
- ਜਾਂਚ- ਪੜਤਾਲ ਬਾਰੇ ਚੰਨੀ ਦਾ ਬਿਆਨ ਹਾਸੋਹੀਣਾ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲਾ: ਮਾਲਵਿੰਦਰ ਸਿੰਘ ਕੰਗ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਨੇ ਇਨਫੋਰਸਮੈਂਟ ਡਾਇਰਕਟੋਰੇਟ (ਈ.ਡੀ) ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਕੋਲੋਂ ਨਜਾਇਜ਼ ਰੇਤ ਖਣਨ ਅਤੇ ਮਨੀ ਲਾਂਡਰਿੰਗ ਮਾਮਲੇ ਜਾਂਚ- ਪੜਤਾਲ ਕਰਨ ਦਾ ਸਵਾਗਤ ਕੀਤਾ ਹੈ। ਪਾਰਟੀ ਦਾ ਕਹਿਣਾ ਹੈ ਕਿ ਈ.ਡੀ ਦੀ ਕਾਰਵਾਈ ਨਾਲ ਬਹੁਤ ਜਲਦ ਪੰਜਾਬ ਦੇ ਲੋਕਾਂ ਅੱਗੇ ਸਾਬਕਾ ਮੁੱਖ ਮੰਤਰੀ ਚੰਨੀ ਦੇ ਕਾਲ਼ੇ ਕਾਰਨਾਮੇ ਉਜਾਗਰ ਹੋਣਗੇ ਅਤੇ ਪੰਜਾਬ ਦੇ ਕੁਦਰਤੀ ਸਾਧਨਾਂ ਦੀ ਲੁੱਟ ਕਰਨ ਦੇ ਮਾਮਲੇ ਵਿੱਚ ਇਨਸਾਫ਼ ਹੋਵੇਗਾ।
CM channi
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਰਿਸਤੇਦਾਰ ਰਾਹੀਂ ਰੇਤ ਖਣਨ ਦਾ ਗੈਰਕਾਨੂੰਨੀ ਕਾਰੋਬਾਰ ਕਰਕੇ ਕਰੋੜਾਂ ਰੁਪਏ ਇੱਕਠੇ ਕੀਤੇ ਹਨ। ਇਸ ਲਈ ਕੇਂਦਰ ਸਰਕਾਰ ਦੇ ਅਦਾਰੇ ਇਨਫੋਰਸਮੈਂਟ ਡਾਇਰਕਟੋਰੇਟ ਵੱਲੋਂ ਸਾਬਕਾ ਮੁੱਖ ਮੰਤਰੀ ਕੋਲੋਂ ਰੇਤ ਖਣਨ ਅਤੇ ਮਨੀ ਲਾਂਡਰਿੰਗ ਮਾਮਲਿਆਂ ਵਿੱਚ ਤਲਬ ਕਰਕੇ ਜਾਂਚ- ਪੜਤਾਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਚੰਨੀ ਵੱਲੋਂ ਈ.ਡੀ. ਦੀ ਕਾਰਵਾਈ ਬਾਰੇ ਦਿੱਤਾ ਬਿਆਨ, ‘ਈ.ਡੀ. ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਹੈ’ ਆਪਣੇ ਆਪ ਵਿੱਚ ਹੀ ਹਾਸੋਹੀਣਾ ਅਤੇ ਲੋਕਾਂ ਦੇ ਅੱਖੀਂ ਘੱਟਾ ਪਾਉਣ ਵਾਲਾ ਹੈ। ਅਜਿਹੇ ਬਿਆਨ ਦੇ ਕੇ ਚੰਨੀ ਆਪਣੇ- ਆਪ ਨੂੰ ਕਲੀਨ ਚਿੱਟ ਦੇ ਰਹੇ ਹਨ ਅਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਤੋਂ ਬਚਣ ਦੀ ਨਾਕਾਮ ਕੋਸ਼ਿਸ਼ ਕਰ ਰਹੇ ਹਨ। ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸ ਹਾਈਕਮਾਂਡ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਕਟਿਹਰੇ ਵਿੱਚ ਖੜ੍ਹੇ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਸਾਬਕਾ ਮੁੱਖ ਮੰਤਰੀ ਚੰਨੀ ਦੇ ਭ੍ਰਿਸ਼ਟਾਚਾਰ ਨਾਲ ਸੰਬੰਧਿਤ ਮਾਮਲਿਆਂ ਬਾਰੇ ਆਪਣਾ ਪੱਖ ਰੱਖਣਾ ਚਾਹੀਦਾ ਹੈ, ਕੀ ਕਾਂਗਰਸ ਚੰਨੀ ਦੇ ਭ੍ਰਿਸ਼ਟਾਚਾਰ ਦੇ ਨਾਲ ਖੜ੍ਹੀ ਹੈ?
Raja Warring
ਉਨ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਵਾਲ ਕੀਤਾ, ‘‘ਕੀ ਨਜਾਇਜ਼ ਰੇਤ ਖਣਨ ’ਚ ਉਹ ਵੀ ਚੰਨੀ ਦੇ ਨਾਲ 75 : 25 ਦੇ ਹਿੱਸੇਦਾਰ ਹਨ? ਜੇ ਨਹੀਂ ਤਾਂ ਕੀ ਉਹ ਚੰਨੀ ਦੇ ਖ਼ਿਲਾਫ ਕਾਰਵਾਈ ਕਰਨਗੇ ਅਤੇ ਚੰਨੀ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਗੇ?’’ ਕੰਗ ਨੇ ਕਿਹਾ ਕਿ ਬਤੌਰ ਮੁੱਖ ਮੰਤਰੀ ਰਹਿੰਦਿਆਂ ਚੰਨੀ ਨੇ ਸੂਬੇ ’ਚ ਵੱਡੇ ਪੱਧਰ ’ਤੇ ਰੇਤ ਮਾਫੀਆ ਚਲਾ ਕੇ ਆਪਣੀ ਅਤੇ ਆਪਣੇ ਰਿਸਤੇਦਾਰਾਂ ਦੀਆਂ ਤਿਜ਼ੌਰੀਆਂ ਭਰੀਆਂ ਸਨ। ਵਿਧਾਨ ਸਭਾ ਚੋਣਾ ਤੋਂ ਠੀਕ ਪਹਿਲਾਂ ਜਿਸ ਸਮੇਂ ‘ਆਪ’ ਆਗੂ ਰਾਘਵ ਚੱਢਾ ਨੇ ਚੰਨੀ ਦੇ ਹਲਕੇ ਸ੍ਰੀ ਚਮਕੌਰ ਸਾਹਿਬ ’ਚ ਚੱਲ ਰਹੇ ਗੈਰ ਕਾਨੂੰਨੀ ਰੇਤ ਖਣਨ ਦਾ ਪਰਦਾਫ਼ਾਸ਼ ਕੀਤਾ ਸੀ, ਤਾਂ ਉਸ ਸਮੇਂ ਚੰਨੀ ਅਤੇ ਕਾਂਗਰਸ ਦੇ ਆਗੂਆਂ ਨੇ ਰਾਘਵ ਚੱਢਾ ਅਤੇ ਪਾਰਟੀ ਦਾ ਮਜ਼ਾਕ ਬਣਾਇਆ ਸੀ। ਪਰ ਹੁਣ ਈ.ਡੀ ਦੀ ਕਾਰਵਾਈ ਨਾਲ ਕਾਂਗਰਸ ਅਤੇ ਚੰਨੀ ਦੀ ਸਚਾਈ ਲੋਕਾਂ ਸਾਹਮਣੇ ਆ ਚੁੱਕੀ ਹੈ ਅਤੇ ਉਨ੍ਹਾਂ ਦੇ ਭ੍ਰਿਸ਼ਟਾਚਾਰ ਦੀ ਪੋਲ ਖੁੱਲ੍ਹ ਰਹੀ ਹੈ।