
ਬਰਨਾਲਾ ਦੇ ਸਿਹਤ ਵਿਭਾਗ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਉਥੋਂ ਦੀ ਟੀਮ ਨੇ ਪਟਿਆਲਾ ਦੀ ਮੈਡੀਕਲ ਟੀਮ ਨਾਲ ਤਾਲਮੇਲ ਕੀਤਾ
Punjab News: ਬਰਨਾਲਾ ਅਤੇ ਪਟਿਆਲਾ ਦੇ ਸਿਵਲ ਸਰਜਨਾਂ ਦੀ ਟੀਮ ਨੇ ਸਾਂਝੇ ਤੌਰ 'ਤੇ ਛਾਪਾ ਮਾਰ ਕੇ ਪਟਿਆਲਾ ਦੇ ਰਾਜਪੁਰਾ ਰੋਡ ਨੇੜੇ ਪਿੰਡ ਚੋਰਾ ਵਿਚ ਲਿੰਗ ਨਿਰਧਾਰਨ ਟੈਸਟ ਕਰਵਾਉਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਬਰਨਾਲਾ ਦੇ ਸਿਹਤ ਵਿਭਾਗ ਤੋਂ ਮਿਲੇ ਇਨਪੁਟ ਦੇ ਆਧਾਰ 'ਤੇ ਉਥੋਂ ਦੀ ਟੀਮ ਨੇ ਪਟਿਆਲਾ ਦੀ ਮੈਡੀਕਲ ਟੀਮ ਨਾਲ ਤਾਲਮੇਲ ਕੀਤਾ, ਜਿਸ ਤੋਂ ਬਾਅਦ ਇਕ ਡੰਮੀ ਮਰੀਜ਼ ਨੂੰ ਪਿੰਡ ਚੋਰਾ ਭੇਜਿਆ ਗਿਆ।
ਜਿਥੇ ਜਿਵੇਂ ਹੀ ਇਕ ਪੁਰਸ਼ ਅਤੇ ਇਕ ਔਰਤ ਨੇ ਲਿੰਗ ਵੈਰੀਫਿਕੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਦੇ ਨਾਲ ਅਰਬਨ ਅਸਟੇਟ ਪੁਲਿਸ ਦੀ ਟੀਮ ਵੀ ਮੌਜੂਦ ਸੀ। ਫਿਲਹਾਲ ਟੀਮਾਂ ਮੌਕੇ 'ਤੇ ਮੌਜੂਦ ਹਨ ਅਤੇ ਪੁਲਿਸ ਵੀ ਜਲਦੀ ਹੀ ਐਫਆਈਆਰ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦੇਵੇਗੀ।
ਬਰਨਾਲਾ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦਸਿਆ ਕਿ ਉਨ੍ਹਾਂ ਦੀ ਗੁਪਤ ਸੂਚਨਾ ਦੇ ਆਧਾਰ 'ਤੇ ਸਟਿੰਗ ਆਪ੍ਰੇਸ਼ਨ ਕੀਤਾ ਗਿਆ | ਜਿਸ ਤਹਿਤ ਅੱਜ ਡਿਪਟੀ ਮੈਡੀਕਲ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੇ ਵਿਸ਼ੇਸ਼ ਸਹਿਯੋਗ ਨਾਲ ਗੁਪਤ ਛਾਪੇਮਾਰੀ ਕਰਕੇ ਮੁਲਜ਼ਮਾਂ ਨੂੰ ਜਾਂਚ ਦੌਰਾਨ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਦੌਰਾਨ ਗਰਭਪਾਤ ਕਰਨ ਵਾਲੇ ਉਪਕਰਨ, ਸਮਾਨ ਅਤੇ ਭਾਰੀ ਮਾਤਰਾ ਵਿਚ ਦਵਾਈਆਂ ਬਰਾਮਦ ਕੀਤੀਆਂ ਗਈਆਂ।
ਸਿਹਤ ਵਿਭਾਗ ਦੀ ਟੀਮ ਵਲੋਂ ਇਸ ਵਿਅਕਤੀ ਕੋਲ ਫਰਜ਼ੀ ਗਰਭਵਤੀ ਔਰਤ ਨੂੰ ਟੈਸਟ ਕਰਵਾਉਣ ਲਈ ਭੇਜਿਆ ਗਿਆ ਸੀ। ਇਸ ਤੋਂ ਪਹਿਲਾਂ ਵੀ ਇਹ ਦੋਸ਼ੀ ਵਿਅਕਤੀ ਟੈਸਟ ਕਰਵਾਉਣ ਬਦਲੇ 25 ਹਜ਼ਾਰ ਰੁਪਏ ਲੈ ਚੁੱਕਿਆ ਸੀ। ਉਕਤ ਵਿਅਕਤੀ ਨੇ ਮਹਿਲਾ ਨੂੰ ਚੋਰਾ ਸਥਿਤ ਅਪਣੇ ਘਰ ਬੁਲਾਇਆ। ਇਸ ਦੌਰਾਨ ਜਿਵੇਂ ਹੀ ਉਕਤ ਵਿਅਕਤੀ ਨੇ ਘਰ ਵਿਚ ਜਾਂਚ ਸ਼ੁਰੂ ਕੀਤੀ ਤਾਂ ਸਿਹਤ ਵਿਭਾਗ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਾ. ਜਸਬੀਰ ਸਿੰਘ ਔਲਖ, ਸਿਵਲ ਸਰਜਨ ਬਰਨਾਲਾ ਅਤੇ ਡਾ. ਰਮਿੰਦਰ ਕੌਰ ਸਿਵਲ ਸਰਜਨ ਪਟਿਆਲਾ ਨੇ ਦਸਿਆ ਕਿ ਸਿਹਤ ਵਿਭਾਗ ਬਰਨਾਲਾ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇਕ ਮਰਦ ਅਤੇ ਔਰਤ ਜਿਨ੍ਹਾਂ ਕੋਲ ਕੋਈ ਮੈਡੀਕਲ ਡਿਗਰੀ ਨਹੀਂ, ਉਹ ਲੰਬੇ ਸਮੇਂ ਤੋਂ ਲਿੰਗ ਨਿਰਧਾਰਨ ਟੈਸਟ ਕਰ ਰਹੇ ਹਨ ਅਤੇ ਗਰਭਪਾਤ ਕਰਵਾ ਰਹੇ ਹਨ।
(For more news apart from Sex determination test and abortion gang arrested in Patiala, stay tuned to Rozana Spokesman)