
ਨਵੀਂ ਕਮੇਟੀ ਨੇ ਪੁਰਾਣੀ ਕਮੇਟੀ 'ਤੇ ਲਗਾਏ ਡੇਢ ਕਰੋੜ ਰੁਪਏ ਦਾ ਘਪਲਾ ਕਰਨ ਦੇ ਦੋਸ਼।
ਪਟਿਆਲਾ: ਸਨੌਰ ਵਿਖੇ ਸੰਗਰਾਂਦ ਦੇ ਦੀਵਾਨ ਵਿਚ ਗੁਰਦਵਾਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਸੰਗਤਾਂ ਵਲੋਂ ਚੁਣੀ ਗਈ ਨਵੀਂ ਗੁਰਦਵਾਰਾ ਕਮੇਟੀ ਅਤੇ ਪੁਰਾਣੀ ਕਮੇਟੀ ਦੇ ਅਹੁਦੇਦਾਰਾਂ ਦੀ ਬਹਿਸ ਇੰਨੀ ਵੱਧ ਗਈ ਕਿ ਗੁਰਦਵਾਰਾ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਤਲਵਾਰਾਂ ਚਲ ਗਈਆਂ। ਇਸ ਹੋਏ ਝਗੜੇ ਵਿਚ ਨਵੀਂ ਕਮੇਟੀ ਦੇ ਖ਼ਜ਼ਾਨਚੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਜਿਸ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
photo
ਝਗੜੇ ਵਾਲੀ ਥਾਂ 'ਤੇ ਪਹੁੰਚੀ ਪੁਲਿਸ ਵਲੋਂ ਗੁਰਦਵਾਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਤਲਵਾਰਾਂ ਚਲਾਉਣ ਨੂੰ ਸਨੌਰ ਨਿਵਾਸੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮੰਨਿਆ ਜਾ ਰਿਹਾ ਹੈ।
photo
ਜਦੋਂ ਕਿ ਸਾਰਾ ਮਾਮਲਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਧਿਆਨ ਵਿਚ ਲਿਆ ਦਿਤਾ ਗਿਆ ਹੈ। ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣ ਤੋਂ ਉਪਰੰਤ ਉਸ ਵੇਲੇ ਮਾਹੌਲ ਇਕਦਮ ਤਣਾਅਪੂਰਨ ਹੋ ਗਿਆ ਜਦੋਂ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਦੀ ਬਹਿਸ ਇਕ ਝਗੜੇ ਦਾ ਰੂਪ ਧਾਰ ਗਈ।
photo
ਜਾਣਕਾਰੀ ਅਨੁਸਾਰ ਸਮੂਹ ਸੰਗਤ ਦੀ ਹਾਜ਼ਰੀ ਵਿਚ ਪੁਰਾਣੀ ਕਮੇਟੀ ਦੇ ਅਹੁਦੇਦਾਰਾਂ ਵਲੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਅਤੇ ਪੈਸਿਆਂ ਦਾ ਹਿਸਾਬ ਦੇ ਦਿਤਾ ਗਿਆ। ਉਸ ਉਪਰੰਤ ਨਵੀਂ ਕਮੇਟੀ ਦੇ 21 ਅਹੁਦੇਦਾਰਾਂ ਵਲੋਂ ਵੀ ਉਨ੍ਹਾਂ ਵਲੋਂ ਕੀਤੇ ਕੰਮਾਂ ਦਾ ਹਿਸਾਬ ਦੇ ਦਿਤਾ ਗਿਆ ਅਤੇ ਜੋ ਪੁਰਾਣੀ ਕਮੇਟੀ ਵਲੋਂ ਸੋਨੇ ਦਾ ਛਤਰ ਵੇਚਿਆ ਗਿਆ ਸੀ ਉਸ ਸਬੰਧ ਵਿਚ ਗੱਲਬਾਤ ਹੋਣ 'ਤੇ ਮਾਹੌਲ ਤਣਾਅਪੂਰਨ ਹੋ ਗਿਆ
photo
ਜੋ ਕਿ ਇਕ ਵੱਡੇ ਝਗੜਾ ਦਾ ਰੂਪ ਧਾਰਨ ਕਰ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਕੁੱਝ ਅਨਸਰਾਂ ਵਲੋਂ ਤਲਵਾਰਾਂ ਚਲਾਈਆਂ ਗਈਆਂ।ਇਸ ਮੋਕੇ ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਅਤੇ ਉਸ ਦੇ ਲੜਕੇ ਨੇ ਕਿਹਾ ਕਿ ਪੁਰਾਣੀ ਕਮੇਟੀ ਵਲੋਂ ਗੁਰਦਵਾਰਾ ਸਾਹਿਬ ਦੇ ਪੈਸਿਆਂ ਵਿਚ ਬਹੁਤ ਜ਼ਿਆਦਾ ਘਪਲਾ ਕੀਤਾ ਗਿਆ ਹੈ ਜਿਸ ਦਾ ਇਨ੍ਹਾਂ ਨੇ ਠੀਕ ਢੰਗ ਨਾਲ ਅੱਜ ਤਕ ਹਿਸਾਬ ਨਹੀਂ ਦਿਤਾ।
photo
ਉਨ੍ਹਾਂ ਕਿਹਾ ਕਿ ਪੁਰਾਣੀ ਕਮੇਟੀ ਵਲੋਂ 1 ਕਰੋੜ 50 ਲੱਖ ਰੁਪਏ ਦਾ ਘਪਲਾ ਕੀਤਾ ਗਿਆ ਹੈ। ਜਦੋਂ ਕਿ ਸੰਗਤਾਂ ਵਲੋਂ ਚੁਣੀ ਗਈ ਨਵੀਂ ਕਮੇਟੀ ਵਲੋਂ ਹਰ ਕੰਮ ਦੀ ਰਸੀਦ ਕੱਟੀ ਜਾ ਰਹੀ ਹੈ ਅਤੇ ਸਾਰੇ ਹਿਸਾਬ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ। ਜਦੋਂ ਇਨ੍ਹਾਂ ਤੋਂ ਸੋਨੇ ਦੇ 2 ਤੋਲੇ ਦੇ ਛੱਤਰਾਂ ਹਿਸਾਬ ਮੰਗਿਆ ਤਾਂ ਇਨ੍ਹਾਂ ਨੇ ਸਾਡੇ ਨਾਲ ਗਾਲੀ ਗਲੋਚ ਕੀਤੀ ਅਤੇ ਸਾਡੇ 'ਤੇ ਤਲਵਾਰਾਂ ਚਲਾਈਆਂ ।
photo
ਉਧਰ ਦੂਜੇ ਪਾਸੇ ਜਦੋਂ ਇਸ ਸਬੰਧ ਵਿਚ ਪੁਰਾਣੀ ਕਮੇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਅਪਣੀ ਕਮੇਟੀ ਦੇ ਕਾਰਜਕਾਲ ਦੌਰਾਨ 30 ਤੋ ਵੱਧ ਕੰਮ ਕਰਵਾ ਚੁੱਕੇ ਹਾਂ। ਬਾਕੀ ਬਚਦਾ 5 ਲੱਖ 8 ਹਜ਼ਾਰ ਰੁਪਿਆ ਅਸੀਂ ਨਵੀਂ ਚੁਣੀ ਕਮੇਟੀ ਨੂੰ ਦੇ ਚੁੱਕੇ ਹਾਂ। ਇਨ੍ਹਾਂ ਵਲੋਂ ਜਾਣ-ਬੁਝ ਕੇ ਸਾਡੇ ਬਾਰੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ। ਜੋ ਸੋਨੇ ਦਾ ਛੱਤਰ ਸੀ ਉਹ ਕਮੇਟੀ ਵਲੋਂ ਮਤਾ ਪਾ ਕੇ 23 ਹਜ਼ਾਰ ਰੁਪਿਆ ਦਾ ਵੇਚਿਆ ਗਿਆ ਸੀ। ਉਸ ਦਾ ਗੁਰਦਵਾਰਾ ਸਾਹਿਬ ਦੀ ਸੇਵਾ ਲਈ ਸਮਾਨ ਲਿਆਂਦਾ ਗਿਆ ਸੀ ਜਿਸ ਦਾ ਹਿਸਾਬ ਅਸੀਂ ਪਹਿਲਾਂ ਹੀ ਦੇ ਚੁੱਕੇ ਹਾਂ।
photo
ਇਨ੍ਹਾਂ ਵਲੋਂ ਸਾਡੇ 'ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ।ਗੁਰਦਵਾਰਾ ਸਾਹਿਬ ਵਿਖੇ ਤਲਵਾਰਾਂ ਚਲਣ ਦੀ ਖ਼ਬਰ ਸੁਣਦੇ ਹੀ ਸਨੌਰ ਥਾਣੇ ਤੋਂ ਪੁਲਿਸ ਪਾਰਟੀ ਮੌਕੇ 'ਤੇ ਪੁੱਜੀ ਅਤੇ ਗੁਰਦਵਾਰਾ ਸਾਹਿਬ ਵਿਖੇ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਨੂੰ ਅਪਣੇ ਕਬਜ਼ੇ ਵਿਚ ਲੈ ਕੇ ਜਾਂਚ ਆਰੰਭ ਕਰ ਦਿਤੀ ਹੈ। ਸਨੌਰ ਥਾਣੇ ਦੇ ਐਸ ਐਚ ਓ ਕਰਮਜੀਤ ਸਿੰਘ ਨੇ ਕਿਹਾ ਕਿ ਕਾਨੂੰਨ ਭੰਗ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਦਾ ਮਾਹੌਲ ਇਸ ਸਮੇਂ ਪੂਰੀ ਤਰ੍ਹਾਂ ਸ਼ਾਂਤ ਹੈ ਤੇ ਅਸੀ ਪੂਰੀ ਤਰ੍ਹਾਂ ਨਿਗਾਹ ਬਣਾਈ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ