
ਧਾਰਮਕ ਮਹੱਤਤਾ ਦੇ ਮਾਮਲਿਆਂ 'ਚ ਵਿਤਕਰੇ ਦਾ ਮਾਮਲਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਸ ਦੀ ਪਾਰਟੀ ਦੇ ਫੁੱਟ ਪਾਊ ਏਜੰਡੇ ਦੇ ਹਿੱਸੇ ਵਜੋਂ ਉਸ ਵਲੋਂ ਧਾਰਮਕ ਮਹੱਤਤਾ ਦੇ ਮਾਮਲਿਆਂ ਵਿਚ ਪੰਜਾਬ ਦੀ ਕਾਂਗਰਸ ਸਰਕਾਰ ਵਿਰੁਧ ਗੰਭੀਰ ਵਿਤਕਰਾ ਕਰਨ ਦਾ ਦੋਸ਼ ਲਾਇਆ ਹੈ। ਐਤਵਾਰ ਨੂੰ ਕਠੂਆ ਵਿਖੇ ਅਪਣੇ ਭਾਸ਼ਨ ਦੌਰਾਨ ਮੋਦੀ ਵਲੋਂ ਨਿਸ਼ਾਨਾ ਬਣਾਏ ਜਾਣ 'ਤੇ ਟਿੱਪਣੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪੁੱਛਿਆ ਹੈ ਕਿ ਜਲਿਆਂਵਾਲਾ ਬਾਗ਼ ਕਤਲੇਆਮ ਦੇ ਕੇਂਦਰ ਸਰਕਾਰ ਦੇ ਸ਼ਤਾਬਦੀ ਸਮਾਰੋਹ ਵਿਚ ਸ਼ਾਮਲ ਹੋਣ ਲਈ ਬਾਦਲਾਂ ਸਣੇ ਅਕਾਲੀ ਆਗੂਆਂ ਦੇ ਅਸਫ਼ਲ ਰਹਿਣ ਕਾਰਨ ਉਨ੍ਹਾਂ ਨੇ ਉਨ੍ਹਾਂ ਉੱਪਰ ਉਂਗਲ ਕਿਉਂ ਨਹੀਂ ਧਰੀ।
Captain Amarinder Singh
ਮੁੱਖ ਮੰਤਰੀ ਨੇ ਕਿਹਾ ਕਿ ਮੋਦੀ ਸਰਕਾਰ ਵਿਚ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਅਤੇ ਨਾ ਹੀ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਇਤਿਹਾਸਕ ਜਲਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਯੋਗ ਨਹੀਂ ਸਮਝੇ ਗਏ। ਖ਼ੁਦ ਮੋਦੀ ਨੇ ਵੀ ਰਾਸ਼ਟਰੀ ਮਹੱਤਤਾ ਦੇ ਮੌਕੇ 'ਤੇ ਪਰੇ ਰਹਿਣ ਦਾ ਰਾਹ ਚੁਣਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਵਲੋਂ ਜਲਿਆਂਵਾਲਾ ਬਾਗ਼ ਰਾਸ਼ਟਰੀ ਯਾਦਗਾਰ ਵਿਖੇ ਦੋ ਦਿਨ ਲੜੀਵਾਰ ਸਮਾਗਮਾਂ ਦਾ ਹਿੱਸਾ ਬਣੇ ਰਹਿਣ ਦੇ ਬਾਵਜੂਦ ਮੋਦੀ ਨੇ ਮੇਰੀ ਆਲੋਚਨਾ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਵਲੋਂ ਕੀਤੇ ਗਏ ਇਸ ਚੋਣਵੇਂ ਅਤੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਹਮਲੇ ਦੀ ਨਿਖੇਧੀ ਕੀਤੀ ਹੈ।
Captain Amarinder Singh & Narendra Modi
ਅੱਜ ਇਥੇ ਜਾਰੀ ਇਕ ਤਾਬੜ-ਤੋੜ ਬਿਆਨ ਵਿਚ ਮੁੱਖ ਮੰਤਰੀ ਨੇ ਪੁੱਛਿਆ,''ਕਿਉਂ ਮੋਦੀ ਇਸ ਪ੍ਰਮੁੱਖ ਸਮਾਰੋਹ ਵਿਚ ਹਾਜ਼ਰ ਨਾ ਹੋਇਆ? ਕਿਉਂ ਬਾਦਲ ਇਥੇ ਆਉਣ ਵਿਚ ਅਸਫ਼ਲ ਰਹੇ ਅਤੇ ਕਿਉਂ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਗ਼ੈਰ ਹਾਜ਼ਰੀ ਨੂੰ ਜਾਣਬੁੱਝ ਕੇ ਅਣਗੌਲਿਆ?'' ਪੰਜਾਬ ਵਿਚ ਕਾਂਗਰਸ ਸਰਕਾਰ ਨਾਲ ਲਗਾਤਾਰ ਵਿਤਕਰਾ ਕਰਨ ਦੀ ਮੋਦੀ ਦੀ ਕਾਰਵਾਈ ਦਾ ਵਿਸ਼ਲੇਸ਼ਣ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਲਿਆਂਵਾਲਾ ਬਾਗ਼ ਸ਼ਤਾਬਦੀ ਸਮਾਰੋਹ ਮੌਕੇ ਸੂਬਾ ਸਰਕਾਰ ਦਾ ਸਮਰਥਨ ਕਰਨ ਦੀ ਬਜਾਏ ਮੋਦੀ ਨੇ ਇਸ ਦੇ ਮੁਕਾਬਲੇ ਵਿਚ ਅਪਣਾ ਸਮਾਰੋਹ ਰੱਖਿਆ ਜਿਸ ਦੇ ਨਾਲ ਪ੍ਰਧਾਨ ਮੰਤਰੀ ਦੀ ਅਸਲ ਮਨਸ਼ਾ ਜੱਗ ਜਾਹਰ ਹੋ ਗਈ ਹੈ।
Narendra Modi
ਉਨ੍ਹਾਂ ਕਿਹਾ ਕਿ ਮੋਦੀ ਵਲੋਂ ਅਪਣੀਆਂ ਸਿਆਸੀ ਖਾਹਿਸ਼ਾਂ ਵਾਸਤੇ ਪੰਜਾਬੀ ਭਾਈਚਾਰੇ ਨੂੰ ਲੁਭਾਉਣ ਦੀ ਸ਼ਰਮਨਾਕ ਕਾਰਵਾਈ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸ਼ਕਤੀਸ਼ਾਲੀ ਸਰਕਾਰ ਹੈ ਜਿਸ ਨੇ ਮੋਦੀ ਦੀਆਂ ਖਾਹਿਸ਼ਾਂ ਨੂੰ ਗੰਭੀਰ ਚੁਣੌਤੀ ਪੈਦਾ ਕੀਤੀ ਹੈ। ਇਸ ਕਰਕੇ ਉਹ ਸੂਬਾ ਸਰਕਾਰ 'ਤੇ ਹੇਠਲੇ ਪੱਧਰ 'ਤੇ ਹਮਲੇ ਕਰ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਲਗਾਤਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਵਾਸਤੇ ਉਪਲੱਭਦ ਫ਼ੰਡ ਦੇਣ ਤੋਂ ਇਨਕਾਰ ਕੀਤਾ ਹੈ ਜੋ ਕਿ ਇਸ ਸਾਲ ਨਵੰਬਰ ਵਿਚ ਮਨਾਇਆ ਜਾ ਰਿਹਾ ਹੈ।
Captain Amarinder Singh
ਮੋਦੀ ਨੂੰ ਹਰ ਗੱਲ ਦਾ ਸਿਹਰਾ ਅਪਣੇ ਸਿਰ ਬੰਨਣ ਵਾਲਾ ਦੱਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਵਾਰ ਵਾਰ ਇਸ ਸਬੰਧ ਵਿਚ ਨੰਗਾ ਹੋਇਆ ਹੈ। ਪਿਛਲੇ ਸਾਲ ਨਵੰਬਰ ਵਿਚ ਕਰਤਾਰਪੁਰ ਲਾਂਘੇ ਦਾ ਨੀਂਹ ਪੱਥਰ ਰੱਖਣ ਦੇ ਸਮਾਰੋਹ ਵਿਚ ਵੀ ਉਸ ਨੇ ਅਜਿਹਾ ਹੀ ਕੀਤਾ ਸੀ।