
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਤੀਜੇ ਦਿਨ, ਇਕ ਗ਼ੈਰ ਸਰਕਾਰੀ ਪ੍ਰਸਤਾਵ ਦੀ ਬਹਿਸ ਦੌਰਾਨ ਸੱਤਾਧਾਰੀ ਬੈਂਚਾਂ ਤੇ ਸਾਹਮਣੇ ਬੈਠੇ.....
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਅੱਜ ਤੀਜੇ ਦਿਨ, ਇਕ ਗ਼ੈਰ ਸਰਕਾਰੀ ਪ੍ਰਸਤਾਵ ਦੀ ਬਹਿਸ ਦੌਰਾਨ ਸੱਤਾਧਾਰੀ ਬੈਂਚਾਂ ਤੇ ਸਾਹਮਣੇ ਬੈਠੇ ਵਿਰੋਧੀ ਧਿਰਾਂ ਦੇ ਵਿਧਾਇਕਾਂ ਵਿਚ ਨੋਕ ਝੋਕ ਤੋਂ ਹੋਰ ਅੱਗੇ ਜਾ ਕੇ ਗ਼ਰਮਾ-ਗ਼ਰਮੀ ਅਤੇ ਗਾਲੀ ਗਲੋਚ ਅਤੇ ਅਪਸ਼ਬਦਾਂ ਦਾ ਐਸਾ ਦੌਰ ਚਲਿਆ ਕਿ ਮੰਤਰੀ ਪੱਧਰ ਦੇ ਸੀਨੀਅਰ ਨੇਤਾਵਾਂ, ਵਿਧਾਇਕਾਂ ਤੇ ਹੋਰ ਨੌਜਵਾਨ-ਬਜ਼ੁਰਗ ਮੈਂਬਰਾਂ ਨੇ ਨਿਜੀ ਕਿੜ੍ਹਾਂ ਕੱਢਣੀਆਂ ਅਪਣਾ ਧਰਮ ਤੇ ਕਰਤਵ ਸਮਝਿਆ। ਬੀਜੇਪੀ ਦੇ ਸੀਨੀਅਰ ਵਿਧਾਇਕ ਫਗਵਾੜਾ ਤੋਂ ਸੋਮ ਪ੍ਰਕਾਸ਼ ਵਲੋਂ ਇਕ ਪ੍ਰਾਈਵੇਟ ਮਤਾ ਪੇਸ਼ ਕੀਤਾ ਗਿਆ
ਜਿਸ ਵਿਚ ਉਨ੍ਹਾਂ ਬੇਨਤੀ ਕੀਤੀ ਕਿ ਸਦਨ ਪੁਰਜ਼ੋਰ ਸਿਫ਼ਾਰਸ਼ ਕਰੇ ਕਿ ਪੰਜਾਬ ਵਿਚ ਵੱਧ ਰਹੇ ਅੰਧ ਵਿਸ਼ਵਾਸ ਤੇ ਵਹਿਮਾਂ ਭਰਮਾਂ ਕਾਰਨ ਇਕ ਖ਼ਾਸ ਵਰਗ ਦੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਇਸ ਨੂੰ ਰੋਕਣ ਲਈ ਕਾਨੂੰਨ ਬਣਾਉਣ ਦੀ ਲੋੜ ਹੈ। ਲਗਭਗ 3 ਘੰਟੇ ਬਹਿਸ ਹੋਈ, ਦੋ ਦਰਜਨ ਤੋਂ ਵੱਧ ਮੈਂਬਰ ਇਸ ਪ੍ਰਤਸਾਵ 'ਤੇ ਬੋਲੇ, ਹੇਠਲੇ ਦਰਜੇ ਦੀ ਟੋਕਾ ਟਾਕੀ ਹੋਈ, ਮੰਤਰੀਆਂ ਤੇ ਵਿਧਾਇਕਾਂ ਵਿਚ ਮਿਹਣੇ ਤਾਨ੍ਹੇ ਦਾ ਦੌਰ ਚਲਿਆ, ਧਾਗੇ ਤਵੀਤਾਂ ਦਾ ਜ਼ਿਕਰ ਹੋਇਆ, ਬਾਬਿਆਂ ਡੇਰੇ ਵਾਲਿਆਂ, ਮੰਨਤਾਂ, ਲੜਕਾ ਦੇਣ ਦੀ ਸੌਗਾਤ ਅਤੇ ਬਖ਼ਸ਼ਿਸ਼ਾਂ ਦੇ ਨਾਲ-ਨਾਲ ਗੁਰਦਵਾਰਿਆਂ-ਮੰਦਰਾਂ ਤੇ ਹੋਰ ਠਿਕਾਣਿਆਂ 'ਤੇ ਆਰਥਕ, ਮਾਨਸਕ, ਨੈਤਿਕ,
ਮਨੋਵਿਗਿਆਨਕ, ਸਰੀਰਕ ਸ਼ੋਸ਼ਣ ਤੇ ਥੂ-ਥੂ ਹੋਈ, ਇਥੋਂ ਤਕ ਕਿ ਕਾਂਗਰਸੀ ਮੰਤਰੀਆਂ ਵਲ ਇਸ਼ਾਰਾ ਕਰ ਕੇ ਖੁਲ੍ਹ ਕੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਭੰਡੀ ਕੀਤੀ ਕਿਉਂਕਿ ਇਕ ਮੰਤਰੀ ਨੇ ਸਰਕਾਰੀ ਰਿਹਾਇਸ਼ ਦਾ ਦਰਵਾਜ਼ਾ ਹੋਰ ਦਿਸ਼ਾ ਵਲ ਕਰਵਾ ਦਿਤਾ, ਦੂਜੇ ਨੇ ਪੰਡਤਾਂ ਦੇ ਕਹੇ 'ਤੇ ਯੱਗ ਤੇ ਹਵਨ ਕਰਵਾਏ, ਤੀਸਰੇ ਮੰਤਰੀ ਨੇ ਪੂਜਾ ਪਾਠ ਕਰਵਾਏ। ਬੀਜੇਪੀ ਵਿਧਾਇਕ ਵਲੋਂ ਪੇਸ਼ ਇਸ ਪ੍ਰਸਤਾਵ 'ਤੇ ਹੋ ਰਹੀ ਚਰਚਾ ਦੌਰਾਨ ਕਾਂਗਰਸ ਦੇ ਮੈਂਬਰਾਂ ਡਾ. ਰਾਜ ਕੁਮਾਰ ਵੇਰਕਾ, ਤਰਸੇਮ ਸਿੰਘ ਡੀ.ਸੀ., ਗੁਰਮੀਤ ਹੇਅਰ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਕੁਲਜੀਤ ਨਾਗਰਾ, ਅਮਰਿੰਦਰ ਰਾਜਾ ਵੜਿੰਗ,
ਹਰਮਿੰਦਰ ਗਿੱਲ, ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ, ਨੱਥੂ ਰਾਮ, ਗੁਰਕੀਰਤ ਕੋਟਲੀ ਤੇ ਹੋਰਨਾਂ ਦਾ ਨਿਸ਼ਾਨਾ ਕੇਵਲ ਵਾਰ ਵਾਰ ਇਹ ਕਹਿਣਾ ਸੀ ਕਿ ਸ਼੍ਰੋਮਣੀ ਕਮੇਟੀ ਅਪਣੀ ਭੂਮਿਕਾ ਤੇ ਕਰਤੱਵ ਠੀਕ ਨਹੀਂ ਨਿਭਾ ਰਹੀ, ਸਿੱਖ ਧਰਮ ਦਾ ਪ੍ਰਚਾਰ ਠੀਕ ਨਹੀਂ ਕਰਦੀ ਤਾਂ ਹੀ ਪੰਜਾਬ ਵਿਚ ਡੇਰੇ, ਬਾਬੇ, ਪਾਖੰਡੀ ਸਾਧ ਜ਼ਿਆਦਾ ਹੋ ਗਏ ਹਨ। ਕੁੱਝ ਕਾਂਗਰਸੀ ਵਿਧਾਇਕਾਂ ਨੇ ਆਰ.ਐਸ.ਐਸ. ਤੇ ਹੋਰ ਹਿੰਦੂ ਜਥੇਬੰਦੀਆਂ ਵਲੋਂ ਸਮਾਜ ਵਿਚ ਕਥਿਤ ਵੰਡੀਆਂ ਪਾਉਣ ਦਾ ਦੋਸ਼ ਵੀ ਲਾਇਆ।
ਦੂਜੇ ਪਾਸੇ ਅਕਾਲੀ ਦਲ ਵਲੋਂ ਗੁਰਪ੍ਰਤਾਪ ਵਡਾਲਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਐਨ.ਕੇ. ਸ਼ਰਮਾ, ਪਵਨ ਟੀਨੂੰ, ਡਾ. ਸੁਖਵਿੰਦਰ ਕੁਮਾਰ ਤੇ ਹੋਰਨਾਂ ਨੇ
ਕਾਂਗਰਸ ਦੀ ਧਰਮ ਨਿਰਪੱਖਤਾ ਬਾਰੇ ਖੋਖਲੀ ਸੋਚ ਦਾ ਪੋਲ ਖੋਲ੍ਹਦੇ ਹੋਏ ਉਚੀ ਉਚੀ ਕਿਹਾ ਕਿ ਕਿਵੇਂ ਨਵੰਬਰ 84 ਵਿਚ ਇੰਦਰਾ ਗਾਂਧੀ ਦੇ ਕਤਲ ਉਪਰੰਤ ਮਾਸੂਮ, ਬੇਦੋਸ਼ੇ ਸਿੱਖਾਂ ਨੂੰ ਮਾਰਿਆ ਗਿਆ ਤੇ ਜੂਨ 84 ਵਿਚ ਕਿਵੇਂ ਕਾਂਗਰਸ ਸਰਕਾਰ ਨੇ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਤਹਿਸ ਨਹਿਸ ਕੀਤੇ। 'ਆਪ' ਦੇ ਵਿਧਾਇਕਾਂ ਹਰਪਾਲ ਚੀਮਾ, ਅਮਨ ਅਰੋੜਾ, ਕੁਲਤਾਰ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਜੈ ਕਿਸ਼ਨ ਰੋੜੀ, ਸ੍ਰੀ ਸੰਦੂਆ, ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀ ਨੇ ਚੋਭ ਮਾਰਦਿਆਂ ਕਿਹਾ ਕਿ ਕਾਂਗਰਸੀ ਤੇ ਅਕਾਲੀ ਨੇਤਾ ਦੋਹਾਂ ਵੋਟਾਂ ਖ਼ਾਤਰ, ਬਾਬਿਆਂ ਦੇ ਡੇਰਿਆਂ 'ਤੇ ਹਾਜ਼ਰੀ ਲੁਆਂਦੇ ਹਨ
ਅਤੇ ਹਾਊਸ ਅੰਦਰ ਫ਼ਜ਼ੂਲ ਬਹਿਸ 'ਤੇ ਸਮਾਂ ਬਰਬਾਦ ਕਰਦੇ ਹਨ। 'ਆਪ' ਦੀ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਨੇ ਇਸ ਪ੍ਰਸਤਾਵ 'ਤੇ ਬੋਲਦਿਆਂ ਕਿਹਾ ਕਿ ਵਹਿਮਾਂ ਭਰਮਾਂ, ਟੂਣੇ ਟੋਟਕੇ, ਜੰਤਰ-ਤੰਤਰ ਰੋਕਣ ਵਾਸਤੇ ਸਿਖਿਆ ਦੇਣੀ ਜ਼ਰੂਰੀ ਹੈ, ਵਿਸ਼ੇਸ਼ ਕਰ ਕੇ 9 ਸਾਲ ਦੀਆਂ ਬੱਚੀਆਂ ਨੂੰ ਮਾਹਵਾਰੀ ਆਉਣ 'ਤੇ ਸਾਫ਼ ਸਫ਼ਾਈ ਰੱਖਣ ਅਤੇ ਸਿਹਤ ਸੰਭਾਲ ਸਬੰਧੀ ਗਿਆਨ ਦੇਣਾ ਜ਼ਰੂਰੀ ਹੈ। ਬੀਬੀ ਮਾਣੂੰਕੇ ਨੇ ਵਿੱਤ ਮੰਤਰੀ, ਸਿਖਿਆ ਮੰਤਰੀ ਤੇ ਸਿਹਤ ਮੰਤਰੀ ਨੂੰ ਟੁੰਬਿਆ ਤੇ ਕਿਹਾ ਕਿ ਸਕੂਲਾਂ ਵਿਚ ਬੱਚੀਆਂ ਵਾਸਤੇ ਸਾਫ਼ ਪਖ਼ਾਨੇ ਬਣਾਉ, ਸਿਹਤ ਸਬੰਧੀ ਜਾਗਰੂਕਤਾ ਮੁਹਿੰਮ ਚਲਾਉ ਅਤੇ
ਸਿਖਿਆ ਲਈ ਕਿਤਾਬਾਂ ਵਿਚ ਬੱਚੀਆਂ ਬਾਰੇ ਚੈਪਟਰ ਪੜ੍ਹਾਉ। ਸਿਖਿਆ ਮੰਤਰੀ ਓ.ਪੀ. ਸੋਨੀ ਨੇ ਇਸ 'ਤੇ ਝੱਟ ਖੜੇ ਹੋ ਕੇ ਸਦਨ ਵਿਚ ਦਸਿਆ ਕਿ ਸਕੂਲੀ ਲੜਕੀਆਂ ਵਾਸਤੇ ਸਾਫ਼ ਸੇਫ਼ਟੀ ਨੇਪਕਿਨ ਮੁਹਈਆ ਕਰਵਾਉਣ ਲਈ 10 ਕਰੋੜ ਦੇ ਟੈਂਡਰ ਲਾਏ ਗਏ ਹਨ ਤੇ ਛੇਤੀ ਹੀ ਸਕੂਲਾਂ ਵਿਚ ਭੇਜੇ ਜਾਣਗੇ। ਜਦੋਂ ਕੁਲਜੀਤ ਨਾਗਰਾ ਤੇ ਐਨ.ਕੇ. ਸ਼ਰਮਾ ਵਿਚ ਗਾਨੇ ਬੰਨ੍ਹਣ, ਤਿਲਕ ਤਵੀਤ, ਮੁੰਦਰੀ ਵਿਚ ਨਗਾਂ ਦੀ ਬਹਿਸ ਚਲ ਰਹੀ ਸੀ ਤਾਂ ਇਕ ਦੂਜੇ ਦੀਆਂ ਜਾਇਦਾਦਾਂ ਬਾਰੇ ਪੜਤਾਲ ਕਰਵਾਉੁਣ ਦੀ ਵੰਗਾਰ ਜਾਰੀ ਸੀ, ਇਨਕੁਆਰੀ ਕਮੇਟੀ ਬਿਠਾਉਣ 'ਤੇ ਹੰਗਾਮਾ ਹੋ ਰਿਹਾ ਸੀ
ਤਾਂ ਮੰਤਰੀ ਗੁਰਪ੍ਰੀਤ ਕਾਂਗੜ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਜਾਇਦਾਦਾਂ ਦੀ ਪੜਤਾਲ ਕਰਾਉਣ ਬਾਰੇ ਵੀ ਮਾਮਲਾ ਉਛਾਲ ਦਿਤਾ। ਕੁਲ ਮਿਲਾ ਕੇ ਅੱਜ ਗ਼ੈਰ ਸਰਕਾਰੀ ਕੰਮਕਾਜ ਦੇ ਦਿਨ ਵਹਿਮਾਂ ਭਰਮਾ ਨੂੰ ਰੋਕਣ ਬਾਰੇ ਪ੍ਰਸਤਾਵ, 3 ਘੰਟੇ ਦੀ ਬਹਿਸ ਉਪਰੰਤ ਕਿਸੇ ਸਿੱਟੇ 'ਤੇ ਪਹੁੰਚਣ ਦੀ ਥਾਂ ਵਿਅਰਥ ਹੀ ਗਿਆ, ਨਾ ਪਾਸ ਕੀਤਾ ਗਿਆ ਅਤੇ ਨਾ ਹੀ ਸੋਮ ਪ੍ਰਕਾਸ਼ ਵਲੋਂ ਸੁਝਾਏ ਬਿਲ ਦੀ ਕੋਈ ਗੱਲ ਸਿਰੇ ਲੱਗੀ।