
ਵੋਟਾਂ ਪਾਉਣ ਲਈ ਲੋਕਾਂ ਵਿਚ ਖ਼ਾਸਾ ਉਤਸ਼ਾਹ ਰਿਹਾ
2302 ਵਾਰਡਾਂ ਲਈ 9222 ਉਮੀਦਵਾਰ ਮੈਦਾਨ ’ਚ , ਸੁਰੱਖਿਆ ਲਈ 19 ਹਜ਼ਾਰ ਪੁਲਿਸ ਮੁਲਾਜ਼ਮ ਤੈਨਾਤ ਸਨ
ਚੰਡੀਗੜ੍ਹ, 14 ਫ਼ਰਵਰੀ (ਪ੍ਰਮੋਦ ਕੌਸ਼ਲ) : ਪੰਜਾਬ ‘ਚ ਐਤਵਾਰ ਨੂੰ ਸਥਾਨਕ ਸਰਕਾਰਾਂ ਦੀਆਂ ਚੋਣਾਂ ਲਈ ਵੋਟਾਂ ਦਾ ਕੰਮ ਨੇਪਰੇ ਚੜ੍ਹ ਗਿਆ ਹੈ ਅਤੇ ਸੂਬੇ ਭਰ ਦੀਆਂ 8 ਨਗਰ ਨਿਗਮਾਂ ਅਤੇ 109 ਮਿਊਂਸਿਪਲ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈਆਂ ਚੋਣਾਂ ਤੇ ਉੱਪ ਚੋਣਾਂ ‘ਚ 71.39 ਫ਼ੀ ਸਦੀ ਵੋਟਾਂ ਪੋਲ ਹੋਈਆਂ ਜਿਸਦੇ ਚਲਦਿਆਂ 9222 ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ ਮਸ਼ੀਨਾਂ ਵਿਚ ਕੈਦ ਹੋ ਗਈ ਜਿਸਦਾ ਨਤੀਜਾ ਹੁਣ 17 ਫ਼ਰਵਰੀ ਨੂੰ ਸਾਹਮਣੇ ਆਵੇਗਾ। ਪੰਜਾਬ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦਸਿਆ ਕਿ ਸਭ ਤੋਂ ਵੱਧ ਵੋਟਾਂ ਜ਼ਿਲਾ ਮਾਨਸਾ ਜਦਕਿ ਸਭ ਤੋਂ ਘੱਟ ਪੋਲਿੰਗ ਐਸ.ਏ.ਐਸ ਨਗਰ ਵਿੱਚ ਹੋਈ। ਦਸ ਦਈਏ ਕਿ ਸਥਾਨਕ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਉਤਸ਼ਾਹ ਨਜ਼ਰ ਆਇਆ। ਵੋਟਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਸੀ ਪਰ ਉਸ ਤੋਂ ਪਹਿਲਾਂ ਹੀ ਲੋਕ ਲਾਈਨਾਂ ਵਿੱਚ ਆ ਕੇ ਲੱਗ ਗਏ ਸੀ।
ਸ਼ਾਂਤੀਪੂਰਣ ਚੋਣਾਂ ਲਈ ਪੰਜਾਬ ਸਰਕਾਰ ਨੇ ਸੁਰੱਖਿਆ ਦੇ ਬੰਦੋਬਸਤ ਪੂਰੇ ਕੀਤੇ ਸੀ। ਸਾਰੇ ਦੀ ਪੋਲਿੰਗ ਕੇਂਦਰਾਂ ਸਮੇਤ ਪੂਰੇ ਸੂਬੇ ਵਿੱਚ 19 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਤੈਨਾਤ ਕੀਤਾ ਗਿਆ ਸੀ। ਨਾਲ ਹੀ ਚੋਣ ਅਮਲੇ ਵਿੱਚ 20 ਹਜ਼ਾਰ 510 ਕਰਮਚਾਰੀ ਸ਼ਾਮਲ ਸਨ। ਪਰ ਬਾਵਜੂਦ ਇਸਦੇ ਕਈ ਥਾਂਈਂ ਝੜਪਾਂ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਅਤੇ ਇਸੇ ਦਰਮਿਆਨ ਚੋਣ ਪ੍ਰਕਿਰਿਆ ਸੰਪਨ ਹੋ ਗਈ ਅਤੇ ਹੁਣ ਗਿਣਤੀ ਦਾ ਕੰਮ 17 ਫਰਵਰੀ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗਾ। 17 ਫਰਵਰੀ ਨੂੰ ਡ੍ਰਾਈ ਡੇਅ ਵੀ ਐਲਾਨਿਆ ਗਿਆ ਹੈ।
ਕਿੱਥੇ-ਕਿੱਥੇ ਹੋਈਆਂ ਝੜਪਾਂ ? : ਰੂਪਨਗਰ ਦੇ ਸ਼ਹਿਰ ਦੇ ਵਾਰਡ ਨੰਬਰ ਇੱਕ ’ਚ ਝੜਪ ਹੋ ਗਈ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਦੇ ਸਮਰਥਕਾਂ ਵਿੱਚ ਹੰਗਾਮਾ ਹੋਇਆ। ਕਾਂਗਰਸੀ ਸਮਰਥਕ ਦਾ ਇਲਜ਼ਾਮ ਸੀ ਕਿ ਅਕਾਲੀ ਪੈਸੇ ਤੇ ਸ਼ਰਾਬ ਦੇ ਜ਼ੋਰ ਤੇ ਚੋਣਾਂ ਜਿੱਤਣੀਆਂ ਚਾਹੁੰਦੇ ਹਨ।
ਰਾਜਪੁਰਾ ਦੇ ਵਾਰਡ 23 ’ਚ ਬੂਥ 54-55 ’ਚ ਭਾਜਪਾ ਆਗੂ ਪ੍ਰਵੀਨ ਛਾਬੜਾ ਨੇ ਪੋਲਿੰਗ ਬੂਥ ਤੇ ਕਬਜ਼ਾ ਕਰਨ ਦਾ ਇਲਜ਼ਾਮ ਲਾਇਆ ਅਤੇ ਇਸ ਦਰਮਿਆਨ ਦੋ ਧਿਰਾਂ ਦੇ ਸਮਰਥਕਾਂ ਦੀ ਹੱਥੋਪਾਈ ਤੇ ਧੱਕਾਮੁੱਕੀ ਹੋ ਗਈ। ਜਿਸ ਤੋਂ ਬਾਅਦ ਐਸਪੀ (ਡੀ) ਹਰਮੀਤ ਸਿੰਘ ਹੁੰਦਲ ਭਾਰੀ ਫੋਰਸ ਨਾਲ ਮੌਕੇ ਤੇ ਪਹੁੰਚੇ ਤੇ ਸਥਿਤੀ ਤੇ ਕਾਬੂ ਪਾਇਆ।
ਤਰਨਤਾਰਨ ਜ਼ਿਲੇ ਦੇ ਪੱਟੀ ਸ਼ਹਿਰ ‘ਚ ਗੋਲੀ ਚੱਲਣ ਦੀ ਖਬਰ ਹੈ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਪਰ ਮੌਕੇ ਤੇ ਪਹੁੰਚੇ ਡੀਐਸਪੀ ਨੇ ਗੋਲੀ ਚੱਲਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ।
ਬਟਾਲਾ ਦੇ ਵਾਰਡ 34 ’ਚ ਕਾਂਗਰਸ ਦੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਦੀ ਭੈਣ ਨਵੀਨ ਉਮੀਦਵਾਰ ਹਨ। ਇਸ ਦੌਰਾਨ ਇੱਕ ਸਮਰਥਕ ਕਰਕੇ ਆਜ਼ਾਦ ਉਮੀਦਵਾਰ ਅਰਿੰਦਰ ਕਲਸੀ ਨੇ ਟੋਕਾ ਟਾਕੀ ਕੀਤੀ ਤਾਂ ਵਿਵਾਦ ਹੋ ਗਿਆ ਤੇ ਗੱਲ ਕੁੱਟਮਾਰ ਤੱਕ ਜਾ ਪੁੱਜੀ ਜਿਸ ਵਿੱਚ ਕਾਂਗਰਸ ਉਮੀਦਵਾਰ ਨਵੀਨ ਸਮੇਤ ਕਈ ਜ਼ਖਮੀ ਹੋਏ।
ਮੁਕਤਸਰ ’ਚ ਵੋਟਿੰਗ ਦੌਰਾਨ ਵਿਵਾਦ ਦੀ ਖਬਰ ਆਈ ਜਿਥੋਂ ਦੇ ਵਾਰਡ 4 ਤੋਂ ਕਾਂਗਰਸੀ ਉਮੀਦਵਾਰ ਯਾਦਵਿੰਦਰ ਸਿੰਘ ਯਾਦੂ ਤੇ ਜਾਨਲੇਵਾ ਹਮਲਾ ਕੀਤਾ ਗਿਆ। ਸਿਰ ਤੇ ਗੰਭੀਰ ਸੱਟਾਂ ਲੱਗਣ ਕਰਕੇ ਯਾਦੂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਮੋਹਾਲੀ ’ਚ ਵੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਰਿਵਾਰ ਸਮੇਤ ਵੋਟ ਪੋਲ ਕੀਤੀ। ਇਸ ਤੋਂ ਥੋੜੀ ਦੇਰ ਬਾਅਦ ਹੀ ਇੱਥੇ ਦੋ ਧਿਰਾਂ ਦਰਮਿਆਨ ਬਹਿਸਬਾਜ਼ੀ ਹੋ ਗਈ।
ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ‘ਚ ਭਾਜਪਾ ਦੇ ਮੁਕੇਰੀਆਂ ਤੋਂ ਪ੍ਰਧਾਨ ਸੰਜੀਵ ਮਿਨਹਾਸ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਉਨਾਂ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਦੌਰਾਨ ਉਨਾਂ ਦੀ ਗੱਡੀ ਦੇ ਸ਼ੀਸ਼ੇ ਭੰਨਣ ਦੀਆਂ ਵੀ ਖਬਰਾਂ ਸਾਹਮਣੇ ਆਈਆਂ। ਕਪੂਰਥਲਾ ਦੇ ਸੁਲਤਾਨਪੁਰ ਲੋਧੀ ‘ਚ ਵੀ ਝੜਪ ਦੀ ਖਬਰ ਸਾਹਮਣੇ ਆਈ। ਲੁਧਿਆਣਾ ਦੇ ਖੰਨਾ ‘ਚ ਵੀ ਦੋ ਵਿਰੋਧੀ ਧਿਰਾਂ ਦੇ ਵਰਕਰਾਂ ਵਿੱਚ ਟਕਰਾਅ ਹੋ ਗਿਆ ਜਿਸਨੂੰ ਪੁਲਿਸ ਨੇ ਸਮਾਂ ਰਹਿੰਦਿਆਂ ਕਾਬੂ ਕਰ ਲਿਆ।
ਸੂਬੇ ਭਰ ਵਿੱਚ 4102 ਪੋਲਿੰਗ ਬੂਥ ਬਣਾਏ ਗੲਟ ਹਨ ਜਿਨਾਂ ਵਿੱਚੋਂ 1708 ਸੰਵੇਦਨਸ਼ੀਲ ਬੂਥ ਜਦਕਿ 161 ਅਤਿ ਸੰਵੇਦਨਸ਼ੀਲ ਬੂਥ ਰਹੇ। ਵੋਟਿੰਗ ਲਈ 7 ਹਜ਼ਾਰ ਵੋਟਿੰਗ ਮਸ਼ੀਨਾਂ ਦਾ ਪ੍ਰਬੰਧ ਕੀਤਾ ਗਿਆ ਜਦਕਿ ਸੂਬੇ ਭਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਵੀ ਬੰਦ ਰੱਖਣ ਦੇ ਹੁਕਮ ਸਨ।