
ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਮੌਜੂਦਾ ਵਿੱਤੀ ਸਾਲ 'ਚ 'ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਸਕੀਮ 3.0' ਤਹਿਤ ਪੰਜਾਬ ਲਈ ਕਿੰਨਾ ਟੀਚਾ ਤੈਅ ਕੀਤਾ ਗਿਆ ਹੈ?
ਨਵੀਂ ਦਿੱਲੀ: ਸਰਦ ਰੁੱਤ ਇਜਲਾਸ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸੰਸਦ ਵਿਚ 'ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਸਕੀਮ ਤਹਿਤ ਪੰਜਾਬ ਨੂੰ ਮਿਲਣ ਵਾਲੇ ਫੰਡ 'ਚ ਕਟੌਤੀ ਦਾ ਮੁੱਦਾ ਚੁੱਕਿਆ। ਇਸ ਦੌਰਾਨ ਉਹਨਾਂ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਮੌਜੂਦਾ ਵਿੱਤੀ ਸਾਲ 'ਚ 'ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਸਕੀਮ 3.0' ਤਹਿਤ ਪੰਜਾਬ ਲਈ ਕਿੰਨਾ ਟੀਚਾ ਤੈਅ ਕੀਤਾ ਗਿਆ ਹੈ?
ਉਹਨਾਂ ਕਿਹਾ, “ਅਖ਼ਬਾਰਾਂ 'ਚ ਇਹ ਗੱਲ ਪੜ੍ਹਨ ਅਤੇ ਸੁਣਨ 'ਚ ਆਈ ਹੈ ਕਿ 'ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਸਕੀਮ' ਤਹਿਤ ਪੰਜਾਬ ਨੂੰ ਦਿੱਤੇ ਜਾਣ ਵਾਲੇ ਫੰਡ 'ਚ 92.5 ਫ਼ੀਸਦੀ ਦੀ ਕਟੌਤੀ ਕੀਤੀ ਗਈ ਹੈ। ਇਹ ਪੰਜਾਬ ਨਾਲ ਧੱਕਾ ਹੈ। ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ 'ਚ ਵੱਡੀ ਗਿਣਤੀ 'ਚ ਸਕਿੱਲ ਡਿਵਲਪਮੈਂਟ ਸੈਂਟਰ ਖੋਲ੍ਹ ਰਹੀ ਹੈ। ਕੇਂਦਰ ਸਰਕਾਰ ਫੰਡ ਨਾ ਦੇ ਕੇ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਹਰੇਕ ਸਕਿੱਲ ਡਿਵਲਪਮੈਂਟ ਸੈਂਟਰ 'ਚ 50 ਤੋਂ 100 ਵਿਦਿਆਰਥੀ ਪੜ੍ਹਦੇ ਹਨ।
ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ, “ਮੈਂ ਖੁਦ ਪੰਜਾਬ 'ਚ 25 ਆਈਟੀਆਈਜ਼ ਅਡੋਪਟ ਕੀਤੀਆਂ ਹੋਈਆਂ ਹਨ। ਇੰਝ ਫੰਡਾਂ 'ਚ ਕਟੌਤੀ ਕਰਨਾ ਸਹੀ ਨਹੀਂ ਹੈ। ਕਿਰਪਾ ਇਸ ਮਾਮਲੇ ਵੱਲ ਧਿਆਨ ਦਿੱਤਾ ਜਾਵੇ ਕਿ ਕਿਉਂ ਇਕਦਮ 'ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਸਕੀਮ' ਤਹਿਤ ਪੰਜਾਬ ਨੂੰ ਦਿੱਤੇ ਜਾਣ ਵਾਲੇ ਫੰਡ 'ਚ 92.5 ਫ਼ੀਸਦੀ ਦੀ ਕਟੌਤੀ ਕਰਨੀ ਪਈ।
ਇਸ ਸਵਾਲ ਦੇ ਜਵਾਬ ਵਿਚ ਕੇਂਦਰੀ ਹੁਨਰ ਵਿਕਾਸ ਅਤੇ ਉੱਦਮੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਆਈਟੀਆਈਜ਼ ਲਈ ਕੋਈ ਬਜਟ ਨਹੀਂ ਰੱਖਿਆ ਜਾਂਦਾ। ਇਹਨਾਂ ਦਾ ਪ੍ਰਬੰਧ ਸੂਬਾ ਸਰਕਾਰਾਂ ਵੱਲੋਂ ਕੀਤਾ ਜਾਂਦਾ ਹੈ ਅਤੇ ਹਰ ਤਰ੍ਹਾਂ ਦਾ ਵਿੱਤੀ ਸਹਿਯੋਗ ਵੀ ਸੂਬੇ ਦੀ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਕਈ ਸੰਸਥਾਵਾਂ ਬੰਦ ਹੋਈਆਂ ਅਤੇ ਵਿਦਿਆਰਥੀਆਂ ਦੀ ਗਿਣਤੀ ਵੀ ਘੱਟ ਰਹੀ, ਇਸ ਲਈ 'ਪ੍ਰਧਾਨ ਮੰਤਰੀ ਕੁਸ਼ਲ ਵਿਕਾਸ ਸਕੀਮ' ਤਹਿਤ ਦਿੱਤੇ ਜਾਣ ਵਾਲੇ ਫੰਡ ਵਿਚ ਕਟੌਤੀ ਕੀਤੀ ਗਈ ਸੀ।