
ਛਿੜੀਆਂ ਚਰਚਾਵਾਂ, ਕਿਤੇ ਸਿੱਧੂ ਜਾਣਬੁੱਝ ਪੰਜਾਬ ’ਚ ਚੋਣ ਪ੍ਰਚਾਰ ਨਾ ਕਰਨ ਲਈ ਤਾਂ ਨਹੀਂ ਕਰ ਰਹੇ ਸਿਆਸੀ ਡਰਾਮਾ
ਬਠਿੰਡਾ: ਪੰਜਾਬ ਵਿਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ। ਪੰਜਾਬ ਦੇ ਕੈਬਨਿਟ ਮੰਤਰੀ ਅਤੇ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਦੇ ਦਫ਼ਤਰ ਤੋਂ ਕੁਝ ਦਿਨ ਪਹਿਲਾਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੇ ਵੋਕਲ ਕੌਰਡਸ ਖ਼ਰਾਬ ਹੋਣ ਕਰਕੇ ਡਾਕਟਰਾਂ ਨੇ ਉਨ੍ਹਾਂ 4 ਦਿਨ ਆਰਾਮ ਕਰਨ ਲਈ ਕਿਹਾ ਹੈ, ਜਿਸ ਦੇ ਚਲਦੇ ਉਹ ਪੰਜਾਬ ਵਿਚ ਚੋਣ ਪ੍ਰਚਾਰ ਨਹੀਂ ਕਰ ਸਕਣਗੇ।
Punjab Congress Party
ਉੱਥੇ ਹੀ ਬੀਤੇ ਕੱਲ੍ਹ ਕਾਂਗਰਸ ਦੀ ਕੌਮੀ ਸਕੱਤਰ ਪ੍ਰਿਅੰਕਾ ਗਾਂਧੀ ਨਾਲ ਨਵਜੋਤ ਸਿੰਘ ਸਿੱਧੂ ਬਠਿੰਡਾ ਵਿਖੇ ਪਹੁੰਚੇ ਤੇ ਪ੍ਰਿਅੰਕਾ ਦੇ ਇਕ ਇਸ਼ਾਰੇ ’ਤੇ ਸਿੱਧੂ ਨੇ ਗਰਜ-ਗਰਜ ਕੇ ਲੋਕਾਂ ਨੂੰ ਸੰਬੋਧਨ ਕੀਤਾ ਤੇ ਰੱਜ ਕੇ ਬਾਦਲਾਂ ਨੂੰ ਭੰਡਿਆ। ਇੱਥੋਂ ਤੱਕ ਕਿ ਸਿੱਧੂ ਨੇ ਕਿਹਾ ਕਿ ਉਹ ਪ੍ਰਿਅੰਕਾ ਜੀ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਬਠਿੰਡਾ ਵਿਚ 17 ਮਈ ਨੂੰ ਰਾਜਾ ਵੜਿੰਗ ਦੇ ਹੱਕ ਵਿਚ 10 ਚੋਣ ਰੈਲੀਆਂ ਕਰਨਗੇ।
ਨਾਲ ਹੀ ਸਿੱਧੂ ਨੇ ਕਿਹਾ ਕਿ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਅਕਾਲੀਆਂ ਨੂੰ ਭਜਾਉਣਾ ਪਵੇਗਾ ਤੇ ਉਹ ਅਕਾਲੀਆਂ ਦਾ ਤਖ਼ਤਾ ਪਲਟਾ ਕੇ ਹੀ ਰਹਿਣਗੇ। ਇਸ ਮੌਕੇ ਲੋਕ ਵੀ ਸਿੱਧੂ ਨੂੰ ਵੇਖ ਕੇ ਹੈਰਾਨ ਹੋ ਗਏ। ਹੁਣ ਸਿੱਧੂ ਦੇ ਇਸ ਜ਼ਬਰਦਸਤ ਭਾਸ਼ਣ ਨੂੰ ਲੈ ਕੇ ਇਹ ਚਰਚਾਵਾਂ ਹੋ ਰਹੀਆਂ ਹਨ ਕਿ ਕਿਤੇ ਸਿੱਧੂ ਜਾਣਬੁੱਝ ਕੇ ਪੰਜਾਬ ਵਿਚ ਚੋਣ ਪ੍ਰਚਾਰ ਨਾ ਕਰਨ ਲਈ ਸਿਆਸੀ ਡਰਾਮਾ ਤਾਂ ਨਹੀਂ ਕਰ ਰਹੇ।
Navjot Singh Sidhu
ਦੱਸ ਦਈਏ ਕਿ ਕੱਲ੍ਹ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਦੇ ਹੱਕ ਵਿਚ ਪ੍ਰਚਾਰ ਕਰਨ ਲਈ ਬਠਿੰਡਾ ਪਹੁੰਚੇ। ਇਸ ਤੋਂ ਬਾਅਦ ਸੁਨੀਲ ਜਾਖੜ ਦੇ ਹੱਕ ਵਿਚ ਪਠਾਨਕੋਟ 'ਚ ਰੋਡ ਸ਼ੋਅ ਵੀ ਕੀਤਾ। ਦੋਵਾਂ ਥਾਈਂ ਸਿੱਧੂ ਵੀ ਉਨ੍ਹਾਂ ਨਾਲ ਮੌਜੂਦ ਰਹੇ। ਉਨ੍ਹਾਂ ਗਰਮਜੋਸ਼ੀ ਨਾਲ ਕਿਹਾ ਕਿ ਉਹ ਅਕਾਲੀਆਂ ਦਾ ਤਖ਼ਤਾ ਪਲਟਾ ਦੇਣਗੇ। ਉਨ੍ਹਾਂ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਤੇ ਇਹ ਨਾ ਕਰਨ 'ਤੇ ਸਿਆਸਤ ਛੱਡਣ ਦਾ ਪ੍ਰਣ ਵੀ ਲਿਆ।