
ਚਰਨਜੀਤ ਸਿੰਘ ਚੰਨੀ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਈਡੀ ਵੱਲੋਂ ਹੁਣ ਚੰਨੀ ਸਰਕਾਰ ਸਮੇਂ CMO ਵਿਚ ਤਾਇਨਾਤ ਅਧਿਕਾਰੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ।
ਚੰਡੀਗੜ੍ਹ: ਗ਼ੈਰ-ਕਾਨੂੰਨੀ ਮਾਈਨਿੰਗ ਮਾਮਲੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਹੁਣ ਚੰਨੀ ਸਰਕਾਰ ਸਮੇਂ ਮੁੱਖ ਮੰਤਰੀ ਦਫ਼ਤਰ ਵਿਚ ਤਾਇਨਾਤ ਅਧਿਕਾਰੀਆਂ ਕੋਲੋਂ ਵੀ ਪੁੱਛਗਿੱਛ ਕੀਤੀ ਜਾਵੇਗੀ। ਮਿਲੀ ਜਾਣਕਾਰੀ ਅਨੁਸਾਰ ਇਹਨਾਂ ਅਧਿਕਾਰੀਆਂ ਤੋਂ ਚੰਨੀ ਸਰਕਾਰ ਦੇ ਕਾਰਜਕਾਲ ਦੌਰਾਨ ਤਬਾਦਲੇ ਅਤੇ ਤਾਇਨਾਤੀਆਂ ਨੂੰ ਲੈ ਕੇ ਵੀ ਪੁੱਛਗਿੱਛ ਹੋਵੇਗੀ।
ਦਰਅਸਲ ਬੀਤੇ ਦਿਨੀਂ ਈਡੀ ਨੇ ਸਾਬਕਾ ਮੁੱਖ ਮੰਤਰੀ ਤੋਂ ਪੰਜ ਘੰਟੇ ਪੁੱਛਗਿੱਛ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਈਡੀ ਨੇ ਉਹਨਾਂ ਨੂੰ ਦੁਬਾਰਾ ਆਉਣ ਲਈ ਨਹੀਂ ਕਿਹਾ ਹੈ। ਸਾਬਕਾ ਸੀਐਮ ਨੇ ਕਿਹਾ ਕਿ ਉਹਨਾਂ ਨੇ ਅਪਣੀ ਉਤਮ ਜਾਣਕਾਰੀ ਅਨੁਸਾਰ ਈਡੀ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਹਨ।
ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਵਲੋਂ ਜ਼ਮਾਨਤ ਲਈ ਦਿੱਤੀ ਗਈ ਅਰਜ਼ੀ ਨੂੰ ਲੈ ਕੇ ਭਲਕੇ ਸਪੈਸ਼ਲ ਕੋਰਟ ਵਿਚ ਸੁਣਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ’ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਅਧਿਕਾਰੀਆਂ ਦੇ ਤਬਾਦਲੇ ਤੋਂ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਹੈ। ਈਡੀ ਨੇ ਹਾਲ ਹੀ ਵਿਚ ਉਹਨਾਂ ਦੇ ਰਿਸ਼ਤੇਦਾਰ ਭੁਪਿੰਦਰ ਹਨੀ ਵਿਰੁੱਧ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿਚ ਚਾਰਜਸ਼ੀਟ ਦਾਇਰ ਕੀਤੀ ਸੀ।