
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਜਾ ਰਹੇ ਫ਼ਜ਼ੂਲ ਦਾਰਿਆਈ ਪਾਣੀ ਦੇ ਵਹਾਅ ਬਾਰੇ ਹਰਿਆਣਾ ਦੇ ਅਪਣੇ ਹਮਰੁਤਬਾ ਐਮ ਐਲ
ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਨੂੰ ਜਾ ਰਹੇ ਫ਼ਜ਼ੂਲ ਦਾਰਿਆਈ ਪਾਣੀ ਦੇ ਵਹਾਅ ਬਾਰੇ ਹਰਿਆਣਾ ਦੇ ਅਪਣੇ ਹਮਰੁਤਬਾ ਐਮ ਐਲ ਖੱਟਰ ਦੀ ਚਿੰਤਾ ਨਾਲ ਅਪਣੀ ਚਿੰਤਾ ਸਾਂਝੀ ਕੀਤੀ ਹੈ ਪਰ ਉਨ੍ਹਾਂ ਨੇ ਯਮਨਾ ਦਰਿਆ ਦੇ ਫ਼ਜ਼ੂਲ ਜਾ ਰਹੇ ਪਾਣੀ ਨੂੰ ਰੋਕਣ ਲਈ ਵੀ ਇਸੇ ਤਰ੍ਹਾਂ ਦੀ ਕੋਸ਼ਿਸ਼ ਕਰਨ ਦਾ ਸੱਦਾ ਦਿੰਦੇ ਹੋਏ ਇਸ ਮਾਮਲੇ ਨੂੰ ਧਿਆਨ ਨਾਲ ਸਮਝੇ ਜਾਣ ਦਾ ਅਪੀਲ ਕੀਤੀ ਹੈ। ਪੰਜਾਬ ਤੇ ਹਰਿਆਣਾ ਵਿਚਕਾਰ ਕਿਸੇ ਵੀ ਤਰ੍ਹਾਂ ਦੀ ਵਖਰੀ ਗੱਲਬਾਤ ਜਾਂ ਪ੍ਰਸਤਾਵਤ ਦੂਜੇ ਰਾਵੀ-ਬਿਆਸ ਲਿੰਕ ਬਾਰੇ ਅਧਿਐਨ ਵਾਸਤੇ ਬੀਬੀਐਮਬੀ ਦੀਆਂ ਸੇਵਾਵਾਂ ਲੈਣ ਦੀ ਜ਼ਰੂਰਤ ਦੀ ਸੰਭਾਵਨਾ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰੱਦ ਕੀਤਾ ਹੈ ਕਿਉਂਕਿ ਇਹ ਮਾਮਲਾ ਰਾਸ਼ਟਰੀ ਪ੍ਰਾਜੈਕਟ ਨੂੰ ਲਾਗੂ ਕਰਨ ਵਾਸਤੇ ਭਾਰਤ ਸਰਕਾਰ ਵਲੋਂ ਸਥਾਪਤ ਕੀਤੀ ਉੱਚ ਤਾਕਤੀ ਕਮੇਟੀ ਦੇ ਵਿਚਾਰਅਧੀਨ ਹੈ।
Manohar khattar
ਪਾਕਿਸਤਾਨ ਨੂੰ ਜਾ ਰਹੇ ਰਾਵੀ ਦਰਿਆ ਦੇ ਵਹਾਅ ਦੀ ਵਰਤੋਂ ਸਬੰਧੀ ਖੱਟਰ ਦੇ ਅਰਧ ਸਰਕਾਰੀ ਪੱਤਰ ਨੰ 81437 (ਸੀ), ਮਿਤੀ 7-5-18 ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ, ''ਸਾਨੂੰ ਦਰਿਆਈ ਪਾਣੀਆਂ ਦੇ ਸਾਰੇ ਫ਼ਜ਼ੂਲ ਵਹਾਅ ਨੂੰ ਲਾਜ਼ਮੀ ਤੌਰ 'ਤੇ ਰੋਕਣਾ ਚਾਹੀਦਾ ਹੈ ਅਤੇ ਕਿਸਾਨਾਂ ਲਈ ਪਾਣੀ ਦੀ ਇਕ-ਇਕ ਬੂੰਦ ਸੁਰੱਖਿਅਤ ਬਣਾਉਣੀ ਚਾਹੀਦੀ ਹੈ ਪਰ ਇਸ ਦਾ ਬਹੁਤ ਧਿਆਨ ਨਾਲ ਅਨੁਮਾਨ ਲਾਇਆ ਜਾਣਾ ਚਾਹੀਦਾ ਹੈ।'' ਕੈਪਟਨ ਨੇ ਸਾਰੀਆਂ ਹੋਰਨਾਂ ਨਦਿਆਂ ਦੇ ਵੀ ਫ਼ਜ਼ੂਲ ਜਾ ਰਹੇ ਪਾਣੀ ਦੀ ਵਰਤੋਂ ਵਾਸਤੇ ਵੀ ਠੋਸ ਕੋਸ਼ਿਸ਼ਾਂ ਕੀਤੇ ਜਾਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਅਸੀਂ ਪੰਜਾਬ ਵਿਚ ਰਾਵੀ ਅਤੇ 2 ਹੋਰ ਦਰਿਆਵਾਂ ਸਤਲੁਜ ਅਤੇ ਬਿਆਸ ਦੇ ਪਾਣੀ ਨੂੰ ਕਿਸਾਨਾਂ ਵਾਸਤੇ ਸੁਰੱਖਿਅਤ ਕਰਨ ਅਤੇ ਕਿਸੇ ਵੀ ਤਰੀਕੇ ਨਾਲ ਇਸ ਨੂੰ ਫ਼ਜ਼ੂਲ ਨਾ ਜਾਣ ਦੇਣ ਬਾਰੇ ਵਿਚਾਰ ਕੀਤਾ ਹੈ।