
ਕਿਹਾ, ਛੇਤੀ ਹੀ ਇਨ੍ਹਾਂ ਦਾ ਪਰਦਾਫ਼ਾਸ਼ ਕਰਾਂਗਾ
ਮਲੇਰਕੋਟਲਾ (ਸੁਮਿਤ ਸਿੰਘ) : ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫਾ ਨੇ ਅਪਣੇ ਪੁੱਤਰ ਦੀ ਮੌਤ ਤੋਂ ਬਾਅਦ ਉਠੇ ਸਿਆਸੀ ਵਿਵਾਦਾਂ ਉਤੇ ਗਹਿਰੀ ਨਾਰਾਜ਼ਗੀ ਪ੍ਰਗਟਾਈ ਹੈ। ਇਕ ਭਾਵੁਕ ਇੰਟਰਵਿਊ ਵਿਚ ਉਨ੍ਹਾਂ ਨੇ ਦਸਿਆ ਕਿ ਪੁੱਤਰ ਦੀ ਮੌਤ ਉਨ੍ਹਾਂ ਲਈ ਸੱਭ ਤੋਂ ਵੱਡਾ ਦੁੱਖ ਹੈ, ਜਿਸ ਨੂੰ ਕੋਈ ਵੀ ਬਾਪ ਨਹੀਂ ਭੁਲਾ ਸਕਦਾ।
ਮੁਸਤਫਾ ਨੇ ਕਿਹਾ, ‘‘ਜਦੋਂ ਪੁੱਤਰ ਦਾ ਜਨਾਜ਼ਾ ਬਾਪ ਦੇ ਮੋਢਿਆਂ ਉਤੇ ਹੋਵੇ, ਤਾਂ ਉਹ ਦੁੱਖ ਬਿਆਨ ਤੋਂ ਪਰ੍ਹੇ ਹੁੰਦਾ ਹੈ।‘‘ ਉਨ੍ਹਾਂ ਨੇ ਦਸਿਆ ਕਿ ਪੁੱਤਰ ਦੀ ਮੌਤ ਤੋਂ ਬਾਅਦ ਉਹ ਗਹਿਰੀ ਨਿੱਜੀ ਸੋਗ ਦੀ ਹਾਲਤ ਵਿਚ ਸਨ ਅਤੇ ਕਿਸੇ ਨਾਲ ਸੰਪਰਕ ਵੀ ਨਹੀਂ ਕਰ ਰਹੇ ਸਨ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪੁੱਤਰ ਦੀ ਮੌਤ ਤੋਂ ਬਾਅਦ ਕੁੱਝ ਲੋਕਾਂ ਨੇ ‘ਗੰਦੀ ਸਿਆਸਤ’ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਅਪਣੇ ਉੱਤੇ ਲਗਾਏ ਗਏ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ‘‘ਮੈਂ 40 ਸਾਲ ਪੰਜਾਬ ਵਿਚ ਨੌਕਰੀ ਕੀਤੀ, ਕਿਸੇ ਨੇ ਮੇਰੇ ਉਤੇ ਅਦਾਲਤ ਵਿਚ ਕੇਸ ਨਹੀਂ ਕੀਤਾ।’’
ਮੁਸਤਫਾ ਨੇ ਇਕ ਵੀਡੀਉ ਵਿਚ ਅਪਣੇ ਉਤੇ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ, ‘‘ਪਹਿਲਾਂ ਤਾਂ ਮੇਰਾ ਘਰ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਹੈ, ਮੇਰਾ ਕੋਈ ਗੁਆਂਢੀ ਨਹੀਂ। ਦੂਜਾ ਉਸ ਨੇ ਕਿਹਾ ਕਿ ਉਹ ਮੇਰਾ ਰਿਸ਼ਤੇਦਾਰ ਹੈ ਪਰ ਉਹ ਤਸਵੀਰ ਜਾਂ ਸਬੂਤ ਵਿਖਾਵੇ ਕਿ ਮੈਂ ਉਸ ਨਾਲ ਕਦੇ ਰਿਹਾ ਹਾਂ। ਉਹ ਮੇਰਾ ਰਿਸ਼ਤੇਦਾਰ ਨਹੀਂ ਹੈ।’’ ਮੁਸਤਫਾ ਨੇ ਇਹ ਵੀ ਦਸਿਆ ਕਿ ਉਨ੍ਹਾਂ ਦਾ ਪੂਰਾ ਪਰਵਾਰ 23 ਤੋਂ 28 ਤਰੀਕ ਤਕ ਚੰਡੀਗੜ੍ਹ ਤੋਂ ਬਾਹਰ ਸੀ, ਜਿਸ ਦੌਰਾਨ ਉਨ੍ਹਾਂ ਦਾ ਬੇਟਾ ਆਜ਼ਾਦ ਘੁੰਮ ਰਿਹਾ ਸੀ ਅਤੇ ਉਨ੍ਹਾਂ ਨੇ ਉਸ ਕੈਦ ਕਰ ਕੇ ਨਹੀਂ ਰਖਿਆ ਸੀ।
ਉਨ੍ਹਾਂ ਨੇ ਵੀਡੀਉ ਬਣਾਉਣ ਵਾਲੇ ਵਿਅਕਤੀ ਨੂੰ ‘ਮਲੇਰਕੋਟਲੇ ਦਾ ਸੱਭ ਤੋਂ ਵੱਡਾ ਠੱਗ’ ਕਰਾਰ ਦਿੰਦਿਆਂ ਕਿਹਾ ਕਿ ‘ਉਸ ਦੀ ਪਛਾਣ ਹੀ ਫਿਰੌਤੀ ਗਰੁੱਪ ਨਾਲ ਜੁੜੀ ਹੋਈ ਹੈ।’ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਵਿਅਕਤੀ ਪਿਛਲੀਆਂ ਚੋਣਾਂ ਵਿਚ ਜਿੱਤੇ ਇਕ ਵਿਧਾਇਕ ਦਾ ਪੀ.ਏ. ਸੀ ਅਤੇ ਲੋਕਾਂ ਤੋਂ ਨਕਸ਼ੇ, ਵਿਆਹ ਪਾਲਿਸੀ ਅਤੇ ਹੋਰ ਮਿਊਂਸਪਲ ਕੰਮਾਂ ਲਈ ਫਿਰੌਤੀ ਲੈਂਦਾ ਸੀ, ਇਸੇ ਕਾਰਨ ਆਮ ਆਦਮੀ ਪਾਰਟੀ ਨੇ ਵਿਧਾਇਕ ਨੂੰ ਇਸ ਨੂੰ ਹਟਾਉਣ ਦਾ ਹੁਕਮ ਦਿਤਾ ਸੀ।
ਉਨ੍ਹਾਂ ਕਿਹਾ ਕਿ ਇਸ ਵੀਡੀਉ ਪਿੱਛੇ ਆਮ ਆਦਮੀ ਪਾਰਟੀ ਨਹੀਂ ਹੈ ਬਲਕਿ ਕੋਈ ਹੋਰ ਤਾਕਤ ਹੈ। ਉਨ੍ਹਾਂ ਕਿਹਾ ਕਿ ਇਹ ਲੋਕ ਇਸ ਕਾਰਨ ਉਨ੍ਹਾਂ ਪਿੱਛੇ ਪਏ ਹਨ ਕਿਉਂਕਿ ਉਨ੍ਹਾਂ ਨੇ ਮਲੇਰਕੋਟਲਾ ਹੁੰਦਿਆਂ ਇਨ੍ਹਾਂ ਲੋਕਾਂ ਨੂੰ ਕਾਬੂ ਕਰ ਕੇ ਰਖਿਆ ਸੀ। ਉਨ੍ਹਾਂ ਕਿਹ, ‘‘ਇਹ ਲੋਕ ਰੈਸਟੋਰੈਂਟਾਂ ਵਾਲਿਆਂ ਤੋਂ ਪੈਸੇ ਮੰਗਦੇ ਸਨ ਅਤੇ ਕਹਿੰਦੇ ਸਨ ਕਿ ਜੇਕਰ ਉਨ੍ਹਾਂ ਨੇ ਪੈਸੇ ਨਾ ਦਿਤੇ ਤਾਂ ਉਨ੍ਹਾਂ ਦੇ ਰੈਸਟੋਰੈਂਟਾਂ ’ਚ ਕੋਈ ਔਰਤਾਂ ਨਹੀਂ ਆਉਣਗੀਆਂ।’’ ਉਨ੍ਹਾਂ ਕਿਹਾ ਕਿ ਇਹ ਲੋਕ ਇਥੇ ਤਾਲਿਬਾਨੀ ਫ਼ਤਵੇ ਜਾਰੀ ਕਰ ਕੇ ਔਰਤਾਂ ਨੂੰ ਘਰਾਂ ਅੰਦਰ ਬੰਦ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਕਿਹਾ, ‘‘ਜੇ ਕੋਈ ਠੱਗ ਮੇਰੇ ਸਾਹਮਣੇ ਆਉਂਦਾ ਹੈ, ਤਾਂ ਮੈਂ ਵੋਟਾਂ ਦੀ ਪਰਵਾਹ ਨਹੀਂ ਕਰਦਾ, ਸਿੱਧਾ ਲੱਤ ਮਾਰ ਕੇ ਬਾਹਰ ਕਰਦਾ ਹਾਂ।’’
ਉਨ੍ਹਾਂ ਕਿਹਾ ਕਿ ਹਰ ਪਿਤਾ ਅਪਣੇ ਪੁੱਤਰ ਦੀਆਂ ਗ਼ਲਤੀਆਂ ਨੂੰ ਲੁਕਾ ਕੇ ਰਖਦਾ ਹੈ ਪਰ ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਉਹ ਹੁਣ ਖੁੱਲ੍ਹ ਕੇ ਸਾਰਾ ਕੁੱਝ ਦਸ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਅਕੀਲ ਨੂੰ 2007 ਤੋਂ ਨਸ਼ੇ ਦੀ ਲਤ ਲਗ ਗਈ ਸੀ ਅਤੇ ਉਨ੍ਹਾਂ ਨੂੰ ਪਿਛਲੇ 18 ਸਾਲਾਂ ਤਕ ਉਸ ਨਾਲ ਬਹੁਤ ਸੰਘਰਸ਼ ਕਰਨਾ ਪਿਆ ਸੀ। ਉਨ੍ਹਾਂ ਕਿਹਾ, ‘‘ਪਿਛਲੇ ਸਾਲ ਉਸ ਦੇ ਕਿਸੇ ਨਸ਼ਈ ਸਾਥੀ ਨੇ ਉਸ ਨੂੰ ਆਇਸ ਨਾਂ ਦੀ ਨਸ਼ੀਲੀ ਦਵਾਈ ਦੇ ਦਿਤੀ ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਬਿਮਾਰ ਹੋ ਗਿਆ। ਅਕੀਲ ਦੇ ਮਾਨਸਿਕ ਰੂਪ ’ਚ ਬਿਮਾਰ ਹੋਣ ਕਾਰਨ ਉਹ ਸਾਡੇ ਉਤੇ ਸ਼ੱਕ ਕਰਦਾ ਸੀ। ਉਸ ਨੂੰ ਖ਼ਿਆਲੀ ਲੋਕ ਦਿਸਦੇ ਸਨ ਅਤੇ ਗੱਲਾਂ ਕਰਦੇ ਸਨ। ਉਹ ਅਪਣੀ ਪਤਨੀ ਨਾਲ ਵੀ ਕੁੱਟਮਾਰ ਕਰਦਾ ਸੀ ਜਿਸ ਕਾਰਨ ਅਸੀਂ ਉਸ ਨੂੰ ਅਤੇ ਉਸ ਦੇ ਬੱਚਿਆਂ ਨੂੰ ਕਿਰਾਏ ਦਾ ਮਕਾਨ ਲੈ ਕੇ ਦਿਤਾ ਹੋਇਆ ਸੀ।’’
ਪੰਚਕੂਲਾ ਵਿਚ ਦਰਜ ਐਫ.ਆਈ.ਆਰ. ਮੁਤਾਬਕ ਸ਼ਮਸੂਦੀਨ ਚੌਧਰੀ ਨੇ ਅਕੀਲ ਦੀ ਮੌਤ ਦੀ ਵਿਸਥਾਰਤ ਜਾਂਚ ਦੀ ਮੰਗ ਕੀਤੀ ਹੈ। ਉਸ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਮ੍ਰਿਤਕ ਅਤੇ ਉਸ ਦੇ ਪਰਿਵਾਰ ਵਿਚਕਾਰ ‘ਅਸੰਤੁਸ਼ਟੀ’ ਸੀ। ਸ਼ਿਕਾਇਤਕਰਤਾ ਨੇ ਦਸਿਆ ਹੈ ਕਿ ਮ੍ਰਿਤਕ ਨੇ ਇੱਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿੱਚ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ’ਤੇ ਗੰਭੀਰ ਦੋਸ਼ ਲਗਾਏ ਸਨ। ਚੌਧਰੀ ਨੇ ਦੋਸ਼ ਲਾਇਆ ਕਿ 27 ਅਗਸਤ ਨੂੰ ਅਕੀਲ ਅਖਤਰ ਨੇ ਸੋਸ਼ਲ ਮੀਡੀਆ ’ਤੇ ਜਨਤਕ ਤੌਰ 'ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਵਿਚ ਉਸ ਨੇ ਆਪਣੇ ਪਿਤਾ ਅਤੇ ਆਪਣੀ ਪਤਨੀ 'ਤੇ ਗੰਭੀਰ ਦੋਸ਼ ਲਗਾਏ ਸਨ।
ਹਾਲਾਂਕਿ, ਮੁਸਤਫਾ ਨੇ ਕਿਹਾ ਕਿ ਇਹ ਵੀਡੀਓ ਅਕੀਲ ਨੇ ਉਦੋਂ ਪੋਸਟ ਕੀਤਾ ਜਦੋਂ ਮਾਨਸਿਕ ਤੌਰ ’ਤੇ ਆਪਣੇ-ਆਪ ਵਿਚ ਨਹੀਂ ਸੀ। ਉਨ੍ਹਾਂ ਕਿਹਾ ਕਿ ਅਕੀਲ ਨੇ ਇਸ ਤੋਂ ਬਾਅਦ ਇਕ ਹੋਰ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਉਸ ਨੇ ਮੰਨਿਆ ਕਿ ਉਸ ਨੇ ਪਹਿਲਾਂ ਜੋ ਵੀਡੀਓ ਪੋਸਟ ਕੀਤਾ ਸੀ, ਉਸ ਵਿੱਚ ਉਸ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਜੋ ਗ਼ਲਤ ਸਨ। ਉਨ੍ਹਾਂ ਕਿਹਾ, ‘‘ਅਕੀਲ ਨੇ ਕਿਹਾ ਸੀ ਕਿ ਇਹ ਉਸ ਦੀ ਮਾਨਸਿਕ ਬਿਮਾਰੀ ਦੇ ਕਾਰਨ ਸੀ। ਉਹ ਕਹਿ ਰਿਹਾ ਸੀ ਮੈਨੂੰ ਏਨਾ ਚੰਗਾ ਪਰਿਵਾਰ ਮਿਲਿਆ ਹੈ।’’