
ਕਿਹਾ, ਲਾਸ਼ਾਂ ਗਿਣਨ ਦਾ ਕੰਮ ਗਿਰਜਾਂ ਦਾ ਹੁੰਦੈ, ਬਹਾਦਰਾਂ ਦਾ ਨਹੀਂ
ਮਿਰਜ਼ਾਪੁਰ (ਉੱਤਰ ਪ੍ਰਦੇਸ਼) : ਪੂਰਬੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਬੁਧਵਾਰ ਨੂੰ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਦੇਸ਼ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕਰਨ ਦੀ ਗੱਲ ਕਰਦੀ ਹੈ ਪਰ ਭਾਜਪਾ ਦੀ ਸਰਕਾਰ ਬਣੀ ਤਾਂ ਅਸੀਂ ਇਸ ਕਾਨੂੰਨ ਨੂੰ ਐਨਾ ਸਖ਼ਤ ਕਰ ਦੇਵਾਂਗੇ ਕਿ ਅੱਖਾਂ ਦਿਖਾਉਣ ਵਾਲਿਆਂ ਦੀ ਰੂਹ ਤਕ ਕੰਬ ਜਾਵੇਗੀ। ਉਨ੍ਹਾਂ ਕਿਹਾ, ''ਪੁਲਵਾਮਾ ਹਮਲੇ ਮਗਰੋਂ ਸਾਡੀ ਫ਼ੌਜ ਨੇ ਹਵਾਈ ਹਮਲੇ ਕਰ ਕੇ ਅਤਿਵਾਦੀਆਂ ਨੂੰ ਹਰਾਇਆ ਤਾਂ ਕਾਂਗਰਸ ਨੇ ਮਾਰੇ ਗਏ ਅਤਿਵਾਦੀਆਂ ਦੀ ਗਿਣਤੀ ਪੁੱਛ ਲਈ। ਲਾਸ਼ਾਂ ਗਿਣਨ ਦਾ ਕੰਮ ਗਿਰਜ਼ਾਂ ਦਾ ਹੁੰਦਾ ਹੈ, ਬਹਾਦਰਾਂ ਦਾ ਨਹੀਂ।''
Rajnath Singh
ਸਿੰਘ ਨੇ ਬੁਧਵਾਰ ਸਵੇਰੇ ਮਾਂ ਵਿੰਧਆਵਾਸਿਨੀ ਦੇ ਦਰਸ਼ਨ ਅਤੇ ਪੂਜਾ ਕੀਤੀ। ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਭਾਜਪਾ ਵਰਕਰਾਂ ਨਾਲ ਮਿਲਣੀ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਦੀ ਸ਼ਾਮ ਐਨਡੀਏ ਦੀ ਉਮੀਦਵਾਰ ਅਨੁਪ੍ਰਿਆ ਪਟੇਲ ਲਈ ਬੀਐਲਜੇ ਗ੍ਰਾਊਂਡ ਵਿਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ, ''ਕਾਂਗਰਸ ਦੇਸ਼ਧ੍ਰੋਹ ਦੇ ਕਾਨੂੰਨ ਨੂੰ ਖ਼ਤਮ ਕਰਨ ਦੀ ਗੱਲ ਕਹਿ ਰਹੀ ਹੈ ਪਰ ਭਾਜਪਾ ਦੀ ਸਰਕਾਰ ਬਣੀ ਤਾਂ ਅਸੀਂ ਇਸ ਕਾਨੂੰਨ ਨੂੰ ਐਨਾ ਸਖ਼ਤ ਕਰ ਦੇਵਾਂਗੇ ਕਿ ਅੱਖਾਂ ਦਿਖਾਉਣ ਵਾਲਿਆਂ ਦੀ ਰੂਹ ਕੰਬ ਜਾਵੇਗੀ।''
Rahul Gandhi
ਦੇਸ਼ ਦੇ ਅਰਥਚਾਰੇ 'ਤੇ ਗ੍ਰਹਿ ਮੰਤਰੀ ਨੇ ਕਿਹਾ, ''ਸਨ 1951 ਮਗਰੋਂ ਦੇਸ਼ ਵਿਚ ਜਿਨੀਆਂ ਵੀ ਆਮ ਚੋਣਾਂ ਹੋਈਆਂ ਹਨ ਉਨ੍ਹਾਂ ਵਿਚੋਂ ਦੋ ਚੋਣਾਂ 2019 ਅਤੇ 2004 ਨੂੰ ਛੱਡ ਕੇ ਬਾਕੀ ਸਾਰੀਆਂ ਚੋਣਾਂ ਵਿਚ ਮਹਿੰਗਾਈ ਮੁੱਖ ਮੁੱਦਾ ਹੁੰਦੀ ਸੀ।'' ਰਾਹੁਲ ਗਾਂਧੀ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ, ''ਹੁਣ ਰਾਹੁਲ ਗਾਂਧੀ ਨਿਆਏ ਦੀ ਗੱਲ ਕਰ ਰਹੇ ਹਨ ਜਦਕਿ ਨਹਿਰੂ ਤੋਂ ਲੈ ਕੇ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਤਕ ਨੇ ਗ਼ਰੀਬੀ ਹਟਾਉ ਦੇਸ਼ ਬਚਾਉ ਦਾ ਨਾਹਰਾ ਦਿਤਾ।''
Rajnath Singh
ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਲੋਕਪ੍ਰਿਅਤਾ ਤੋਂ ਘਬਰਾ ਕੇ ਐਸਪੀ-ਬੀਐਸਪੀ ਨੇ ਘੱਟ ਗਿਣਤੀਆਂ ਨੂੰ ਉਨ੍ਰਾਂ ਦਾ ਡਰ ਦਿਖਾ ਕੇ ਵੋਟਾਂ ਲੈਣ ਲਈ ਗਠਜੋੜ ਕਰ ਲਿਆ। ਪਰ ਇਹ ਗਠਜੋੜ ਬੇਅਸਰ ਸਾਬਤ ਹੋ ਰਿਹਾ ਹੈ। ਗਠਜੋੜ ਦਾ ਸੂਬੇ ਵਿਚ ਕੋਈ ਅਸਰ ਨਹੀਂ ਪੈ ਰਿਹਾ। ਇਸ ਤੋਂ ਘਬਰਾ ਕੇ ਪ੍ਰਧਾਨ ਮੰਤਰੀ ਦੀ ਜਾਤ ਪੁੱਛੀ ਜਾ ਰਹੀ ਹੈ।''