀਆਂ ਨੂੰ ਕਢਦੇ ਹੋਏ।
2 ਐਸ.ਐਸ਼.ਪੀ ਮੁਹਾਲੀ ਸਤਿੰਦਰ ਸਿੰਘ ਤੇ ਹੋਰ ਅਧਿਕਾਰੀ ਮੌਕਾ ਦਾ ਜਾਈਜ਼ਾ ਲੈਂਦੇ ਹੋਏ।
image
ਲਾਲੜੂ ਨੇੜੇ ਢਾਬੇ ਵਿਚ ਹੋਏ ਧਮਾਕੇ ਦੀ ਜਾਂਚ ਕਰਦੇ ਹੋਏ ਪੁਲਿਸ ਅਧਿਕਾਰੀ।