
ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਾਂਝਾ ਮਨਾਉਣ ਦਾ ਮਾਮਲਾ
ਨਵੀਂ ਦਿੱਲੀ : ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਹਦਾਇਤ 'ਤੇ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ.ਪਰਮਜੀਤ ਸਿੰਘ ਸਰਨਾ ਤੇ ਸਕੱਤਰ ਜਨਰਲ ਸ.ਹਰਵਿੰਦਰ ਸਿੰਘ ਸਰਨਾ ਵਿਚਕਾਰ ਨਨਕਾਣਾ ਸਾਹਿਬ ਤਕ ਸਾਂਝਾ ਨਗਰ ਕੀਰਤਨ ਸਜਾਉਣ ਬਾਰੇ ਅਜੇ ਕੋਈ ਸਹਿਮਤੀ ਨਹੀਂ ਬਣ ਸਕੀ।
Paramjit Singh Sarna
ਹੁਣ 9 ਅਕਤੂਬਰ ਨੂੰ 'ਜਥੇਦਾਰ' ਨੇ ਦੋਹਾਂ ਧਿਰਾਂ ਨੂੰ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਹੈ। ਦਿੱਲੀ ਵਿਚ ਅੱਜ ਦੁਪਹਿਰ ਤਕਰੀਬਨ ਇਕ ਘੰਟਾ ਚਲੀ ਮੀਟਿੰਗ ਵਿਚ ਸਾਂਝਾ ਨਗਰ ਕੀਰਤਨ ਸਜਾਉਣ ਬਾਰੇ ਚਰਚਾ ਹੋਈ ਪਰ ਅਖ਼ੀਰ ਕੋਈ ਸਿੱਟਾ ਨਹੀਂ ਨਿਕਲਿਆ। ਮੀਟਿੰਗ ਵਿਚ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ, ਸਾਬਕਾ ਐਮ ਪੀ ਸ.ਤਰਲੋਚਨ ਸਿੰਘ, ਮਹੰਤ ਅੰਮ੍ਰਿਤਪਾਲ ਸਿੰਘ, ਗਿਆਨੀ ਰਣਜੀਤ ਸਿੰਘ ਅਤੇ ਸਰਨਾ ਭਰਾ ਸ਼ਾਮਲ ਹੋਏ। ਪ੍ਰਾਪਤ ਵੇਰਵਿਆਂ ਮੁਤਾਬਕ ਦਿੱਲੀ ਕਮੇਟੀ ਦਾ ਮੁੱਢਲਾ ਇਤਰਾਜ਼ ਇਹ ਸੀ ਕਿ ਜਦ ਦਿੱਲੀ ਕਮੇਟੀ ਸੰਗਤ ਦੀ ਨੁਮਾਇੰਦਾ ਜਥੇਬੰਦੀ ਹੈ, ਤਾਂ ਇਹ ਜ਼ਿੰਮੇਵਾਰੀ ਤੇ ਹੱਕ ਵੀ ਉਸ ਦਾ ਹੈ ਕਿ ਉਹ ਨਗਰ ਕੀਰਤਨ ਦੀ ਅਗਵਾਈ ਕਰੇ, ਪਰ ਸ.ਪਰਮਜੀਤ ਸਿੰਘ ਸਰਨਾ ਨੇ ਇਸ ਬਾਰੇ ਪਹਿਲਾਂ ਤੋਂ ਪਾਕਿਸਤਾਨ ਗੁਰਦਵਾਰਾ ਕਮੇਟੀ ਤੇ ਈਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਵਲੋਂ ਨਗਰ ਕੀਰਤਨ ਸਜਾਉਣ ਬਾਰੇ ਮਿਲੀ ਹੋਈ ਅਗਾਊਂ ਪ੍ਰਵਾਨਗੀ ਦਾ ਹਵਾਲਾ ਦਿਤਾ ਤੇ ਇਹ ਵੀ ਕਿਹਾ ਕਿ ਉਨ੍ਹਾਂ ਤਾਂ ਪਹਿਲਾਂ ਹੀ ਦਿੱਲੀ ਕਮੇਟੀ ਨੂੰ ਸੱਦੇ ਦੀ ਚਿੱਠੀ ਖ਼ੁਦ ਕਮੇਟੀ ਦਫ਼ਤਰ ਜਾ ਕੇ ਦਿਤੀ ਸੀ।
Nagar kirtan
ਇਸ ਗੱਲ 'ਤੇ ਵੀ ਰੇੜਕਾ ਸੀ ਕਿ ਇਕੱਠੀ ਹੋਣ ਵਾਲੀ ਮਾਇਆ/ਗੋਲਕ ਕਿਸ ਕੋਲ ਰਹੇਗੀ। ਇਸ ਬਾਰੇ ਸਰਨਿਆਂ ਨੇ ਸਪਸ਼ਟ ਕੀਤਾ ਕਿ ਸਾਰੀ ਮਾਇਆ ਕਾਰਸੇਵਾ ਵਾਲੇ ਬਾਬਾ ਜਗਤਾਰ ਸਿੰਘ ਕੋਲ ਸੇਵਾ ਕਾਰਜਾਂ ਲਈ ਜਾਵੇਗੀ। ਦਿੱਲੀ ਕਮੇਟੀ ਨੇ ਇਸ ਗੱਲ 'ਤੇ ਜ਼ੋਰ ਦਿਤਾ ਕਿ ਕਮੇਟੀ ਵਲੋਂ ਸੋਨੇ ਦੀ ਪਾਲਕੀ, ਚੋਰ ਅਤੇ ਬੱਸ ਲਿਜਾਈ ਜਾਵੇਗੀ, ਪਰ ਸਰਨਾ ਭਰਾ ਇਸ 'ਤੇ ਸਹਿਮਤ ਨਹੀਂ ਹੋਏ ਕਿਉਂਕਿ ਉਹ ਵੀ ਸੋਨੇ ਦੀ ਪਾਲਕੀ ਲਿਜਾਉਣ ਦਾ ਪਹਿਲਾਂ ਹੀ ਐਲਾਨ ਕਰ ਚੁਕੇ ਹੋਏ ਹਨ।
Harwinder Singh Sarna
ਜਦੋਂ 'ਸਪੋਕਸਮੈਨ' ਵਲੋਂ ਸ.ਹਰਵਿੰਦਰ ਸਿੰਘ ਸਰਨਾ ਤੋਂ ਮੀਟਿੰਗ ਬਾਰੇ ਪੁਛਿਆ ਤਾਂ ਉਨ੍ਹਾਂ ਕਿਹਾ, “ਸ਼ਾਮ ਨੂੰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲ ਹੋਈ ਹੈ, ਉਨ੍ਹਾਂ ਸਾਡੇ ਮੁਤਾਬਕ ਸਾਂਝਾ ਨਗਰ ਕੀਰਤਨ ਸਜਾਉਣ ਦੀ ਪ੍ਰਵਾਨਗੀ ਦੇ ਦਿਤੀ ਹੈ, ਇਸ ਦੇ ਉਲਟ ਜਦੋਂ 'ਸਪੋਕਸਮੈਨ' ਵਲੋਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸ.ਹਰਮੀਤ ਸਿੰਘ ਕਾਲਕਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਸਾਂਝੇ ਨਗਰ ਕੀਰਤਨ ਬਾਰੇ ਸਹਿਮਤੀ ਨਹੀਂ ਬਣੀ ਤੇ ਗਿਆਨੀ ਹਰਪ੍ਰੀਤ ਸਿੰਘ ਵਲੋਂ ਦੋਹਾਂ ਧਿਰਾਂ ਨੂੰ 9 ਅਕਤੂਬਰ ਨੂੰ ਸ਼ਾਮ ਪੰਜ ਵਜੇ ਅਕਾਲ ਤਖ਼ਤ ਸਾਹਿਬ 'ਤੇ ਸੱਦਿਆ ਗਿਆ ਹੈ। ਭਾਵੇਂ ਪ੍ਰਵਾਨਗੀ ਬਾਰੇ ਦਿੱਲੀ ਕਮੇਟੀ ਦੇ ਅਪਣੇ ਦਾਅਵੇ ਹਨ, ਪਰ ਸਰਨਾ ਭਰਾਵਾਂ ਮੁਤਾਬਕ ਨਗਰ ਕੀਰਤਨ ਲਈ ਦਿੱਲੀ ਕਮੇਟੀ ਕੋਲ ਪ੍ਰਵਾਨਗੀ ਹੀ ਨਹੀਂ।