
ਕਿਹਾ, ਦੇਸ਼ ਦੀ ਆਜ਼ਾਦੀ ਅਤੇ ਔਖੇ ਵੇਲੇ ਮਦਦ ਵਿਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ
ਚੰਡੀਗੜ੍ਹ : ਪੰਜਾਬ ਕਾਂਗਰਸ ਵਲੋਂ ਕਿਸਾਨਾਂ ਦੇ ਹੱਕ ਵਿਚ ਪਾਰਟੀ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਨੀਲ ਜਾਖੜ, ਲਾਲ ਸਿੰਘ, ਮਹਾਰਾਣੀ ਪ੍ਰਨੀਤ ਕੌਰ ਸਮੇਤ ਪੰਜਾਬ ਦੇ ਸਾਰੇ ਵਿਧਾਇਕ, ਸੀਨੀਅਰ ਆਗੂ ਅਤੇ ਵੱਡੀ ਗਿਣਤੀ ਵਰਕਰ ਹਾਜ਼ਰ ਸਨ। ਇਸ ਮੌਕੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੰਬੋਧਨ ਕੀਤਾ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਜ਼ਾਦੀ ਦੀ ਲੜਾਈ ਦਾ ਇਤਿਹਾਸ ਸਾਂਝਾ ਕਰਦਿਆਂ ਕਿਸਾਨੀ ਸੰਘਰਸ਼ ਦੇ ਹੱਕ ਵਿਚ ਵਿਚਾਰ ਰੱਖੇ।
manpreet Singh Badal
ਉਨ੍ਹਾਂ ਕਿਹਾ ਕਿ ਜਿਵੇਂ ਆਜ਼ਾਦੀ ਦੀ ਲੜਾਈ ਵਿਚ ਪੰਜਾਬੀਆਂ ਨੇ ਵੱਡਾ ਯੋਗਦਾਨ ਪਾਇਆ ਸੀ, ਉਸੇ ਤਰ੍ਹਾਂ ਖੇਤੀ ਕਾਨੂੰਨਾਂ ਖਿਲਾਫ਼ ਵੀ ਪੰਜਾਬ ਦੇ ਕਿਸਾਨ ਮੋਹਰੀ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦੀ ਭਗਤ ਸਿੰਘ ਵਰਗੇ ਪੰਜਾਬੀਆਂ ਦੀ ਕੁਰਬਾਨੀ ਸਦਕਾ ਮਿਲੀ ਸੀ। ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਦੇਸ਼ ਨੂੰ ਖੜ੍ਹਾ ਕਰਨ ਲਈ ਵੱਡਾ ਯੋਗਦਾਨ ਪਾਇਆ। ਕਾਂਗਰਸ ਨੇ ਸੀ.ਬੀ.ਆਈ., ਸੁਪਰੀਮ ਕੋਰਟ, ਆਡੀਟਰ ਜਨਰਲ ਅਤੇ ਚੋਣ ਕਮਿਸ਼ਨ ਵਰਗੇ ਮਜ਼ਬੂਤ ਥੰਮ ਬਣਾਏ ਜਿਨ੍ਹਾਂ ’ਤੇ ਮਜ਼ਬੂਤ ਛੱਤ ਪਾਈ ਗਈ ਸੀ। ਕਾਂਗਰਸ ਵਲੋਂ ਬੜੀ ਮਿਹਨਤ ਨਾਲ ਬਣਾਏ ਇਨ੍ਹਾਂ ਵਿਰਾਸਤੀ ਥੰਮਾਂ ਨੂੰ ਮੌਜੂਦਾ ਸਰਕਾਰ ਕਮਜ਼ੋਰ ਕਰਨ ਲੱਗੀ ਹੋਈ ਹੈ।
manpreet Singh Badal
ਕੇਂਦਰ ਸਰਕਾਰ ਵਲੋਂ ਪੰਜਾਬ ਨਾਲ ਵਿਤਕਰੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਪਿਛਲੇ ਦਿਨੀਂ ਕੇਂਦਰੀ ਮੰਤਰੀ ਪਿਊਸ਼ ਗੋਇਲ ਨੂੰ ਪੰਜਾਬ ਦੇ ਪੇਂਡੂ ਵਿਕਾਸ ਫ਼ੰਡ ਦੀ 1200 ਕਰੋੜ ਰੁਪਏ ਦੀ ਅਦਾਇਗੀ ਨਾ ਕਰਨ ਸਬੰਧੀ ਮਿਲਿਆ ਸੀ। ਜਦੋਂ ਮੈਂ ਉਨ੍ਹਾਂ ਨੂੰ ਟੈਕਸ ਰੋਕਣ ਸਬੰਧੀ ਪੁਛਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਸੀਂ ਟੈਕਸ ਇਸ ਲਈ ਰੋਕਿਆ ਹੈ ਕਿਉਂਕਿ ਪੰਜਾਬ ਦੇ ਲੋਕ ਹਿੰਦੋਸਤਾਨ ਨੂੰ ਕਮਜ਼ੋਰ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਜਵਾਬ ਦਿਤਾ ਕਿ ਤੁਸੀਂ 1947 ਤੋਂ ਲੈ ਕੇ 2020 ਤਕ ਦੇਸ਼ ਅੰਦਰ ਜਿੰਨੇ ਵੀ ਬਹਾਦਰੀ ਪੁਰਸਕਾਰ ਮਿਲੇ ਹਨ, ਉਨ੍ਹਾਂ ਦੀ ਲਿਸਟ ਕਢਵਾ ਲਉ ਅਤੇ ਜਿਹੜਾ ਦੂਜੇ ਨੰਬਰ ਦਾ ਸੂਬਾ ਹੈ, ਜੇਕਰ ਉਹ ਪੰਜਾਬ ਦੇ ਅੱਧ ਵਿਚ ਵੀ ਆ ਗਿਆ ਤਾਂ ਮੈਂ ਪੈਸੇ ਛੱਡ ਦੇਵਾਂਗਾ।
manpreet Singh Badal
ਉਨ੍ਹਾਂ ਕਿਹਾ ਕਿ 1962 ਦੀ ਜੰਗ ਮੌਕੇ ਪੰਜਾਬ ’ਚ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸੀ। ਕੇਂਦਰ ਸਰਕਾਰ ਨੇ ਜੰਗ ਲੜਣ ਲਈ ਦਾਨ ਵਜੋਂ ਪੈਸੇ ਅਤੇ ਸੋਨੇ ਦੀ ਮੰਗ ਕੀਤੀ ਸੀ। ਉਸ ਵੇਲੇ ਪੰਜਾਬ ਵਿਚੋਂ 250 ਕਿਲੋ ਸੋਨਾ ਦਾਨ ਵਜੋਂ ਇਕੱਠਾ ਹੋਇਆ ਸੀ, ਜਦਕਿ ਬਾਕੀ ਪੂਰੇ ਦੇਸ਼ ਵਿਚੋਂ ਸਿਰਫ਼ ਪੰਜ ਕਿਲੋ ਸੋਨਾ ਇਕੱਠਾ ਹੋਇਆ ਸੀ। ਇਕੱਠੇ ਹੋਏ 8 ਕਰੋੜ ਵਿਚੋਂ 4 ਕਰੋੜ ਕੇਵਲ ਪੰਜਾਬ ਨੇ ਦਿਤੇ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਹਕੂਮਤਾਂ ਨਾਲ ਲੜਨਾ ਜਾਣਦੇ ਹਨ। ਉਨ੍ਹਾਂ ਕਿਹਾ ਕਿ ਮੁਗਲਾ, ਤੁਰਕਾ, ਅਗਵਾਨਾ, ਮੁਗਲਾ, ਯੂਨਾਨੀ ਅਤੇ ਅੰਗਰੇਜ਼ਾਂ ਨਾਲ ਪੰਜਾਬੀ ਹੀ ਲੜੇ ਸਨ। ਉਨ੍ਹਾਂ ਕਿਹਾ ਕਿ ਜਿਹੜੀਆਂ ਹਕੂਮਤਾਂ ਲੋਕਾਂ ਦੀ ਆਵਾਜ਼ ਨੂੰ ਦਬਾਉਂਦੀਆਂ ਹਨ ਅਤੇ ਲੋਕ ਰਾਏ ਤੋਂ ਮੂੰਹ ਫੇਰ ਲੈਂਦੀਆਂ ਹਨ, ਉਹ ਖ਼ਤਮ ਹੋ ਜਾਂਦੀਆਂ ਹਨ।